ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਸਭ ਤੋਂ ਅਹਿਮ: ਬਾਇਡਨ ਪ੍ਰਸ਼ਾਸਨ

ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਸਭ ਤੋਂ ਅਹਿਮ: ਬਾਇਡਨ ਪ੍ਰਸ਼ਾਸਨ

ਆਜ਼ਾਦ ਹਿੰਦ-ਪ੍ਰਸ਼ਾਂਤ ਯਕੀਨੀ ਬਣਾਉਣ ਅਤੇ ਵਪਾਰ ਤੇ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਮੋਦੀ ਦੀ ਫੇਰੀ
ਵਾਸ਼ਿੰਗਟਨ- ਭਾਰਤ ਨੂੰ ਆਪਣੇ ਸਭ ਤੋਂ ਅਹਿਮ ਸਹਿਯੋਗੀਆਂ ਵਿੱਚ ਇਕ ਦੱਸਦਿਆਂ ਅਮਰੀਕਾ ਵਿੱਚ ਜੋਅ ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਗਲੇ ਮਹੀਨੇ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਧਿਕਾਰਿਤ ਫੇਰੀ, ਮੁਕਤ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਯਕੀਨੀ ਬਣਾਉਣ ਅਤੇ ਵਪਾਰ ਤੇ ਸੁਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ ’ਤੇ ਅਗਲੇ ਮਹੀਨੇ ਅਮਰੀਕਾ ਦੀ ਆਪਣੀ ਪਹਿਲੀ ਅਧਿਕਾਰਿਤ ਫੇਰੀ ’ਤੇ ਆਉਣਗੇ ਅਤੇ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ 22 ਜੂਨ ਨੂੰ ਮੋਦੀ ਲਈ ਅਧਿਕਾਰਿਤ ਰਾਤਰੀ ਭੋਜਨ ਦਾ ਪ੍ਰਬੰਧ ਕਰਨਗੇ।

ਵਿਦੇਸ਼ ਵਿਭਾਗ ਦੇ ਡਿਪਟੀ ਪ੍ਰੈਸ ਸਕੱਤਰ ਵੇਦਾਂਤ ਪਟੇਲ ਨੇ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਦੌਰਾਨ ਕਿਹਾ,‘ਭਾਰਤ ਨਾਲ ਸਾਂਝੇਦਾਰੀ ਸਾਡੇ ਸਭ ਤੋਂ ਅਹਿਮ ਸਬੰਧਾਂ ਵਿੱਚੋਂ ਇਕ ਹੈ ਅਤੇ ਅਸੀਂ ਕਈ ਅਹਿਮ ਪਹਿਲਕਦਮੀਆਂ ’ਤੇ ਭਾਰਤ ਨਾਲ ਰਲ ਕੇ ਕੰਮ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਇਹ ਅਧਿਕਾਰਿਤ ਯਾਤਰਾ ਕੁਝ ਸਾਂਝੇਦਾਰੀਆਂ ਨੂੰ ਗੂੜ੍ਹਾ ਕਰਨ ਦਾ ਮੌਕਾ ਹੈ। ਭਾਵੇਂ ਉਹ ਆਜ਼ਾਦ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਨੂੰ ਯਕੀਨੀ ਬਣਾਉਣ ਦੀ ਗੱਲ ਹੋਵੇ ਜਾਂ ਅਜਿਹਾ ਖੇਤਰ ਬਣਾਉਣ ਦੀ ਗੱਲ ਹੋਵੇ ਜੋ ਖੁਸ਼ਹਾਲ, ਸੁਰੱਖਿਅਤ ਤੇ ਲਚਕੀਲਾ ਹੋਵੇ। ਪਟੇਲ ਨੇ ਹਿੰਦ ਪ੍ਰਸ਼ਾਂਤ ਖੇਤਰ ਦਾ ਜ਼ਿਕਰ ਅਜਿਹੇ ਸਮੇਂ ਕੀਤਾ ਹੈ ਜਦੋਂ ਚੀਨ ਨੇ ਖੇਤਰ ’ਚ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ ਅਤੇ ਉਸ ਦਾ ਦੱਖਣੀ ਚੀਨ ਸਾਗਰ ਤੇ ਪੂਰਬੀ ਚੀਨ ਸਾਗਰ ਦੋਵਾਂ ਖੇਤਰਾਂ ਵਿੱਚ ਅਧਿਕਾਰ ਖੇਤਰ ਨੂੰ ਲੈ ਕੇ ਵਿਵਾਦ ਹੈ। ਚੀਨ ਦੱਖਣੀ ਚੀਨ ਸਾਗਰ ਦੇ ਪੂਰੇ ਖੇਤਰ ’ਤੇ ਆਪਣਾ ਦਾਅਵਾ ਜਤਾਉਂਦਾ ਹੈ।