ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ- ਭਾਰਤ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ ਅੱਜ ਆਪਣੇ ਦੂਜੇ ਲੀਗ ਮੁਕਾਬਲੇ ਵਿਚ ਅਫ਼ਗ਼ਾਨਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਅਫ਼ਗ਼ਾਨਿਸਤਾਨ ਵੱਲੋਂ ਜਿੱਤ ਲਈ ਮਿਲੇ 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ ਨੇ 84 ਗੇਂਦਾਂ ’ਤੇ 131 ਦੌੜਾਂ ਦੀ ਤੇਜ਼ ਤੱਰਾਰ ਪਾਰੀ ਖੇਡੀ ਤੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ। ਹੋਰਨਾਂ ਬੱਲੇਬਾਜ਼ਾਂ ਵਿਚ ਇਸ਼ਾਨ ਕਿਸ਼ਨ ਨੇ 47, ਵਿਰਾਟ ਕੋਹਲੀ ਨੇ ਨਾਬਾਦ 55 ਦੌੜਾਂ ਤੇ ਸ਼੍ਰੇਅਸ ਅੱਈਅਰ ਨੇ ਨਾਬਾਦ 25 ਦੌੜਾਂ ਬਣਾਈਆਂ। ਰੋਹਿਤ ਤੇ ਇਸ਼ਾਨ ਨੇ ਪਹਿਲੀ ਵਿਕਟ ਲਈ 156 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤ ਨੇ ਜੇਤੂ ਟੀਚਾ 35 ਓਵਰਾਂ ਵਿੱਚ ਪੂਰਾ ਕਰ ਲਿਆ। ਭਾਰਤ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਪੁਆਇੰਟਸ ਟੇਬਲ ਵਿਚ ਨਿਊਜ਼ੀਲੈਂਡ ਮਗਰੋਂ ਦੂਜੇ ਸਥਾਨ ’ਤੇ ਪੁੱਜ ਗਿਆ ਹੈ। ਭਾਰਤ ਸ਼ਨਿੱਚਰਵਾਰ ਨੂੰ ਆਪਣਾ ਅਗਲਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਅਹਿਮਦਾਬਾਦ ਵਿਚ ਖੇਡੇਗਾ।

ਇਸ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫ਼ਗਾਨ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 272 ਦੌੜਾਂ ਬਣਾਈਆਂ।

ਟੀਮ ਲਈ ਕਪਤਾਨ ਹਸ਼ਮਤਉੱਲ੍ਹਾ ਸ਼ਾਹਿਦੀ (80) ਤੇ ਅਜ਼ਮਤਉੱਲ੍ਹਾ ਓਮਰਜ਼ਈ (62) ਨੇ ਨੀਮ ਸੈਂਕੜੇ ਜੜੇ, ਪਰ ਟੀਮ 35 ਤੋਂ 45ਵੇਂ ਓਵਰ ਦਰਮਿਆਨ ਵਿਕਟਾਂ ਗੁਆਉਣ ਦੇ ਬਾਵਜੂਦ ਭਾਰਤ ਖਿਲਾਫ਼ ਚੰਗਾ ਸਕੋਰ ਖੜ੍ਹਾ ਕਰਨ ਵਿਚ ਸਫ਼ਲ ਰਹੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 39 ਦੌੜਾਂ ਬਦਲੇ ਚਾਰ ਵਿਕਟ ਲਏ। ਹਾਰਦਿਕ ਪੰਡਿਆ ਨੇ ਦੋ ਜਦੋਂਕਿ ਕੁਲਦੀਪ ਯਾਦਵ ਤੇ ਸ਼ਰਦੁਲ ਠਾਕੁਰ ਦੇ ਹਿੱਸੇ ਇਕ ਇਕ ਵਿਕਟ ਆਈ।