ਭਾਰਤ ਨਾਲ ਮਨੁੱਖੀ ਹੱਕਾਂ ਬਾਰੇ ਫ਼ਿਕਰਾਂ ਨੂੰ ਸਾਂਝੇ ਕਰਦੇ ਰਹਾਂਗੇ: ਅਮਰੀਕਾ

ਭਾਰਤ ਨਾਲ ਮਨੁੱਖੀ ਹੱਕਾਂ ਬਾਰੇ ਫ਼ਿਕਰਾਂ ਨੂੰ ਸਾਂਝੇ ਕਰਦੇ ਰਹਾਂਗੇ: ਅਮਰੀਕਾ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਅੱਜ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਮਨੁੱਖੀ ਹੱਕਾਂ ਦਾ ਮੁੱਦਾ ਪਹਿਲਾਂ ਵੀ ਉਠਾਉਂਦਾ ਰਿਹਾ ਹੈ ਤੇ ਭਵਿੱਖ ਵਿਚ ਅਜਿਹਾ ਕਰਦਾ ਰਹੇਗਾ। ਸੀਨੀਅਰ ਅਮਰੀਕੀ ਅਧਿਕਾਰੀ ਦੀ ਇਹ ਟਿੱਪਣੀ ਰਾਸ਼ਟਰਪਤੀ ਜੋਅ ਬਾਇਡਨ ਦੇ ਅਗਲੇ ਮਹੀਨੇ ਨਵੀਂ ਦਿੱਲੀ ਦੌਰੇ ਤੋਂ ਪਹਿਲਾਂ ਆਈ ਹੈ। ਉਹ ਭਾਰਤ ਵਿਚ ਜੀ20 ਸੰਮੇਲਨ ਵਿਚ ਹਿੱਸਾ ਲੈਣਗੇ। ਮਿਲਰ ਨੇ ਮੀਡੀਆ ਨੂੰ ਦੱਸਿਆ, ‘ਅਸੀਂ ਰਾਬਤਾ ਰੱਖਣ ਵਾਲੇ ਸਾਰੇ ਮੁਲਕਾਂ ਨਾਲ ਨਿਯਮਿਤ ਰੂਪ ’ਚ ਮਨੁੱਖੀ ਹੱਕਾਂ ਬਾਰੇ ਆਪਣੇ ਫ਼ਿਕਰ ਸਾਂਝੇ ਕਰਦੇ ਰਹਿੰਦੇ ਹਾਂ, ਅਸੀਂ ਭਾਰਤ ਕੋਲ ਪਹਿਲਾਂ ਵੀ ਅਜਿਹੇ ਮੁੱਦੇ ਉਠਾਏ ਹਨ, ਤੇ ਭਵਿੱਖ ਵਿਚ ਉਠਾਉਂਦੇ ਰਹਾਂਗੇ।’ ਮੀਡੀਆ ਨੇ ਮਿਲਰ ਨੂੰ ਸਵਾਲ ਪੁੱਛਿਆ ਸੀ ਕਿ ਕੀ ਰਾਸ਼ਟਰਪਤੀ ਬਾਇਡਨ ਸਤੰਬਰ ਵਿਚ ਆਪਣੇ ਅਗਾਮੀ ਨਵੀਂ ਦਿੱਲੀ ਦੌਰੇ ਦੌਰਾਨ ਭਾਰਤ ’ਚ ਕਥਿਤ ਈਸਾਈਆਂ ਦੇ ਦਮਨ ਦਾ ਮੁੱਦਾ ਚੁੱਕਣਗੇ। ਮਿਲਰ ਨੇ ਕਿਹਾ, ‘ਅਸੀਂ ਬਿਲਕੁਲ ਸਪੱਸ਼ਟ ਕੀਤਾ ਹੈ ਕਿ ਅਸੀਂ ਈਸਾਈਆਂ ’ਤੇ ਅਤਿਆਚਾਰ ਦਾ ਵਿਰੋਧ ਕਰਦੇ ਹਾਂ, ਬਲਕਿ ਅਸੀਂ ਕਿਸੇ ਵੀ ਧਰਮ ’ਤੇ ਜ਼ੁਲਮ ਕਰਨ ਦੇ ਖ਼ਿਲਾਫ਼ ਹਾਂ, ਇਹ ਫ਼ਰਕ ਨਹੀਂ ਪੈਂਦਾ ਕਿ ਅਜਿਹਾ ਦੁਨੀਆ ਵਿਚ ਕਿੱਥੇ ਹੋ ਰਿਹਾ ਹੈ।’ ਦੱਸਣਯੋਗ ਹੈ ਕਿ ਭਾਰਤ ਅਜਿਹੇ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕਾ ਹੈ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ‘ਗਲਤ ਜਾਣਕਾਰੀਆਂ ਤੇ ਖੋਖ਼ਲੀ ਸਮਝ’ ਦਾ ਨਤੀਜਾ ਦੱਸਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮਈ ਵਿਚ ਕਿਹਾ ਸੀ ਕਿ, ‘ਕੁਝ ਅਮਰੀਕੀ ਅਧਿਕਾਰੀਆਂ ਦੀ ਪੱਖਪਾਤੀ ਬਿਆਨਬਾਜ਼ੀ ਅਜਿਹੀਆਂ ਗਲਤ ਰਿਪੋਰਟਾਂ ਦੀ ਭਰੋਸੇਯੋਗਤਾ ਨੂੰ ਹੋਰ ਵੀ ਜ਼ਿਆਦਾ ਖੋਰਾ ਲਾਉਂਦੀ ਹੈ।’ ਬਾਗਚੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਇਕ ਰਿਪੋਰਟ ਉਤੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਘੱਟਗਿਣਤੀਆਂ ਉਤੇ ਹੋਏ ਕਥਿਤ ਹਮਲਿਆਂ ਲਈ ਭਾਰਤ ਦੀ ਨਿਖੇਧੀ ਕੀਤੀ ਗਈ ਸੀ। ਭਾਰਤ ਦੇ ਤਰਜਮਾਨ ਨੇ ਕਿਹਾ ਸੀ, ‘ਅਸੀਂ ਅਮਰੀਕਾ ਨਾਲ ਆਪਣੀ ਸਾਂਝ ਦੀ ਕਦਰ ਕਰਦੇ ਹਾਂ ਤੇ ਉਨ੍ਹਾਂ ਸਾਰਿਆਂ ਮੁੱਦਿਆਂ ਉਤੇ ਦੋਸਤਾਨਾ ਵਿਚਾਰ-ਵਟਾਂਦਰਾ ਕਰਦੇ ਰਹਾਂਗੇ ਜੋ ਸਾਂਝੇ ਹਿੱਤਾਂ ਨਾਲ ਜੁੜੇ ਹੋਏ ਹਨ।’

ਆਜ਼ਾਦੀ ਦਿਹਾੜੇ ਮੌਕੇ ਭਾਰਤ ਆਵੇਗਾ ਅਮਰੀਕੀ ਸੰਸਦ ਮੈਂਬਰਾਂ ਦਾ ਵਫ਼ਦ
ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਦਾ ਇਕ ਗਰੁੱਪ 15 ਅਗਸਤ ਨੂੰ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਦਾ ਦੌਰਾ ਕਰੇਗਾ। ਇਹ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਿਨ ਲਾਲ ਕਿਲ੍ਹੇ ਤੋਂ ਦਿੱਤੇ ਜਾਣ ਵਾਲੇ ਭਾਸ਼ਣ ਮੌਕੇ ਹਾਜ਼ਰ ਹੋਣਗੇ। ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਰੋਅ ਖੰਨਾ ਤੇ ਮਾਈਕਲ ਵਾਲਟਜ਼ ਕਰਨਗੇ। ਇਹ ਦੋਵੇਂ ਭਾਰਤ ਤੇ ਭਾਰਤੀ-ਅਮਰੀਕੀਆਂ ਬਾਰੇ ਕਾਂਗਰੈਸ਼ਨਲ ਕਾਕਸ ਦੇ ਸਹਿ-ਪ੍ਰਧਾਨ ਵੀ ਹਨ। ਇਹ ਵਫ਼ਦ ਕਾਰੋਬਾਰੀ, ਤਕਨੀਕੀ, ਸਰਕਾਰੀ ਤੇ ਬੌਲੀਵੁੱਡ ਹਸਤੀਆਂ ਨਾਲ ਮੁੰਬਈ, ਹੈਦਰਾਬਾਦ ਤੇ ਨਵੀਂ ਦਿੱਲੀ ਵਿਚ ਮੁਲਾਕਾਤ ਵੀ ਕਰੇਗਾ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਰਾਜ ਘਾਟ ’ਤੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।