ਭਾਰਤ ਨੇ ਇੱਕ ਰੋਜ਼ਾ ਮੈਚਾਂ ਦੀ ਲੜੀ ’ਤੇ ਕੀਤਾ ਕਬਜ਼ਾ

ਭਾਰਤ ਨੇ ਇੱਕ ਰੋਜ਼ਾ ਮੈਚਾਂ ਦੀ ਲੜੀ ’ਤੇ ਕੀਤਾ ਕਬਜ਼ਾ

ਆਸਟਰੇਲੀਆ ਨੂੰ ਦੂਸਰੇ ਮੈਚ ਵਿੱਚ 99 ਦੌੜਾਂ ਨਾਲ ਹਰਾਇਆ
ਇੰਦੌਰ- ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਮੀਂਹ ਤੋਂ ਪ੍ਰਭਾਵਿਤ ਦੂਸਰੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਡਕਵਰਥ ਲੁਇਸ ਪ੍ਰਣਾਲੀ ਤਹਿਤ 99 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤ ਨੇ ਪੰਜ ਵਿਕਟਾਂ ’ਤੇ 399 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ ਨੇ ਜਦੋਂ ਨੌਂ ਓਵਰਾਂ ਵਿੱਚ ਦੋ ਵਿਕਟਾਂ ’ਤੇ 56 ਦੌੜਾਂ ਬਣਾਈਆ ਤਾਂ ਮੀਂਹ ਆ ਗਿਆ। ਮੀਂਹ ਰੁਕਣ ਮਗਰੋਂ ਆਸਟਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਬਣਾਉਣ ਦਾ ਸੋਧਿਆ ਹੋਇਆ ਟੀਚਾ ਦਿੱਤਾ ਗਿਆ ਪਰ ਮਹਿਮਾਨ ਟੀਮ 28.2 ਓਵਰਾਂ ਵਿੱਚ 217 ਦੌੜਾਂ ਹੀ ਬਣਾ ਸਕੀ। ਲੜੀ ਦਾ ਤੀਜਾ ਤੇ ਆਖ਼ਰੀ ਮੈਚ 27 ਸਤੰਬਰ ਨੂੰ ਰਾਜਕੋਟ ’ਚ ਖੇਡਿਆ ਜਾਵੇਗਾ। ਆਸਟਰੇਲੀਆ ਵੱਲੋਂ ਡੇਵਿਡ ਵਾਰਨਰ (53) ਅਤੇ ਸੀਨ ਐਬਟ (54) ਨੇ ਅਰਧ ਸੈਂਕੜੇ ਜੜੇ। ਭਾਰਤੀ ਗੇਂਦਬਾਜ਼ਾਂ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਤਿੰਨ-ਤਿੰਨ, ਜਦੋਂਕਿ ਪ੍ਰਸਿੱਧ ਕ੍ਰਿਸ਼ਨਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਨੂੰ ਇੱਕ ਵਿਕਟ ਮਿਲੀ।
ਸ਼ੁਭਮਨ ਗਿੱਲ ਨੇ ਚਾਰ ਛੱਕਿਆਂ ਤੇ ਛੇ ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ, ਜਦਕਿ ਸ਼੍ਰੇਅਸ ਅਈਅਰ ਨੇ 105 ਦੌੜਾਂ ਦੀ ਪਾਰੀ ਖੇਡੀ। ਉਸ ਨੇ 11 ਚੌਕੇ ਤੇ ਤਿੰਨ ਛੱਕੇ ਜੜੇ। ਇਨ੍ਹਾਂ ਦੋਵਾਂ ਨੇ ਦੂਸਰੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਕੀਤੀ ਜੋ ਆਸਟਰੇਲੀਆ ਖ਼ਿਲਾਫ਼ ਭਾਰਤ ਵੱਲੋਂ ਇੱਕ ਰੋਜ਼ਾ ਵਿੱਚ ਕਿਸੇ ਵਿਕਟ ਲਈ ਚੌਥੀ ਸਭ ਤੋਂ ਵੱਡੀ ਭਾੲਵਾਲੀ ਹੈ। ਭਾਰਤ ਦਾ ਇਹ ਆਸਟਰੇਲੀਆ ਖ਼ਿਲਾਫ਼ ਸਭ ਤੋਂ ਵੱਡਾ ਸਕੋਰ ਵੀ ਹੈ। ਇਸ ਤੋਂ ਪਹਿਲਾਂ ਉਸ ਨੇ 2013 ਵਿੱਚ ਬੰਗਲੂਰੂ ਵਿੱਚ ਛੇ ਵਿਕਟਾਂ ’ਤੇ 383 ਦੌੜਾਂ ਬਣਾਈਆਂ ਸਨ। ਕਪਤਾਨ ਕੇਐੱਲ ਰਾਹੁਲ ਨੇ 52 ਤੇ ਸੂਰਿਆ ਕੁਮਾਰ ਯਾਦਵ ਨੇ ਨਾਬਾਦ 72 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਕੈਮਰੌਨ ਗ੍ਰੀਨ ਨੇ ਦੋ ਵਿਕਟਾਂ ਲਈਆਂ। ਹਾਲਾਂਕਿ ਉਸ ਨੂੰ ਇਨ੍ਹਾਂ ਸਫਲਤਾਵਾਂ ਲਈ 103 ਦੌੜਾਂ ਦੇਣੀਆਂ ਪਈਆਂ।