ਭਾਰਤ ਦੀ ਚੰਨ ਵੱਲ ਇਕ ਹੋਰ ਉਡਾਣ

ਭਾਰਤ ਦੀ ਚੰਨ ਵੱਲ ਇਕ ਹੋਰ ਉਡਾਣ

ਚੰਦਰਯਾਨ-3 ਨੇ ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਉਡਾਣ ਭਰੀ
ਸ੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਥੇ ਐੱਲਵੀਐੱਮ3-ਐੱਮ4 ਰਾਕੇਟ ਦੀ ਵਰਤੋਂ ਕਰਦੇ ਹੋਏ ਆਪਣਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਲਾਂਚ ਕੀਤਾ। ਕੱਲ੍ਹ ਤੋਂ ਸ਼ੁਰੂ ਹੋਈ 25.30-ਘੰਟੇ ਦੀ ਪੁੱਠੀ ਗਿਣਤੀ ਦੇ ਅੰਤ ਵਿੱਚ ਰਾਕੇਟ ਨੇ ਇੱਥੇ ਪੁਲਾੜ ਲਾਂਚ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਬਾਅਦ ਦੁਪਹਿਰ 2.35 ਵਜੇ ਨਿਰਧਾਰਿਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਅਸਮਾਨ ਵੱਲ ਉਡਾਣ ਭਰੀ। ਚੰਦਰਯਾਨ ਦੀ ਜੇਕਰ ਚੰਦ ’ਤੇ ‘ਸੌਫਟ ਲੈਂਡਿੰਗ’ ਭਾਵ ਇਹ ਸੁਰੱਖਿਅਤ ਤਰੀਕੇ ਨਾਲ ਉਤਰਦਾ ਹੈ ਤਾਂ ਭਾਰਤ ਉਨ੍ਹਾਂ ਚੁਣੇ ਹੋਏ ਮੁਲਕਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਵੇਗਾ, ਜਿਨ੍ਹਾਂ ਨੇ ਅਜਿਹਾ ਕੀਤਾ ਹੈ। ਹੁਣ ਤੱਕ ਅਮਰੀਕਾ, ਚੀਨ ਤੇ ਸਾਬਕਾ ਸੋਵੀਅਨ ਯੂਨੀਅਨ ਹੀ ਚਾਂਦ ਵੱਲ ਸਫ਼ਲ ਉਡਾਰੀ ਲਾ ਚੁੱਕੇ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਚੰਦਰਯਾਨ 23 ਅਗਸਤ ਨੂੰ ਸ਼ਾਮੀਂ 5:47 ਵਜੇ ਚੰਦ ’ਤੇ ਉਤਰੇਗਾ। ਪਿਛਲੇ 15 ਸਾਲਾਂ ਵਿੱਚ ਇਸਰੋ ਦਾ ਇਹ ਤੀਜਾ ਚੰਦਰ ਮਿਸ਼ਨ ਹੈ। ਚੰਦਰਯਾਨ ਦੀ ਸੌਫ਼ਟ ਲੈਂਡਿੰਗ ਮਿਸ਼ਨ ਦਾ ਸਭ ਤੋਂ ਚੁਣੌਤੀਪੂਰਨ ਹਿੱਸਾ ਹੈ। ਚਾਰ ਸਾਲ ਪਹਿਲਾਂ ਚੰਦਰਯਾਨ 2 ਇਸ ਚੁਣੌਤੀ ਨੂੰ ਉਦੋਂ ਪਾਰ ਪਾਉਣ ਵਿੱਚ ਨਾਕਾਮ ਰਿਹਾ ਸੀ, ਜਦੋਂ ਇਸ ਦਾ ਲੈਂਡਰ ‘ਵਿਕਰਮ’ ਨਾਲ ਸੰਪਰਕ ਟੁੱਟ ਗਿਆ ਸੀ। ਚੰਦਰਯਾਨ 3 ਮਿਸ਼ਨ ’ਤੇ ਅਨੁਮਾਨਿਤ 600 ਕਰੋੜ ਦਾ ਖਰਚਾ ਆਇਆ ਹੈ। ਸ੍ਰੀਹਰੀਕੋਟਾ ਵਿੱਚ ਲਾਂਚ ਸਾਈਟ ਨੇੜੇ ਜੁੜੇ ਹਜ਼ਾਰਾਂ ਦਰਸ਼ਕਾਂ ਨੇ ਚੰਦਰਯਾਨ 3 ਦੇ ਆਕਾਸ਼ ਵਿੱਚ ਉਡਾਣ ਭਰਨ ਮਗਰੋਂ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ। ਸੋਲ੍ਹਾਂ ਮਿੰਟਾਂ ਦੀ ਉਡਾਣ ਮਗਰੋਂ ਚੰਦਰਯਾਨ 3 ਰਾਕੇਟ ਨਾਲੋਂ ਵੱਖ ਹੋ ਗਿਆ। ਹੁਣ ਇਹ ਚੰਦਰਮਾ ਦੇ ਪੰਧ ਵੱਲ ਵਧਦਾ ਹੋਇਆ ਧਰਤੀ ਦੁਆਲੇ ਪੰਧ ’ਤੇ ਅੰਡਾਕਾਰ ਚੱਕਰ ਵਿੱਚ ਪੰਜ ਤੋਂ ਛੇ ਗੇੜੇ ਲਾਏਗਾ। ਇਸ ਦੌਰਾਨ ਇਸ ਦੀ ਧਰਤੀ ਤੋਂ ਸਭ ਤੋਂ ਨੇੜਲੀ ਦੂਰੀ 170 ਕਿਲੋਮੀਟਰ ਤੇ ਸਭ ਤੋਂ ਵੱਧ ਦੂਰੀ 36,500 ਕਿਲੋਮੀਟਰ ਰਹੇਗੀ। ਚੰਦਰਯਾਨ 3 ਦੀ ਸਫ਼ਲ ਉਡਾਣ ਨਾਲ ਖ਼ੁਸ਼ੀ ਵਿੱਚ ਖੀਵੇ ਹੋਏ ਇਸਰੋ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ ਕਿ ਮਿਸ਼ਨ ਕੰਟਰੋਲ ਸੈਂਟਰ (ਐੱਮਸੀਸੀ) ਤੋਂ ਰਾਕੇਟ ਨੇ ਚੰਦਰਯਾਨ 3 ਨੂੰ ਨਿਰਧਾਰਿਤ ਪੰਧ ’ਤੇ ਪਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਵਧਾਈਆਂ, ਇੰਡੀਆ। ਚੰਦਰਯਾਨ 3 ਨੇ ਚੰਦਰਮਾ ਵੱਲ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਸਾਡੇ ਪਿਆਰੇ ਐੱਲਵੀਐੱਮ 3 ਨੇ ਪਹਿਲਾਂ ਹੀ ਚੰਦਰਯਾਨ 3 ਕ੍ਰਾਫਟ ਨੂੰ ਧਰਤੀ ਦੁਆਲੇ ਨਿਰਧਾਰਿਤ ਪੰਧ ’ਤੇ ਪਾ ਦਿੱਤਾ ਹੈ ਅਤੇ ਅਸੀਂ ਸਾਰੇ ਦੁਆ ਕਰਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਚੰਦਰਯਾਨ 3 ਕ੍ਰਾਫਟ ਦੇ ਇਕ ਤੋਂ ਦੂਜੇ ਪੰਧ ਵੱਲ ਵਧਣ ਵਾਲਾ ਅਭਿਆਸ ਤੇ ਚੰਦਰਮਾ ਵੱਲ ਸਫ਼ਰ ਸਫ਼ਲ ਰਹੇ।’’ ਉਧਰ ਮਿਸ਼ਨ ਡਾਇਰੈਕਟਰ ਐੱਸ.ਮੋਹਨ ਕੁਮਾਰ ਨੇ ਕਿਹਾ ਕਿ ਐੱਲਵੀਐੱਮ 3 ਰਾਕੇਟ ਇਕ ਵਾਰ ਮੁੜ ਇਸਰੋ ਲਈ ਸਭ ਤੋਂ ਵੱਧ ਭਰੋਸੇਮੰਦ ਹੈਵੀ ਲਿਫਟ ਵਹੀਕਲ ਸਾਬਤ ਹੋਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਦੇਸ਼ ਦੀਆਂ ਲੋੜਾਂ ਦੇ ਨਾਲ ਉਪਗ੍ਰਹਿਆਂ ਦੀ ਮੰਗ ਨੂੰ ਦੇਖਦੇ ਹੋਏ ਇਸ ਵਹੀਕਲ ਦੀ ਲਾਂਚ ਫ੍ਰhਕੁਐਂਸੀ ਵਧਾਉਣ ਦੇ ਅਮਲ ਵਿੱਚ ਹਾਂ।’’ ਉਨ੍ਹਾਂ ਕਿਹਾ ਕਿ ਅੱਜ ਦਾ ਮਿਸ਼ਨ ਇਸਰੋ ਦੇ ਸਟਾਫ਼ ਦੀ ‘ਤਪੱਸਿਆ’ ਦਾ ਫ਼ਲ ਹੈ। ਪ੍ਰਾਜੈਕਟ ਡਾਇਰੈਕਟਰ ਪੀ.ਵੀਰਾਮੁਥੂਵੇਲ ਨੇ ਕਿਹਾ ਕਿ ਪ੍ਰੋਪਲਸ਼ਨ ਮੌਡਿਊਲ ਤੇ ਲੈਂਡਰ ਮੌਡਿਊਲ ਵਿਚ ਪਾਵਰ ਜਨਰੇਸ਼ਨ ਸਣੇ ਪੁਲਾੜੀ ਜਹਾਜ਼ ਦੇ ਸਾਰੇ ਸਿਹਤ ਮਾਪਦੰਡ ਨਾਰਮਲ ਹਨ।ਵਿਗਿਆਨ ਤੇ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਯਾਨ 3 ਦੀ ਉਡਾਣ ਭਾਰਤ ਲਈ ਗੌਰਵ ਦੇ ਪਲ ਤੇ ਸ੍ਰੀਹਰੀਕੋਟਾ ਵਿੱਚ ਮੌਜੂਦ ਸਾਰਿਆਂ ਲਈ ਭਾਗਾਂ ਵਾਲਾ ਪਲ ਹੈ। ਸਿੰਘ ਨੇ ਫ਼ਖ਼ਰ ਨਾਲ ਭਾਰਤ ਦਾ ਸਿਰ ਉੱਚਾ ਕਰਨ ਲਈ ਇਸਰੋ ਟੀਮ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਸ੍ਰੀਹਰੀਕੋਟਾ ਦੇ ਦਰਾਂ ਨੂੰ ਖੋਲ੍ਹ ਕੇ’ ਇਸ ਉਡਾਣ ਨੂੰ ਸੰਭਵ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਚੰਦਰਯਾਨ 3 ਮਿਸ਼ਨ ਦੀ ਲਾਂਚ ਮੌਕੇ ਸਿੰਘ ਤੋਂ ਇਲਾਵਾ ਇਸਰੋ ਦੇ ਸਾਬਕਾ ਮੁਖੀ ਵੀ ਮੌਜੂਦ ਸਨ।
ਐੱਲਵੀਐੱਮ3 ਰਾਕੇਟ ਤਿੰਨ ਮੌਡਿਊਲਾਂ- ਪ੍ਰੋਪਲਸ਼ਨ, ਲੈਂਡਰ ਤੇ ਰੋਵਰ(ਜੋ ਲੈਂਡਰ ਦੇ ਅੰਦਰ ਹੈ) ਦਾ ਸੰਯੋਜਨ ਹੈ। ਲਾਂਚ ਵਹੀਕਲ ਨਾਲੋਂ ਵੱਖ ਹੋਣ ਤੋਂ ਬਾਅਦ ਪ੍ਰੋਪਲਸ਼ਨ ਮੌਡਿਊਲ ਲੈਂਡਰ ਦੇ ਨਾਲ ਲਗਪਗ ਇਕ ਮਹੀਨੇ ਤੋਂ ਵੱਧ ਦਾ ਸਫ਼ਰ ਕਰਕੇ ਚੰਦਰਮਾ ਦੇ ਪੰਧ ’ਤੇ ਪੁੱਜੇਗਾ, ਜਿੱਥੋਂ ਇਸ ਨੂੰ ਅੱਗੇ ਚੰਦਰਮਾ ਦੀ ਸਤਹਿ ਤੱਕ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੋਵੇਗਾ। ਲੋੜੀਂਦੀ ਉਚਾਈ ’ਤੇ ਪੁੱਜਣ ਮਗਰੋਂ ਲੈਂਡਰ ਮੌਡਿਊਲ ਚੰਦਰਮਾ ਦੇ ਦੱਖਣੀ ਪੋਲ ਵੱਲ ਸੌਫ਼ਟ ਲੈਂਡਿੰਗ ਲਈ ਸਫ਼ਰ ਸ਼ੁਰੂ ਕਰੇਗਾ। ਇਸਰੋ ਦੇ ਵਿਗਿਆਨੀਆਂ ਮੁਤਾਬਕ ਇਹ ਅਹਿਮ ਕਾਰਵਾਈ 23 ਜਾਂ 24 ਅਗਸਤ ਨੂੰ ਹੋਵੇਗੀ। ਚੰਦਰਯਾਨ-3 ਚੰਦਰਮਾ ਵੱਲ ਉਡਾਣ ਭਰਨ ਵਾਲਾ ਤੀਜਾ ਮਿਸ਼ਨ ਤੇ ਐੱਲਵੀਐੱਮ3 ਲਾਂਚਰ ਤੋਂ ਚੌਥਾ ਅਪਰੇਸ਼ਨਲ ਮਿਸ਼ਨ (ਐੱਮ4) ਹੈ। ਇਸ ਮਿਸ਼ਨ ਦੇ ਭਵਿੱਖੀ ਅੰਤਰਗ੍ਰਹਿ ਮਿਸ਼ਨਾਂ ਵਿੱਚ ਮਦਦਗਾਰ ਰਹਿਣ ਦੀ ਉਮੀਦ ਹੈ। ਇਸਰੋ ਨੇ ਕਿਹਾ ਕਿ ਮਿਸ਼ਨ ਲਈ ਵਰਤੇ ਪ੍ਰੋਪਲਸ਼ਨ ਮੌਡਿਊਲ, ਲੈਂਡਰ ਮੌਡਿਊਲ ਤੇ ਰੋਵਰ ਪੂਰੀ ਤਰ੍ਹਾਂ ਭਾਰਤ ਵਿੱਚ ਨਿਰਮਤ ਹਨ। ਐੱਲਵੀਐੱਮ3 ਰਾਕੇਟ ਲਗਾਤਾਰ ਛੇ ਮਿਸ਼ਨ ਸਫ਼ਲਤਾਪੂਰਵਕ ਪੂਰੇ ਕਰ ਚੁੱਕਾ ਹੈ। ਇਹ ਭਾਰਤੀ ਤੇ ਕੌਮਾਂਤਰੀ ਕਸਟਮਰ ਉਪਗ੍ਰਹਿ ਲਿਜਾਣ ਵਾਲਾ ਸਭ ਤੋਂ ਵੱਡਾ ਤੇ ਭਾਰਾ ਲਾਂਚ ਵਹੀਕਲ ਹੈ। ਦੱਸ ਦੇਈਏ ਕਿ ਚੰਦਰਯਾਨ 2 ਮਿਸ਼ਨ ਵੀ 22 ਜੁਲਾਈ 2019 ਨੂੰ ਲਾਂਚ ਕੀਤਾ ਗਿਆ ਸੀ ਤੇ ਚੰਦਰਯਾਨ 3 ਮਿਸ਼ਨ ਨੂੰ ਵੀ ਇਸੇ ਮਹੀਨੇ ਲਾਂਚ ਕਰਨ ਦੀ ਮੁੱਖ ਵਜ੍ਹਾ ਹੈ ਕਿ ਸਾਲ ਦੇ ਇਸ ਹਿੱਸੇ ਵਿੱਚ ਧਰਤੀ ਤੇ ਚੰਦਰਮਾ ਬਹੁਤ ਨੇੜੇ ਹੁੰਦੇ ਹਨ। ਚੰਦਰਯਾਨ 1 ਮਿਸ਼ਨ ਨੇ ਸਾਲ 2008 ਵਿੱਚ ਉਡਾਣ ਭਰੀ ਸੀ।