ਭਾਰਤ ਮੰਡਪਮ ਵਿਖੇ ਸਮਾਗਮ ’ਚ ਸ਼ਾਮਲ ਹੋਏ ਪ੍ਰਧਾਨ ਮੰਤਰੀ

ਭਾਰਤ ਮੰਡਪਮ ਵਿਖੇ ਸਮਾਗਮ ’ਚ ਸ਼ਾਮਲ ਹੋਏ ਪ੍ਰਧਾਨ ਮੰਤਰੀ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤੀ ਲੰਗਰ ਦੀ ਸੇਵਾ

ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੌਕੇ ਅੱਜ ਵੱਖ-ਵੱਖ ਥਾਈਂ ਸਮਾਗਮ ਕਰਵਾਏ ਗਏ। ਇਸ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂਘਰਾਂ ’ਚ ਪਹੁੰਚ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕੀਤਾ। ਇਸ ਦੌਰਾਨ ਗੁਰੂਘਰਾਂ ’ਚ ਸਾਰਾ ਦਿਨ ਗੁਰਬਾਣੀ ਕੀਰਤਨਾਂ ਦਾ ਪ੍ਰਵਾਹ ਚੱਲਿਆ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਅੱਜ ਕੇਂਦਰ ਸਰਕਾਰ ਵੱਲੋਂ ਵੀਰ ਬਾਲ ਦਿਵਸ ਵੀ ਮਨਾਇਆ ਗਿਆ। ਕੇਂਦਰੀ ਮੰਤਰੀ ਠਾਕੁਰ ਦਾ ਗੁਰਦੁਆਰਾ ਸਾਹਿਬ ਵਿਖੇ ਸਿੱਖ ਰਵਾਇਤਾਂ ਮੁਤਾਬਕ ਸਵਾਗਤ ਕੀਤਾ ਗਿਆ। ਅਨੁਰਾਗ ਠਾਕੁਰ ਨੇ ਗੁਰੂ ਦੇ ਲੰਗਰ ਵਿੱਚ ਜਾ ਕੇ ਸੇਵਾ ਵੀ ਕੀਤੀ। ਇਸੇ ਦੌਰਾਨ ਦਿੱਲੀ ਦੇ ਵੱਖ ਵੱਖ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਮੁੱਖ ਸਮਾਗਮ ਦੌਰਾਨ ਸ਼ਿਰਕਤ ਕੀਤੀ ਅਤੇ ਕਈ ਵਿਦਿਆਰਥੀਆਂ ਨੇ ਗੱਤਕੇ ਦੇ ਜੌਹਰ ਦਿਖਾਏ ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਲਾਘਾ ਕੀਤੀ।

ਇਸ ਤੋਂ ਇਲਾਵਾ ਕੇਂਦਰੀ ਗੁਰੂ ਸਿੰਘ ਸਭਾ ਵੱਲੋਂ ਧਰਮ, ਸੱਭਿਆਚਾਰ, ਕੌਮ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰੂ ਸਿੰਘ ਸਭਾ ਭੋਗਲ ਜੰਗਪੁਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਕਈ ਆਗੂ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾ: ਰਾਧਾ ਮੋਹਨ ਅਗਰਵਾਲ, ਬੈਜਯੰਤ ਜੈ ਪਾਂਡਾ, ਦਿੱਲੀ ਪ੍ਰਧਾਨ ਵਰਿੰਦਰ ਸਚਦੇਵਾ, ਜਿਲ੍ਹਾ ਪ੍ਰਧਾਨ ਧਾਮਾਤੈ ਤਰਵਿੰਦਰ ਸਿੰਘ ਹਾਜ਼ਰ ਸਨ। ਬੱਚਿਆਂ ਵੱਲੋਂ ਸਮਾਗਮ ਮੌਕੇ ਕਰਵਾਏ ਗਏ ਕੀਰਤਨ ਪ੍ਰੋਗਰਾਮ ਨੂੰ ਸੰਗਤ ਨੇ ਸਰਵਣ ਕੀਤਾ।
ਅਰੁਣ ਸਿੰਘ ਨੇ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੇ ਧਰਮ ਪਰਿਵਰਤਨ ਖਿਲਾਫ ਸ਼ਹੀਦੀ ਪਾਈ। ਵਰਿੰਦਰ ਸਚਦੇਵਾ ਨੇ ਦੱਸਿਆ ਕਿ ਇਹ ਇਤਿਹਾਸ ਸਭ ਤੋਂ ਵੱਡੀ ਕੁਰਬਾਨੀ ਸੀ ਕਿ ਦੋਵੇਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਪਰ ਉਹ ਆਪਣੇ ਧਰਮ ਅਤੇ ਵਿਸ਼ਵਾਸ ‘ਤੇ ਪੱਕੇ ਸਨ, ਉਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ।

ਫਰੀਦਾਬਾਦ (ਕੁਲਵਿੰਦਰ ਕੌਰ): ਕੇਂਦਰੀ ਊਰਜਾ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਵੀਰ ਬਾਲ ਦਿਵਸ ਮੌਕੇ ਸੈਕਟਰ-28 ਸਥਿਤ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਵਿੱਚ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਕੁਰਬਾਨੀ ਨੂੰ ਨਮਨ ਕੀਤਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਅੱਜ ਸੱਚਾ ਵੀਰ ਬਾਲ ਦਿਵਸ ਹੈ। ਇਸ ਦਿਨ ਇੱਕ ਪੂਰੇ ਪਰਿਵਾਰ ਨੇ ਇੱਕ ਹਫ਼ਤੇ ਦੇ ਅੰਦਰ ਦੇਸ਼, ਧਰਮ ਸੱਭਿਆਚਾਰ ਲਈ ਆਪਣੀ ਜਾਨ ਲੇਖੇ ਲਾ ਦਿੱਤੀ। ਗੁੱਜਰ ਨੇ ਕਿਹਾ, ‘‘ਤੁਸੀਂ ਸਾਰਿਆਂ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ‘ਤੇ ਕਵਿਤਾ ਜ਼ਰੂਰ ਪੜ੍ਹੀ ਹੋਵੇਗੀ। ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ, ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ।’’