ਭਾਰਤ ਨੇ ਅਤਿਵਾਦ ਬਾਰੇ ਕੁੱਲ ਆਲਮ ਦੀ ਮਾਨਸਿਕਤਾ ਬਦਲੀ: ਰਾਜਨਾਥ

ਭਾਰਤ ਨੇ ਅਤਿਵਾਦ ਬਾਰੇ ਕੁੱਲ ਆਲਮ ਦੀ ਮਾਨਸਿਕਤਾ ਬਦਲੀ: ਰਾਜਨਾਥ

‘ਸਥਾਈ ਸ਼ਾਂਤੀ’ ਮਗਰੋਂ ਜੰਮੂ ਕਸ਼ਮੀਰ ’ਚੋਂ ਵੀ ‘ਅਫਸਪਾ’ ਹਟਾਉਣ ਦਾ ਦਾਅਵਾ
ਜੰਮੂ-
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਫ਼ੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ (ਅਫਸਪਾ) ਉੱਤਰ-ਪੂਰਬ ਦੇ ਇਕ ਵੱਡੇ ਹਿੱਸੇ ’ਚੋਂ ਹਟਾ ਲਿਆ ਗਿਆ ਹੈ ਤੇ ਉਹ ਜੰਮੂ-ਕਸ਼ਮੀਰ ਵਿੱਚ ‘ਸਥਾਈ ਸ਼ਾਂਤੀ’ ਦੀ ਉਡੀਕ ਕਰ ਰਹੇ ਹਨ ਤਾਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚੋਂ ਵੀ ਇਸ ਐਕਟ ਨੂੰ ਹਟਾਇਆ ਜਾ ਸਕੇ। ਇਥੇ ਕੌਮੀ ਸੁਰੱਖਿਆ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਅਤਿਵਾਦ ਬਾਰੇ ਅਮਰੀਕਾ ਸਣੇ ਕੁੱਲ ਆਲਮ ਦੀ ਮਾਨਸਿਕਤਾ ਨੂੰ ਬਦਲਿਆ ਹੈ।

ਸਿੰਘ ਨੇ ਕਿਹਾ, ‘‘ਅੱਜ ਉੱਤਰ-ਪੂਰਬ ਦੇ ਇਕ ਵੱਡੇ ਹਿੱਸੇ ਵਿਚੋਂ ਅਫਸਪਾ ਹਟਾਇਆ ਜਾ ਚੁੱਕਾ ਹੈ। ਮੈਨੂੰ ਉਸ ਦਿਨ ਦੀ ਉਡੀਕ ਹੈ ਜਦੋਂ ਜੰਮੂ-ਕਸ਼ਮੀਰ ਵਿੱਚ ਸਥਾਈ ਅਮਨ ਹੋਵੇ ਤੇ ਅਫਸਪਾ ਨੂੰ ਉਥੋਂ ਵੀ ਹਟਾਇਆ ਜਾਵੇ।’’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੇ ਲੰਮਾ ਸਮਾਂ ਅਤਿਵਾਦ ਦਾ ਸੰਤਾਪ ਹੰਢਾਇਆ ਹੈ ਤੇ ਇਥੋਂ ਦੇ ਲੋਕਾਂ ਨੂੰ ਪਤਾ ਹੈ ਕਿ ਅਤਿਵਾਦ ਦਾ ਜ਼ਹਿਰ ਕਿਵੇਂ ਸਮਾਜ ਨੂੰ ਖੋਖਲਾ ਕਰਦਾ ਹੈ। ਜੰਮੂ ਕਸ਼ਮੀਰ ਵਿੱਚ ਦਹਾਕਿਆਂ ਤੋਂ ਅਤਿਵਾਦ ਦਾ ਪੂਰਾ ਨੈੱਟਵਰਕ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਇਸ ਨੈੱਟਵਰਕ ਨੂੰ ਵੱਡੇ ਪੱਧਰ ’ਤੇ ਕਮਜ਼ੋਰ ਕਰਕੇ ਸਖ਼ਤ ਕਾਰਵਾਈ ਕੀਤੀ ਗਈ ਹੈ। ਅਸੀਂ ਅਤਿਵਾਦ ਲਈ ਹੁੰਦੀ ਫੰਡਿੰਗ ਰੋਕੀ ਹੈ, ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਨਾਲ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ ਹੈ। ਦਹਿਸ਼ਤਗਰਦਾਂ ਲਈ ਲੁਕਵੇਂ ਰੂਪ ਵਿੱਚ ਕੰਮ ਕਰਦੇ ਵਰਕਰਾਂ ਦੇੇ ਤਾਣੇ-ਬਾਣੇ ਨੂੰ ਤੋੜਨ ਦਾ ਕੰਮ ਵੀ ਜਾਰੀ ਹੈ।’’ ਸਿੰਘ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜਿਹੜੇ ਮੁਲਕ ਅਤਿਵਾਦ ਨੂੰ ਆਪਣੀ ਰਾਜਕੀ ਨੀਤੀ ਵਜੋਂ ਵਰਤੋਂ ਕਰ ਰਹੇ ਹਨ, ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਇਹ ਚਾਲਾਂ ਬਹੁਤਾ ਚਿਰ ਨਹੀਂ ਚੱਲਣਗੀਆਂ। ਸਿੰਘ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਸਾਡਾ ਸੀ ਤੇ ਸਾਡਾ ਹੀ ਰਹੇਗਾ। ਉਨ੍ਹਾਂ ਪੂਰਬੀ ਲੱਦਾਖ ਵਿੱਚ ਚੀਨ ਨਾਲ ਬਣੇ ਜਮੂਦ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ ਤੇ ਆਪਣੇ ਸਵੈ-ਮਾਣ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਥਾਪਿਤ ਕਾਰਜਪ੍ਰਣਾਲੀ ਤਹਿਤ ਹੀ ਅਮਰੀਕਾ ਤੋਂ ਐੱਮਕਿਊ-9ਬੀ ਡਰੋਨ ਖਰੀਦੇਗਾ ਤੇ ਡਰੋਨ ਨਿਰਮਾਤਾ ਜਨਰਲ ਐਟੋਮਿਕਸ ਵੱਲੋਂ ਪੇਸ਼ਕਸ਼ ਕੀਤੀ ‘ਬੈਸਟ ਪ੍ਰਾਈਸ’ ਦੀ ਹੋਰਨਾਂ ਮੁਲਕਾਂ ਨਾਲ ਤੁਲਨਾ ਕੀਤੀ ਜਾਵੇਗੀ।