ਭਾਰਤ-ਬੰਗਲਾਦੇਸ਼ ਰਿਸ਼ਤਿਆਂ ’ਤੇ ਚੀਨ ਦਾ ਪਰਛਾਵਾਂ

ਮੇਜਰ ਜਨਰਲ ਅਸ਼ੋਕ ਕੇ. ਮਹਿਤਾ (ਰਿਟਾ.)

ਬੀਤੇ ਸਾਲ ਭਾਰਤ ਤੇ ਬੰਗਲਾਦੇਸ਼ ਦਰਮਿਆਨ ਮਨਾਏ ਗਏ ਤੀਹਰੇ ਜਸ਼ਨਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਵਧੀਆ ਰਹੇ ਹਨ। ਇਨ੍ਹਾਂ ਤੀਹਰੇ ਜਸ਼ਨਾਂ ਵਿੱਚ ਸ਼ਾਮਲ ਸੀ- ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੇ 50 ਸਾਲਾ ਜਸ਼ਨ, ਭਾਰਤ-ਬੰਗਲਾਦੇਸ਼ ਰਿਸ਼ਤਿਆਂ ਦੇ 50 ਸਾਲਾ ਜਸ਼ਨ ਅਤੇ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਜਨਮ ਸਦੀ ਸਬੰਧੀ ਜਸ਼ਨ ਅਤੇ ਪਿਛਲੇ ਮਹੀਨੇ ਉੱਥੋਂ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਭਾਰਤ ਦੌਰੇ ਨਾਲ ਦੋਵਾਂ ਮੁਲਕਾਂ ਦੇ ਆਪਸੀ ਰਿਸ਼ਤਿਆਂ ਨੂੰ ਬਹੁਤ ਹੀ ਵਧੀਆ ਕਰਾਰ ਦਿੱਤਾ ਗਿਆ ਹੈ। ਭਾਰਤ ਨੇ ਇਨ੍ਹਾਂ ਰਿਸ਼ਤਿਆਂ ਨੂੰ ‘ਰੋਲ ਮਾਡਲ’ ਅਤੇ ਬੰਗਲਾਦੇਸ਼ ਨੇ ਇਨ੍ਹਾਂ ਰਿਸ਼ਤਿਆਂ ਤੇ ਭਾਰਤ ਨੂੰ ਆਪਣੀ ‘ਪੂਰਬ ਵੱਲ ਕਾਰਜ ਨੀਤੀ’ (Act East policy) ਲਈ ਲਾਂਚ ਪੈਡ ਅਤੇ ਨਾਲ ਹੀ ‘ਆਂਢ-ਗੁਆਂਢ ਪਹਿਲਾਂ’ ਵਾਲੀ ਨੀਤੀ ਲਈ ਪ੍ਰਮੁੱਖ ਦੇਸ਼ ਕਰਾਰ ਦਿੱਤਾ ਹੈ।

ਬੀਬੀ ਸ਼ੇਖ਼ ਹਸੀਨਾ ਨੇ ਹਾਲ ਹੀ ਵਿੱਚ ਕਿਹਾ: ‘‘ਮੈਂ ਦੁਹਰਾਉਂਦੀ ਹਾਂ ਕਿ ਬੰਗਲਾਦੇਸ਼ ਲਈ ਭਾਰਤ ਸਭ ਤੋਂ ਵੱਧ ਅਹਿਮ ਤੇ ਸਭ ਤੋਂ ਕਰੀਬੀ ਗੁਆਂਢੀ ਮੁਲਕ ਹੈ। ਬੰਗਲਾਦੇਸ਼ ਤੇ ਭਾਰਤ ਦੇ ਰਿਸ਼ਤੇ ਦੁਨੀਆ ਭਰ ਵਿੱਚ ਗੁਆਂਢੀ ਸਫ਼ਾਰਤਕਾਰੀ ਲਈ ਰੋਲ ਮਾਡਲ ਹਨ।’’ ਦੋਵਾਂ ਮੁਲਕਾਂ ਦੇ ਆਗੂਆਂ ਦੀਆਂ ਇੱਕ-ਦੂਜੇ ਵੱਲ ਲਗਾਤਾਰ ਹੋਣ ਵਾਲੀਆਂ ਉੱਚ ਪੱਧਰੀ ਮੀਟਿੰਗਾਂ ਬਿਲਕੁਲ ਨਿਵੇਕਲੀ ਚੀਜ਼ ਹਨ ਅਤੇ ਇਹ ਹੋਰ ਕਿਸੇ ਵੀ ਦੁਵੱਲੇ ਰਿਸ਼ਤੇ ਤੋਂ ਉੱਪਰ ਹਨ।

ਇਸ ਦੇ ਬਾਵਜੂਦ ਬੰਗਲਾਦੇਸ਼ੀ ਫ਼ੌਜ ਦੇ ਸੇਵਾ-ਮੁਕਤ ਬ੍ਰਿਗੇਡੀਅਰ ਜਨਰਲ ਕਾਜ਼ੀ ਅਬੀਦਸ ਸਮਦ ਨੇ ‘ਢਾਕਾ ਟ੍ਰਿਬਿਊਨ’ ਵਿੱਚ ਲਿਖਿਆ ਕਿ ਭਾਰਤ ਤੋਂ ਖ਼ਤਰੇ ਦੀ ਧਾਰਨਾ ਕਾਰਨ ਦੋਵਾਂ ਮੁਲਕਾਂ ਦੇ ਆਪਸੀ ਰੱਖਿਆ ਸਹਿਯੋਗ ’ਤੇ ਮਾੜਾ ਅਸਰ ਪਿਆ ਤੇ ਇਹ ਲਟਕਿਆ ਰਿਹਾ ਹੈ, ਭਾਵੇਂ ਕਿ ਜਨਰਲ ਹੁਸੈਨ ਮੁਹੰਮਦ ਇਰਸ਼ਾਦ (ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਬਣੇ) 1982 ਵਿੱਚ ਨਵੀਂ ਦਿੱਲੀ ਦੇ ਨੈਸ਼ਨਲ ਡਿਫੈਂਸ ਕਾਲਜ ਵਿੱਚ ਹਾਜ਼ਰੀ ਭਰਨ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਇਸ ਸਬੰਧੀ ਨਵੀਂ ਦਿੱਲੀ ਪ੍ਰਤੀ ਢਾਕਾ ਦੇ ਕਈ ਸ਼ਿਕਵੇ ਗਿਣਾਏ, ਜਿਵੇਂ ‘ਸਾਨੂੰ ਪਦਮਾ (ਗੰਗਾ ਤੋਂ ਨਿਕਲਣ ਵਾਲੀ ਧਾਰਾ) ਤੇ ਤੀਸਤਾ ਦਰਿਆਵਾਂ ਦੇ ਬਣਦੇ ਹਿੱਸੇ ਤੋਂ ਮਹਿਰੂਮ ਕਰਨਾ’, ਇਸ ਦੇ ਸਿੱਟੇ ਵਜੋਂ ਦਰਿਆ ਦੇ ਕੰਢਿਆਂ ਦਾ ਖੋਰਾ ਤੇ ਲੋਕਾਂ ਦਾ ਉਜਾੜਾ ਅਤੇ ਸਰਹੱਦ ’ਤੇ ਬੀਐੱਸਐੱਫ ਵੱਲੋਂ ਲੋਕਾਂ ਦੀਆਂ ਹੱਤਿਆਵਾਂ, ਇੱਕ ਵਾਰ ਜਦੋਂ ਬੀਬੀ ਹਸੀਨਾ ਭਾਰਤ ਵਿੱਚ ਸੀ ਤਾਂ ਉਨ੍ਹਾਂ ਦਾ ਮਾਣ-ਸਨਮਾਨ ਨਾ ਹੋਣਾ। ਪਰ ਹੁਣ ਅਫ਼ਸਰ ਬਾਕਾਇਦਗੀ ਨਾਲ ਇੱਕ-ਦੂਜੇ ਦੀ ਐੱਨਡੀਸੀ (ਨੈਸ਼ਨਲ ਡਿਵੈਲਪਮੈਂਟ ਕੌਂਸਲ) ਵਿੱਚ ਸ਼ਾਮਲ ਹੁੰਦੇ ਹਨ।

ਜਦੋਂ 2009 ਵਿੱਚ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 2010 ਵਿੱਚ ਹੋਏ ਬੰਗਲਾਦੇਸ਼ ਦੀ ਜੰਗ-ਏ-ਆਜ਼ਾਦੀ ਸਬੰਧੀ ਸਮਾਗਮਾਂ ਵਿੱਚ ਸ਼ਰੀਕ ਹੋਣ ਲਈ ਮੈਨੂੰ ਢਾਕਾ ਸੱਦਿਆ ਗਿਆ ਤਾਂ ਮੈਨੂੰ ‘ਮੁਕਤੀ ਜੋਧਾ’ ਵਜੋਂ ਸਨਮਾਨਿਆ ਗਿਆ ਅਤੇ ਇੱਕ ਤਰ੍ਹਾਂ ਬੰਗਲਾਦੇਸ਼ ਦੇ ਸਾਬਕਾ ਫ਼ੌਜੀ ਯੋਧਿਆਂ ਵਾਲੀ ਟੀਮ ਦਾ ਹਿੱਸਾ ਮੰਨਿਆ ਗਿਆ। ਬੰਗਲਾਦੇਸ਼ ਦਾ ਆਪਣੇ ਸਾਬਕਾ ਫ਼ੌਜੀਆਂ ਪ੍ਰਤੀ ਪਿਆਰ ਤੇ ਸਤਿਕਾਰ ਅੱਖਾਂ ਖੋਲ੍ਹਣ ਵਾਲਾ ਸੀ। ਮੈਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਵੀ ਇੱਕ ਕਾਨਫਰੰਸ ਵਿੱਚ ਸ਼ਿਰਕਤ ਕਰਨ ਢਾਕਾ ਗਿਆ ਅਤੇ ਉੱਥੇ ਸਾਡੇ ਰੱਖਿਆ ਸਲਾਹਕਾਰ ਨਾਲ ਮੇਰੀ ਮੁਲਾਕਾਤ ਹੋਈ। ਉਨ੍ਹਾਂ ਮੈਨੂੰ ਦੱਸਿਆ ਕਿ ਬੰਗਲਾਦੇਸ਼ੀ ਫ਼ੌਜ ਵੱਲੋਂ ਆਪਣੀਆਂ ਫ਼ੌਜੀ ਮਸ਼ਕਾਂ ਭਾਰਤ ਨੂੰ ਇੱਕ ਤਰ੍ਹਾਂ ‘ਲਾਲ ਧਰਤੀ ਭਾਵ ਖ਼ਤਰੇ ਵਾਲੀ ਧਰਤੀ’ ਮੰਨ ਕੇ ਕੀਤੀਆਂ ਜਾਂਦੀਆਂ ਹਨ।

ਹਾਲੇ ਥੋੜ੍ਹੀ ਦੇਰ ਪਹਿਲਾਂ ਤੱਕ ਹੀ ਨੇਪਾਲ ਵੀ ਭਾਰਤ ਨੂੰ ‘ਖ਼ਤਰੇ ਵਾਲੀ ਧਰਤੀ’ ਵਜੋਂ ਪੇਸ਼ ਕਰਦਾ ਸੀ। ਹਰੇਕ ਮੁਲਕ ਆਪੋ-ਆਪਣੇ ਲਈ ਬਾਹਰੀ ਖ਼ਤਰੇ ਵਾਲੇ ਮੁਲਕਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਵੀਅਤ ਸੰਘ ਦੇ ਟੁੱਟਣ ਤੋਂ ਥੋੜ੍ਹੀ ਹੀ ਬਾਅਦ ਬਰਤਾਨੀਆ ਦੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਐਡਵਿਨ ਬ੍ਰਮਾਲ ਨੇ ਮੈਨੂੰ ਦੱਸਿਆ ਸੀ, ‘‘ਹੁਣ ਸਾਡਾ ਕੋਈ ਦੁਸ਼ਮਣ ਨਹੀਂ ਹੈ, ਅਸੀਂ ਕਿਸੇ ਦੁਸ਼ਮਣ ਦੀ ਤਲਾਸ਼ ਵਿੱਚ ਹਾਂ।’’ ਹੁਣ ਬਰਤਾਨੀਆ ਕੋਲ ਦੋ ਫੌਰੀ ਤੇ ਕਰੀਬੀ ਵਿਰੋਧੀ ਹਨ-ਰੂਸ ਤੇ ਚੀਨ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਹਾਲ ਹੀ ਵਿੱਚ ਚੀਨ ਨੂੰ ਕੌਮਾਂਤਰੀ ਢਾਂਚੇ ਲਈ ਲੰਬੀ ਮਿਆਦ ਵਾਲਾ ਗੰਭੀਰ ਖ਼ਤਰਾ ਕਰਾਰ ਦਿੱਤਾ ਹੈ। ਵਿਰੋਧੀ ਚੁਣੌਤੀ ਵਜੋਂ ਕਿਸੇ ਮੁਲਕ ਜਾਂ ਧਿਰ ਦਾ ਕੀਤਾ ਜਾਣ ਵਾਲਾ ਵਰਗੀਕਰਨ ਉਸ ਤੋਂ ਦਰਪੇਸ਼ ਖ਼ਤਰੇ ਜਾਂ ਉਸ ਦੀ ਸਮਰੱਥਾ ’ਤੇ ਆਧਾਰਿਤ ਹੁੰਦਾ ਹੈ। ਯੂਕਰੇਨ ਜੰਗ ਸਮੇਤ ਜ਼ੋਰਦਾਰ ਸ਼ਕਤੀ ਮੁਕਾਬਲਿਆਂ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਪਹੁੰਚਾਂ ਨੂੰ ਮੁੜ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ।

ਬੰਗਲਾਦੇਸ਼ ਵਿੱਚ ਲੈਫਟੀਨੈਂਟ ਜਨਰਲ ਵਾਕਰ-ਉਜ਼-ਜ਼ਮਾਨ ਦੀ ਅਗਵਾਈ ਵਾਲੀ ਆਰਮਡ ਫੋਰਸਿਜ਼ ਡਿਵੀਜ਼ਨ ਉੱਥੋਂ ਦੀ ਫ਼ੌਜ ਦਾ ਸਭ ਤੋਂ ਅਹਿਮ ਹਿੱਸਾ ਹੈ, ਜੋ ਬਹੁਤ ਤਾਕਤਵਰ ਹੈ। ਇਹ ਹਥਿਆਰਾਂ ਦੀ ਖ਼ਰੀਦ, ਫ਼ੌਜੀ ਸਫ਼ਾਰਤਕਾਰੀ ਅਤੇ ਫ਼ੌਜ ਦੇ ਬਾਕੀ ਦੋਵੇਂ ਅੰਗਾਂ ਭਾਵ ਹਵਾਈ ਫ਼ੌਜ ਤੇ ਸਮੁੰਦਰੀ ਫ਼ੌਜ ਨਾਲ ਜ਼ਮੀਨੀ ਫ਼ੌਜ ਦੇ ਤਾਲਮੇਲ ਵਰਗੇ ਮਾਮਲੇ ਦੇਖਦੀ ਹੈ। ਭਾਰਤ ਤੇ ਬੰਗਲਾਦੇਸ਼ ਦਰਮਿਆਨ ਆਖਰੀ ਫ਼ੌਜੀ ਵਿਚਾਰ-ਵਟਾਂਦਰਾ ਇਸੇ ਸਾਲ ਰੱਖਿਆ ਸਕੱਤਰ ਅਜੇ ਕੁਮਾਰ ਅਤੇ ਲੈਫਟੀਨੈਂਟ ਜਨਰਲ ਜ਼ਮਾਨ ਦਰਮਿਆਨ ਹੋਇਆ ਸੀ।

ਭਾਰਤ ਦੀ ਸਭ ਤੋਂ ਵੱਡੀ ਚਿੰਤਾ ਚੀਨ ਅਤੇ ਇਸ ਦਾ ਪੂਰੇ ਆਂਢ-ਗੁਆਂਢ ਵਿੱਚ ਵੱਡਾ ਹੁੰਦਾ ਜਾ ਰਿਹਾ ਪਰਛਾਵਾਂ ਹੈ। ਢਾਕਾ ਦੇ ਰਵਾਇਤੀ ਤੌਰ ’ਤੇ ਚੀਨ ਨਾਲ ਖ਼ਾਸਕਰ ਰੱਖਿਆ ਦੇ ਖੇਤਰ ਵਿੱਚ ਬਹੁਤ ਹੀ ਟਿਕਾਊ ਅਤੇ ਮਜ਼ਬੂਤ ਰਿਸ਼ਤੇ ਹਨ। ਬੰਗਲਾਦੇਸ਼ ਦੇ ਕਰੀਬ 80 ਫ਼ੀਸਦੀ ਹਥਿਆਰ ਚੀਨ ਤੋਂ ਹੀ ਆਉਂਦੇ ਹਨ, ਜਿਨ੍ਹਾਂ ਵਿੱਚ ਮਿੰਗ ਵਰਗ ਦੀਆਂ ਦੋ ਪਣਡੁੱਬੀਆਂ ਵੀ ਸ਼ਾਮਲ ਹਨ। ਚੀਨ ਇਸ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ (18 ਅਰਬ ਡਾਲਰ) ਤੇ ਸਭ ਤੋਂ ਵੱਡਾ ਨਿਵੇਸ਼ਕ (26 ਅਰਬ ਡਾਲਰ) ਵੀ ਹੈ ਅਤੇ ਇਸ ਨੇ ਬੰਗਲਾਦੇਸ਼ ਨਾਲ ਪ੍ਰਾਜੈਕਟਾਂ ਵਿੱਚ 38 ਅਰਬ ਡਾਲਰ ਦਾ ਸਰਮਾਇਆ ਲਾਉਣ ਦਾ ਵਾਅਦਾ ਵੀ ਕੀਤਾ ਹੋਇਆ ਹੈ।

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੀ ਹਾਲੀਆ ਬੰਗਲਾਦੇਸ਼ ਫੇਰੀ ਦੌਰਾਨ ਤਾਇਵਾਨ ਵਾਲੇ ਘਟਨਾਚੱਕਰ ਤੋਂ ਬਾਅਦ ‘ਇੱਕ-ਚੀਨ ਨੀਤੀ’ (‘one-China’ policy) ਦੀ ਹਮਾਇਤ ਕਰਨ ਲਈ ਢਾਕਾ ਦਾ ਧੰਨਵਾਦ ਕੀਤਾ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਨ ਨੇ ਚੀਨ ਨਾਲ ਇੱਕ ਵਿਕਾਸ ਭਾਈਵਾਲ ਵਜੋਂ ਆਪਣੇ ਮੁਲਕ ਦੇ ਰਿਸ਼ਤਿਆਂ ਨੂੰ ‘ਇਤਿਹਾਸਕ ਤੇ ਇੱਟ ਵਰਗੇ ਮਜ਼ਬੂਤ’ ਕਰਾਰ ਦਿੱਤਾ। ਭਾਵੇਂ ਕਿ ਬੀਤੇ ਸਾਲ ਢਾਕਾ ਵਿੱਚ ਚੀਨੀ ਰਾਜਦੂਤ ਲੀ ਜਿਮਿੰਗ ਨੇ ਬੰਗਲਾਦੇਸ਼ ਨੂੰ ਕੁਐਡ ਸਮੂਹ ਵਿੱਚ ਸ਼ਾਮਲ ਨਾ ਹੋਣ ਲਈ ਆਖ ਕੇ ਇੱਕ ਤਰ੍ਹਾਂ ਸਫ਼ਾਰਤੀ ਪੱਖ ਤੋਂ ਭੂੰਡਾਂ ਦਾ ਖੱਖਰ ਛੇੜ ਦਿੱਤਾ ਸੀ। ਬੰਗਲਾਦੇਸ਼ ਨੇ ਚੀਨ ਨਾਲ ਭਾਈਵਾਲੀ ਵਾਲੇ ਆਪਣੇ ਪ੍ਰਾਜੈਕਟਾਂ ਨੂੰ ਘਟਾ ਤੇ ਛੋਟੇ ਕਰ ਦਿੱਤਾ ਹੈ ਜਿਸ ਤਹਿਤ ਇਸ ਨੇ ਢਾਕਾ-ਚਿਟਗਾਉਂ ਤੇਜ਼ ਰਫ਼ਤਾਰ ਰੇਲਵੇ ਲਾਈਨ ਪਾਉਣ ਦਾ ਪ੍ਰਾਜੈਕਟ ਰੱਦ ਕਰ ਦਿੱਤਾ ਹੈ, ਪਰ ਦੂਜੇ ਪਾਸੇ ਚੀਨ ਨੇ ਸਿਲਹਟ ਹਵਾਈ ਅੱਡੇ ਅਤੇ ਪਦਮਾ ਦਰਿਆ ’ਤੇ ਪੁਲ ਦੀ ਉਸਾਰੀ ਦੇ ਪ੍ਰਾਜੈਕਟ ਹਾਸਲ ਕਰ ਲਏ ਹਨ।

ਬੰਗਲਾਦੇਸ਼ ਕਿਸੇ ਸਮੇਂ ਕੰਗਾਲ ਤੇ ਬਦਹਾਲ ਮੁਲਕ ਮੰਨਿਆ ਜਾਂਦਾ ਸੀ, ਪਰ ਹੁਣ ਇਹ ਮੱਧ-ਆਮਦਨ ਵਾਲੇ ਸਮੂਹ ਵਿੱਚ ਦਾਖਲ ਹੋ ਰਿਹਾ ਹੈ। ਇਹ ਸਥੂਲ-ਆਰਥਿਕ ਬੁਨਿਆਦਾਂ ਦੀ ਬਦੌਲਤ ਹੁਣ ਬੜੀ ਮਜ਼ਬੂਤ ਸਥਿਤੀ ਵਿੱਚ ਹੈ। ਇਸ ਦੀ ਦਹਾਕੇ ਭਰ ਤੋਂ ਜਾਰੀ ਤਰੱਕੀ ਸਦਕਾ ਇਹ ਦੁਨੀਆ ਦਾ 41ਵਾਂ ਵੱਡਾ ਅਰਥਚਾਰਾ ਬਣ ਚੁੱਕਾ ਹੈ ਤੇ ਇਸ ਕੋਲ 40 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਹਨ, ਇਸ ਦੀ ਪ੍ਰਤੀ ਜੀਅ ਆਮਦਨ ਵਧ ਰਹੀ ਹੈ ਅਤੇ ਇਹ ਦੁਨੀਆ ਭਰ ਵਿੱਚ ਕੱਪੜੇ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ। ਇਸ ਨੇ ਵਿਦੇਸ਼ਾਂ ਤੋਂ ਭੇਜੀਆਂ ਜਾਣ ਵਾਲੀਆਂ ਰਕਮਾਂ ਸਬੰਧੀ ਵਧੀਆ ਨੀਤੀ, ਵਟਾਂਦਰਾ ਦਰਾਂ ਸਬੰਧੀ ਸੁਧਾਰਾਂ ਅਤੇ ਵਪਾਰ ਦੇ ਉਦਾਰੀਕਰਨ (ਭਾਰਤ ਤੋਂ ਪਹਿਲਾਂ) ਅਤੇ ਹਾਲੀਆ ਪਦਮਾ ਦਰਿਆ ਬ੍ਰਿਜ ਮਾਮਲੇ ਵਾਂਗ ਵਿਕਾਸ ਪ੍ਰਾਜੈਕਟਾਂ ਤੋਂ ਮਿਲੇ ਫ਼ਾਇਦੇ ਸਦਕਾ ਮਨੁੱਖੀ ਤਰੱਕੀ ਤੇ ਵਿਕਾਸ ਦੇ ਕਈ ਮਿਆਰਾਂ ’ਤੇ ਭਾਰਤ ਨੂੰ ਪਛਾੜ ਦਿੱਤਾ ਹੈ। ਹਾਲ ਹੀ ਵਿੱਚ ਸ੍ਰੀਲੰਕਾ ਅਤੇ ਪਾਕਿਸਤਾਨ ਵਿੱਚ ਆਏ ਮਾਲੀ ਸੰਕਟਾਂ ਵਰਗੇ ਹਾਲਾਤ ਤੋਂ ਬਚਣ ਲਈ ਇਸ ਨੇ ਕੌਮਾਂਤਰੀ ਮੁਦਰਾ ਕੋਸ਼ ਤੋਂ 4.50 ਅਰਬ ਡਾਲਰ ਦੀ ਇਮਦਾਦ ਮੰਗੀ ਹੈ। ਇਸ ਤਰ੍ਹਾਂ ਮਜ਼ਬੂਤ ਅਰਥਚਾਰੇ ਸਦਕਾ ਦੇਸ਼ ਦੇ ਸਥਾਪਤੀ ਢਾਂਚੇ ਵਿੱਚ ਹਸੀਨਾ ਦੇ ਹੱਥ ਮਜ਼ਬੂਤ ਹੋ ਰਹੇ ਹਨ।

ਦੁਵੱਲੇ ਸਬੰਧਾਂ ਨੂੰ ਹਮੇਸ਼ਾਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਭਾਈਵਾਲੀਆਂ ਨੂੰ ਵਿਸ਼ੇਸ਼ ਰਣਨੀਤਕ, ਬਹੁਤ ਹੀ ਖ਼ਾਸ ਅਤੇ ਹਾਲ ਹੀ ਵਿੱਚ ਰੂਸ ਤੇ ਚੀਨ ਦਰਮਿਆਨ ‘ਕੋਈ ਹੱਦ ਨਹੀਂ’ ਵਰਗੇ ਸ਼ਬਦਾਂ ਦੇ ਵਿਸ਼ੇਸ਼ਣਾਂ ਤੇ ਅਲੰਕਾਰਾਂ ਨਾਲ ਸਜਾਇਆ ਜਾਂਦਾ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਵਧੇਰੇ ਜ਼ਮੀਨੀ ਪੱਧਰ ਵਾਲੇ ਹਨ, ਜਿਨ੍ਹਾਂ ਤਹਿਤ ਦੋਵੇਂ ਧਿਰਾਂ ਇੱਕ-ਦੂਜੇ ਦੇ ਤੌਖਲਿਆਂ ਤੇ ਸਰੋਕਾਰਾਂ ਸਬੰਧੀ ਚੌਕਸ ਹਨ, ਭਾਵੇਂ ਹਮੇਸ਼ਾਂ ਇਸ ਸਬੰਧੀ ਸੰਵੇਦਨਸ਼ੀਲ ਨਾ ਵੀ ਹੋਣ। ਬ੍ਰਿਗੇਡੀਅਰ ਸਮਦ ਦੀ ਸ਼ਿਕਾਇਤਾਂ ਦੀ ਸੂਚੀ ਵਿੱਚ ਨਾਲ ਹੀ ਸੀਏਏ-ਐੱਨਆਰਸੀ ਨਾਲ ਸਬੰਧਤ ਮੁੱਦੇ, ਸਰਹੱਦੀ ਪ੍ਰਬੰਧਨ, ਸਾਰੇ 54 ਦਰਿਆਵਾਂ ਦੀ ਸਾਂਝੀ ਸਾਂਭ-ਸੰਭਾਲ, ਤਬਲੀਗ਼ੀ ਜਮਾਤ ਦੇ ਮੈਂਬਰਾਂ ਦੀ ਵਾਪਸੀ ਅਤੇ 10 ਲੱਖ ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਵਿੱਚ ਭਾਰਤ ਵੱਲੋਂ ਕੀਤੀ ਗਈ ਮਦਦ ਵਰਗੇ ਮਾਮਲੇ ਵੀ ਜੋੜੇ ਜਾ ਸਕਦੇ ਹਨ।

ਭਾਰਤ ਹਮੇਸ਼ਾਂ ਬੰਗਲਾਦੇਸ਼ ਨਾਲ ਕਰੀਬੀ ਸੁਰੱਖਿਆ ਸਹਿਯੋਗ ’ਤੇ ਜ਼ੋਰ ਦਿੰਦਾ ਹੈ ਅਤੇ ਹਿੰਦੂਆਂ ਤੇ ਉਨ੍ਹਾਂ ਦੇ ਮੰਦਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕਰਦਾ ਹੈ। ਇਸ ਦੇ ਨਾਲ ਹੀ ਇਹ ਉੱਥੇ ਇਸਲਾਮੀ ਇੰਤਹਾਪਸੰਦੀ ਦੇ ਮੁੜਉਭਾਰ ਤੇ ਬਾਗ਼ੀਆਂ ਦੇ ਸੁਰੱਖਿਅਤ ਟਿਕਾਣਿਆਂ ਸਬੰਧੀ ਚਿੰਤਾ ਦੇ ਇਜ਼ਹਾਰ ਦੇ ਨਾਲ ਹੀ ਦਹਿਸ਼ਤਗਰਦੀ ਦੇ ਟਾਕਰੇ ਵੱਲ ਤਵੱਜੋ ਦੇਣ ਲਈ ਆਖਦਾ ਹੈ ਅਤੇ ਆਪਸੀ ਸੰਪਰਕ, ਊਰਜਾ ਵਪਾਰ ਵਧਾਏ ਜਾਣ ਵਰਗੇ ਕਦਮ ਚੁੱਕੇ ਜਾਣ ’ਤੇ ਵੀ ਜ਼ੋਰ ਦਿੰਦਾ ਹੈ ਅਤੇ ਨਾਲ ਹੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਵੀ ਚਾਹਵਾਨ ਹੈ। ਭਾਰਤ ਵੱਲੋਂ 2017 ਤੱਕ ਮੁਲਕ ਵਿੱਚ 30 ਪ੍ਰਾਜੈਕਟਾਂ ਲਈ ਦਿੱਤੇ ਗਏ 8 ਅਰਬ ਡਾਲਰ ਵਿੱਚੋਂ ਹਾਲੇ ਤੱਕ 1.50 ਡਾਲਰ ਦੀ ਹੀ ਵਸੂਲੀ ਹੋਈ ਹੈ।

ਚੀਨ ਵੱਲੋਂ ਪੂਰਬੀ ਲੱਦਾਖ ਵਿੱਚ ਜ਼ਮੀਨ ਹਥਿਆਏ ਜਾਣ, ਡੋਕਲਾਮ ਵਿੱਚ ਘੁਸਪੈਠ ਅਤੇ ਸਿਲੀਗੁੜੀ ਕੋਰੀਡੋਰ ਵੱਲ ਸਰਕ-ਸਰਕ ਕੇ ਅੱਗੇ ਵਧਣ ਵਰਗੀਆਂ ਕਾਰਵਾਈਆਂ ਦੇ ਮੱਦੇਨਜ਼ਰ ਇਸ ਦਾ ਬੰਗਲਾਦੇਸ਼ ਵਿੱਚ ਵਧਦਾ ਹੋਇਆ ਰਸੂਖ਼ ਭਾਰਤ ਲਈ ਗੰਭੀਰ ਚਿੰਤਾ ਵਾਲੀ ਗੱਲ ਹੈ। ਚੀਨ ਵੱਲੋਂ ਪਾਕਿਸਤਾਨ ਤੇ ਬੰਗਲਾਦੇਸ਼ ਦਰਮਿਆਨ ਰਿਸ਼ਤਿਆਂ ਵਿੱਚ ਨਿੱਘ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਭਾਵੇਂ ਕਿ ਪਾਕਿਸਤਾਨ ਨੇ 1971 ਵਿੱਚ ਬੰਗਲਾਦੇਸ਼ ’ਚ ਕੀਤੇ ਜੰਗੀ ਜੁਰਮਾਂ ਲਈ ਹਾਲੇ ਤੱਕ ਮੁਆਫ਼ੀ ਨਹੀਂ ਮੰਗੀ। ਦੂਜੇ ਪਾਸੇ ਬੀਬੀ ਹਸੀਨਾ ਨੇ ਭਾਰਤ ਨਾਲ ਮਜ਼ਬੂਤ ਤੇ ਟਿਕਾਊ ਦੁਵੱਲੇ ਰਿਸ਼ਤੇ ਬਣਾਈ ਰੱਖਣ ਦਾ ਭਰੋਸਾ ਦਿੱਤਾ ਹੈ, ਜਦੋਂਕਿ ਭਾਰਤ ਨੇ ਵੀ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਤੇ ਵਸੀਲੇ ਹਸੀਨਾ ਦੇ ਹੱਕ ਵਿੱਚ ਲਾ ਦਿੱਤੇ ਹਨ। ਇਨ੍ਹਾਂ ਦੀ ਵੰਡ ਦੁਬਾਰਾ ਕੀਤੇ ਜਾਣ ਦੀ ਲੋੜ ਹੈ। ਦੋਵਾਂ ਮੁਲਕਾਂ ਦਰਮਿਆਨ ਕਰੀਬੀ ਫ਼ੌਜ-ਤੋਂ-ਫ਼ੌਜ ਆਧਾਰਿਤ ਰਿਸ਼ਤਿਆਂ ਦੀ ਬਹੁਤ ਜ਼ਿਆਦਾ ਲੋੜ ਹੈ, ਤਾਂ ਕਿ ਭਾਰਤ ਨੂੰ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਵਿੱਚ ਫਸਣ ਤੋਂ ਬਚਾਇਆ ਜਾ ਸਕੇ।

(ਲੇਖਕ ਫ਼ੌਜੀ ਮਾਮਲਿਆਂ ਦਾ ਮਾਹਿਰ ਹੈ।)