ਭਾਰਤ ਨੂੰ 2047 ਤੱਕ ਵਿਕਸਤ ਤੇ ਆਤਮਨਿਰਭਰ ਬਣਾਉਣ ਦਾ ਅਹਿਦ ਲੈਣ ਦੇਸ਼ ਵਾਸੀ: ਮੁਰਮੂ

ਹੁਬਲੀ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 2047 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਵਿਕਸਤ ਤੇ ‘ਆਤਮਨਿਰਭਰ’ ਬਣਾਉਣ ਦਾ ਅਹਿਦ ਕਰਨ। ਜ਼ਿਕਰਯੋਗ ਹੈ ਕਿ 2047 ਵਿਚ ਭਾਰਤ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ। ਰਾਸ਼ਟਰਪਤੀ ਅੱਜ ਹੁਬਲੀ-ਧਾਰਵਾੜ ਨਗਰ ਨਿਗਮ ਦੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਇਸ ਖੇਤਰ ਦੀਆਂ ਅਧਿਆਤਮ, ਸਾਹਿਤ, ਸੰਗੀਤ, ਕਲਾ ਤੇ ਸਿੱਖਿਆ ਨਾਲ ਜੁੜੀਆਂ ਹਸਤੀਆਂ ਨੂੰ ਵੀ ਯਾਦ ਕੀਤਾ। ਮੁਰਮੂ ਨੇ ਕਿਹਾ ਕਿ ਦੇਸ਼ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ। ਉਨ੍ਹਾਂ ਇਸ ਮੌਕੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ ਨੂੰ ਵੀ ਯਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਾਸਵਰਾਜ ਬੋਮਈ, ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਹਾਜ਼ਰ ਸਨ।