ਭਾਰਤ-ਭੂਟਾਨ ਸਬੰਧਾਂ ਨੂੰ ਅੱਗੇ ਵਧਾਉਣ ’ਤੇ ਜ਼ੋਰ

ਭਾਰਤ-ਭੂਟਾਨ ਸਬੰਧਾਂ ਨੂੰ ਅੱਗੇ ਵਧਾਉਣ ’ਤੇ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਨਰੇਸ਼ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਾਇਲ ਵਾਂਗਚੁੱਕ ਨਾਲ ਦੋਹਾਂ ਦੇਸ਼ਾਂ ਦੇ ਕੌਮੀ ਹਿੱਤਾਂ ਨਾਲ ਸਬੰਧਤ ਮੁੱਦਿਆਂ ਸਣੇ ਦੁਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭੂਟਾਨ ਨਰੇਸ਼ ਨੇ ਆਪੋ-ਆਪਣੇ ਕੌਮੀ ਹਿੱਤਾਂ ਨਾਲ ਜੁੜੇ ਮੁੱਦਿਆਂ ਸਣੇ ਦੁਵੱਲੇ ਸਬੰਧਾਂ ਦੇ ਸਮੁੱਚੇ ਦਾਇਰੇ ’ਤੇ ਚਰਚਾ ਕੀਤੀ। ਥਿੰਪੂ ’ਤੇ ਪ੍ਰਭਾਵ ਵਧਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਸਬੰਧੀ ਨਵੀਂ ਦਿੱਲੀ ਦੀਆਂ ਕੁਝ ਚਿੰਤਾਵਾਂ ਵਿਚਾਲੇ ਭੁਟਾਨ ਦੇ ਰਾਜਾ ਨੇ ਸੋਮਵਾਰ ਨੂੰ ਭਾਰਤ ਦਾ ਆਪਣਾ ਦੋ ਰੋਜ਼ਾ ਦੌਰਾ ਸ਼ੁਰੂ ਕੀਤਾ।
ਡੋਕਲਾਮ ਵਿਵਾਦ ’ਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਦੀਆਂ ਹਾਲ ਦੀਆਂ ਕੁਝ ਟਿੱਪਣੀਆਂ ਨੂੰ ਲੋਕਾਂ ਨੇ ਗੁਆਂਢੀ ਦੇਸ਼ ਦੇ ਚੀਨ ਦੇ ਨੇੜੇ ਜਾਣ ਵਜੋਂ ਦੇਖਿਆ, ਹਾਲਾਂਕਿ ਭੂਟਾਨ ਨੇ ਕਿਹਾ ਕਿ ਸਰਹੱਦੀ ਵਿਵਾਦ ’ਤੇ ਉਸ ਦੇ ਰੁਖ਼ ’ਚ ਕੋਈ ਬਦਲਾਅ ਨਹੀਂ ਆਇਆ ਹੈ।

ਭੁਟਾਨ ਰਣਨੀਤਕ ਤੌਰ ’ਤੇ ਭਾਰਤ ਲਈ ਮਹੱਤਵਪੂਰਨ ਦੇਸ਼ ਹੈ ਅਤੇ 2017 ਵਿੱਚ ਭਾਰਤੀ ਤੇ ਚੀਨੀ ਫ਼ੌਜਾਂ ਵਿਚਾਲੇ 73 ਦਿਨਾਂ ਤੱਕ ਚੱਲੇ ਤਣਾਅ ਦੇ ਪਿਛੋਕੜ ਵਿੱਚ ਭਾਰਤ ਤੇ ਭੂਟਾਨ ਦੇ ਰਣਨੀਤਿਕ ਸਬੰਧ ਸੁਧਰੇ ਹਨ। ਅਕਤੂਬਰ 2021 ਵਿੱਚ ਭੂਟਾਨ ਤੇ ਚੀਨ ਨੇ ਆਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਤੇਜ਼ ਕਰਨ ਵਾਸਤੇ ਇਕ ਤਿੰਨ ਪੜਾਵੀ ਕਾਰਜ ਯੋਜਨਾ ਬਾਰੇ ਸਮਝੌਤਾ ਕੀਤਾ ਸੀ। ਭੂਟਾਨ ਦੀ ਚੀਨ ਨਾਲ 400 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਲੱਗਦੀ ਹੈ ਅਤੇ ਦੋਹਾਂ ਦੇਸ਼ਾਂ ਨੇ ਵਿਵਾਦ ਨੂੰ ਹੱਲ ਕਰਨ ਲਈ ਸਰਹੱਦੀ ਗੱਲਬਾਤ ਦੇ 24 ਤੋਂ ਵੱਧ ਗੇੜ ਪੂਰੇ ਕੀਤੇ ਹਨ।