ਭਾਰਤ ਨਾਲ ਵਿਦੇਸ਼ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਇਜ਼ਰਾਈਲ: ਕੋਹੇਨ

ਭਾਰਤ ਨਾਲ ਵਿਦੇਸ਼ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ ਇਜ਼ਰਾਈਲ: ਕੋਹੇਨ

ਯੇਰੂਸ਼ਲਮ- ਭਾਰਤ ਦੀ ਤਿੰਨ ਰੋਜ਼ਾ ਯਾਤਰਾ ’ਤੇ ਆਏ ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਅੱਜ ਕਿਹਾ ਕਿ ਉਹ ਭਾਰਤ ਨਾਲ ਵਿਦੇਸ਼ ਵਪਾਰ ਸਮਝੌਤਾ (ਐੱਫਟੀਏ) ਸਿਰੇ ਚਾੜ੍ਹਨਾ ਚਾਹੁੰਦੇ ਹਨ ਕਿਉਂਕਿ ਦੋਵਾਂ ਮੁਲਕਾਂ ਵਿਚਾਲੇ ਕਾਰੋਬਾਰ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਸ ਸਮਝੌਤੇ ਨਾਲ ਦੁਵੱਲੇ ਵਿੱਤੀ ਸਮਝੌਤੇ ਹੋਰ ਮਜ਼ਬੂਤ ਹੋਣਗੇ। ਹਾਲਾਂਕਿ ਇਜ਼ਰਾਈਲ ’ਚ ਬਣੇ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਭਾਰਤ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਹੀ ਆਪਣੀ ਯਾਤਰਾ ਦੀ ਮਿਆਦ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਕੋਹੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਇਨ੍ਹਾਂ ਮੀਟਿੰਗਾਂ ਦੇ ਹਾਲਾਂਕਿ ਵੇਰਵੇ ਨਹੀਂ ਮਿਲ ਸਕੇ। ਉਨ੍ਹਾਂ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਇੱਕ ਦੁਵੱਲਾ ਸਮਝੌਤਾ ਵੀ ਕੀਤਾ ਜਿਸ ਤਹਿਤ 42 ਹਜ਼ਾਰ ਭਾਰਤੀ ਕਾਮਿਆਂ ਨੂੰ ਇਜ਼ਰਾਈਲ ਵਿੱਚ ਕੰਮ ਕਰਨ ਦੀ ਇਜਾਜ਼ਤ ਮਿਲੇਗੀ।

ਜ਼ਿਕਰਯੋਗ ਹੈ ਕਿ ਭਾਰਤ ਤੇ ਇਜ਼ਾਈਲ ਵਿਚਾਲੇ 1992 ਵਿੱਚ ਦੁਵੱਲਾ ਕਾਰੋਬਾਰ ਦੋ ਅਰਬ ਡਾਲਰ ਦਾ ਸੀ ਜੋ ਕਿ ਸਾਲ 2021-22 ਵਿੱਚ 7.86 ਅਰਬ ਡਾਲਰ ਹੋ ਗਿਆ ਅਤੇ ਅਪਰੈਲ ਤੋਂ ਦਸੰਬਰ 2022 ਤੱਕ ਇਹ ਕਾਰੋਬਾਰ 8.09 ਅਰਬ ਡਾਲਰ ਤੱਕ ਪਹੁੰਚ ਗਿਆ।

ਅੱਜ ਭਾਰਤ ਦੀ ਯਾਤਰਾ ’ਤੇ ਪਹੁੰਚੇ ਕੋਹੇਨ ਨੇ ਕਿਹਾ, ‘ਸਾਡੇ ਦੇਸ਼ਾਂ ਦਰਮਿਆਨ ਕਾਰੋਬਾਰ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸਾਡੀ ਐਫਟੀਏ ਨੂੰ ਆਖਰੀ ਰੂਪ ਦੇਣ ਦੀ ਪੂਰੀ ਇੱਛਾ ਹੈ ਜਿਸ ਨਾਲ ਸਾਡੇ ਵਿੱਤੀ ਸਮਝੌਤੇ ਹੋਰ ਮਜ਼ਬੂਤ ਹੋਣ ਦੀ ਆਸ ਹੈ। ਮੇਰਾ ਮੰਨਣਾ ਹੈ ਕਿ ਐੱਫਟੀਏ ਦਾ ਦਾਇਰਾ ਵਪਾਰ ਦੀ ਗਿਣਤੀ ਤੋਂ ਕਿਤੇ ਵੱਡਾ ਹੈ ਤੇ ਸਾਨੂੰ ਦੁਵੱਲੇ ਸਬੰਧਾਂ ਨੂੰ ਧਿਆਨ ’ਚ ਰੱਖ ਕੇ ਇਸ ’ਤੇ ਚਰਚਾ ਕਰਨੀ ਚਾਹੀਦੀ ਹੈ।’

ਖਾੜੀ ਮੁਲਕਾਂ ਵੱਲੋਂ ਇਜ਼ਰਾਈਲ ਏਅਰਲਾਈਨਜ਼ ਲਈ ਆਪਣਾ ਹਵਾਈ ਲਾਂਘਾ ਖੋਲ੍ਹਣ ਦੀ ਸਹਿਮਤੀ ਦੇਣ ਨਾਲ ਦੋਵਾਂ (ਭਾਰਤ ਤੇ ਇਜ਼ਰਾਈਲ) ਮੁਲਕਾਂ ਵਿਚਾਲੇ ਹਵਾਈ ਆਵਾਜਾਈ ਨੂੰ ਉਤਸ਼ਾਹ ਮਿਲਣ ਨੂੰ ਕੋਹੇਨ ਨੇ ਇੱਕ ਵੱਡੀ ਪ੍ਰਾਪਤੀ ਦਸਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਖੇਤਰ ’ਚ ਭਾਰਤ ਦਾ ਮਹੱਤਵ ਵਧੇਗਾ। ਉਨ੍ਹਾਂ ਕਿਹਾ, ‘ਹਾਲਾਂਕਿ ਕਰੋਨਾ ਮਹਾਮਾਰੀ ਕਾਰਨ ਆਰਜ਼ੀ ਤੌਰ ’ਤੇ ਸਿੱਧੀਆਂ ਉਡਾਣਾਂ ਦੀ ਗਿਣਤੀ ਘੱਟ ਕਰ ਦਿੱਤੀ ਪਰ ਹੁਣ ਅਸੀਂ ਉਡਾਣਾਂ ਤੇ ਮੰਜ਼ਿਲਾਂ ਦੀ ਗਿਣਤੀ ਵਧਾਉਣ ਬਾਰੇ ਚਰਚਾ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ ਦੋਵਾਂ ਮੁਲਕਾਂ ਵਿਚਾਲੇ ਸੰਪਰਕ ਵਧੇਗਾ ਅਤੇ ਸੈਲਾਨੀਆਂ, ਕਾਰੋਬਾਰੀਆਂ ਤੇ ਵਿਦਿਆਰਥੀਆਂ ਨੂੰ ਸੌਖ ਹੋਵੇਗੀ। ਇਸ ਨਾਲ ਭਾਰਤ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਖਾੜੀ ਮੁਲਕਾਂ ’ਚ ਰਹਿੰਦੇ ਪਰਵਾਸੀ ਭਾਰਤੀ ਹੁਣ ਸਿੱਧਾ ਯੂਏਈ ਤੋਂ ਇਜ਼ਰਾਈਲ ਜਾਂ ਇਜ਼ਰਾਈਲ ਤੋਂ ਬਹਿਰੀਨ ਲਈ ਉਡਾਣ ਭਰ ਸਕਦੇ ਹਨ।’

ਇਸੇ ਦੌਰਾਨ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਵਿਦੇਸ਼ ਮੰਤਰੀ ਐਲੀ ਕੋਹੇਨ ਕੁਝ ਦੇਰ ਬਾਅਦ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਪਹੁੰਚੇ ਅਤੇ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਜਾਣਕਾਰੀ ਮਿਲੀ। ਇਜ਼ਰਾਈਲ ’ਚ ਵਾਪਰੀਆਂ ਘਟਨਾਵਾਂ ਨੂੰ ਦੇਖਦਿਆਂ ਵਿਦੇਸ਼ ਮੰਤਰੀ ਕੋਹੇਨ ਨੇ ਭਾਰਤ ਦੀ ਆਪਣੀ ਯਾਤਰਾ ਦੀ ਮਿਆਦ ’ਚ ਕਟੌਤੀ ਕੀਤੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਮੁਲਾਕਾਤ ਮਗਰੋਂ ਇਜ਼ਰਾਈਲ ਮੁੜਨਗੇ।’

ਇਸੇ ਦੌਰਾਨ ਇਜ਼ਰਾਈਲ ਦੇ ਵਿਦੇਸ਼ ਮੰਤਰੀ ਕੋਹੇਨ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਮੁਲਾਕਾਤ ਕਰਕੇ ਇੱਕ ਸਮਝੌਤਾ ਸਹੀਬੱਧ ਕੀਤਾ। ਇਸ ਦੌਰਾਨ ਦੋਵਾਂ ਆਗੂਆਂ ਨੇ ਖੇਤੀਬਾੜੀ, ਪਾਣੀਆਂ, ਰੱਖਿਆ ਤੇ ਸੁਰੱਖਿਆ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮਿਆਂਮਾਰ ਬਾਰੇ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਵਿਦੇਸ਼ ਦੂਤ ਨੌਇਲੀਨ ਹੇਜ਼ਰ ਨਾਲ ਵੀ ਮੁਲਾਕਾਤ ਕਰਕੇ ਮਿਆਂਮਾਰ ’ਚ ਬਣੇ ਹਾਲਾਤ ਬਾਰੇ ਚਰਚਾ ਕੀਤੀ।