ਭਾਰਤ ਦੀ ਇਕ ਇੰਚ ਜ਼ਮੀਨ ’ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ: ਸ਼ਾਹ

ਭਾਰਤ ਦੀ ਇਕ ਇੰਚ ਜ਼ਮੀਨ ’ਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ: ਸ਼ਾਹ

ਕਿਬਿਥੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਉਹ ਯੁੱਗ ਹੁਣ ਗਿਆ ਜਦ ਭਾਰਤ ਦੀ ਜ਼ਮੀਨ ’ਤੇ ਕੋਈ ਵੀ ਕਬਜ਼ਾ ਕਰ ਸਕਦਾ ਸੀ, ਅੱਜ ਇਸ ਦੀ ਸਰਹੱਦ ਵੱਲ ਦੇਖਣ ਦੀ ਕੋਈ ਹਿੰਮਤ ਤੱਕ ਨਹੀਂ ਕਰ ਸਕਦਾ। ਉੱਤਰ-ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਪਿੰਡ ਕਿਬਿਥੂ ਵਿਚ ‘ਵਾਇਬ੍ਰੈਂਟ ਵਿਲੇਜ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਕਿਹਾ ਕਿ ਥਲ ਸੈਨਾ ਤੇ ਭਾਰਤ-ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੀ ਬਹਾਦਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਵੀ ਭਾਰਤ ਦੀ ਇਕ ਇੰਚ ਭੂਮੀ ਉਤੇ ਵੀ ਕਬਜ਼ਾ ਨਹੀਂ ਕਰ ਸਕਦਾ। ਕਿਬਿਥੂ ਭਾਰਤ ਦੇ ਸਭ ਤੋਂ ਪੂਰਬ ’ਚ ਸਥਿਤ ਪਿੰਡ ਹੈ। ਸ਼ਾਹ ਨੇ ਉੱਤਰ-ਪੂਰਬ ਵਿਚ ਕੀਤੇ ਗਏ ਬੁਨਿਆਦੀ ਢਾਂਚੇ ਨਾਲ ਜੁੜੇ ਤੇ ਹੋਰ ਵਿਕਾਸ ਕਾਰਜਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਰਹੱਦੀ ਇਲਾਕੇ ਮੋਦੀ ਸਰਕਾਰ ਦੀ ਸਿਖ਼ਰਲੀ ਤਰਜੀਹ ਹੈ। ਕੇਂਦਰੀ ਮੰਤਰੀ ਨੇ ਕਿਹਾ, ‘ਉਹ ਯੁੱਗ ਗਿਆ ਜਦ ਕੋਈ ਵੀ ਸਾਡੀ ਧਰਤੀ ਉਤੇ ਕਬਜ਼ਾ ਕਰ ਲੈਂਦਾ ਸੀ। ਹੁਣ ਸੂਈ ਦੀ ਨੋਕ ਬਰਾਬਰ ਜ਼ਮੀਨ ਉਤੇ ਵੀ ਕੋਈ ਕਬਜ਼ਾ ਨਹੀਂ ਕਰ ਸਕਦਾ।’ ਉਨ੍ਹਾਂ ਕਿਹਾ ਕਿ ਭਾਰਤ ਵੱਲ ਹੁਣ ਕੋਈ ਮਾੜੀ ਅੱਖ ਨਾਲ ਨਹੀਂ ਦੇਖ ਸਕਦਾ ਕਿਉਂਕਿ ਸੁਰੱਖਿਆ ਬਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਡਟੇ ਹੋਏ ਹਨ। ਸ਼ਾਹ ਨੇ ਕਿਹਾ, ‘1962 ਵਿਚ ਜੋ ਵੀ ਇਸ ਜ਼ਮੀਨ ਉਤੇ ਕਬਜ਼ਾ ਕਰਨ ਆਏ ਸਨ, ਉਨ੍ਹਾਂ ਨੂੰ ਇੱਥੇ ਰਹਿੰਦੇ ਦੇਸ਼ਭਗਤ ਲੋਕਾਂ ਦੇ ਕਾਰਨ ਪਰਤਣਾ ਹੀ ਪਿਆ।
ਕਿਬਿਥੂ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਰਹੱਦੀ ਥਾਂ ‘ਭਾਰਤ ਦਾ ਪਹਿਲਾ ਪਿੰਡ ਹੈ, ਆਖ਼ਰੀ ਨਹੀਂ।’ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਇਨ੍ਹਾਂ ਇਲਾਕਿਆਂ ਦੇ ਵਿਕਾਸ ਲਈ ਨੀਤੀ ਵਿਚ ‘ਵਿਚਾਰਾਤਮਕ’ ਬਦਲਾਅ ਲਿਆਂਦਾ ਹੈ ਤੇ ਇੱਥੇ ਰਹਿ ਰਹੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਹਨ। ਸ਼ਾਹ ਨੇ ਕਿਹਾ, ‘2014 ਤੋਂ ਪਹਿਲਾਂ ਪੂਰੇ ਉੱਤਰ-ਪੂਰਬ ਖੇਤਰ ਨੂੰ ਗੜਬੜੀ ਵਾਲੇ ਖੇਤਰ ਵਜੋਂ ਦੇਖਿਆ ਜਾਂਦਾ ਸੀ ਪਰ ‘ਲੁਕ ਈਸਟ’ ਨੀਤੀ ਕਾਰਨ, ਹੁਣ ਇਹ ਇਲਾਕਾ ਖ਼ੁਸ਼ਹਾਲੀ ਤੇ ਵਿਕਾਸ ਲਈ ਜਾਣਿਆ ਜਾਂਦਾ ਹੈ। ਸਾਲ 1962 ਦੀ ਜੰਗ ਦੌਰਾਨ ਜਾਨ ਕੁਰਬਾਨ ਕਰਨ ਵਾਲੇ ਕਿਬਿਥੂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸ਼ਾਹ ਨੇ ਕਿਹਾ ਕਿ ਸਰੋਤਾਂ ਦੀ ਕਮੀ ਦੇ ਬਾਵਜੂਦ ਉਹ ਮਿਸਾਲੀ ਹੌਸਲੇ ਨਾਲ ਲੜੇ। ਸ਼ਾਹ ਨੇ ਕਿਹਾ ਕਿ ਅਰੁਣਾਚਲ ਵਿਚ ਕੋਈ ਵੀ ‘ਨਮਸਤੇ’ ਨਹੀਂ ਕਹਿੰਦਾ ਕਿਉਂਕਿ ਲੋਕ ਇਕ-ਦੂਜੇ ਨੂੰ ‘ਜੈ ਹਿੰਦ’ ਕਹਿ ਕੇ ਮਿਲਦੇ ਹਨ ਜੋ ਸਾਡੇ ਦਿਲਾਂ ਨੂੰ ਦੇਸ਼ਭਗਤੀ ਦੀ ਭਾਵਨਾ ਨਾਲ ਭਰ ਦਿੰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਦੀ ਰਾਖੀ ਕਰ ਰਹੀਆਂ ਆਈਟੀਬੀਪੀ ਤੇ ਫ਼ੌਜ ਨੂੰ ਵੀ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ, ‘ਸਾਡੀ ਨੀਤੀ ਹੈ ਕਿ ਕੋਈ ਵੀ ਸਾਡੀਆਂ ਸਰਹੱਦਾਂ ਤੇ ਸਾਡੇ ਬਲਾਂ ਦੇ ਸਨਮਾਨ ਨੂੰ ਚੁਣੌਤੀ ਨਹੀਂ ਦੇ ਸਕਦਾ।’ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਿੰਦੇ ‘ਅਫਸਪਾ’ ਬਾਰੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਉੱਤਰ-ਪੂਰਬੀ ਰਾਜਾਂ ਦੇ 70 ਪ੍ਰਤੀਸ਼ਤ ਹਿੱਸੇ ਵਿਚੋਂ ਇਹ ਕਾਨੂੰਨ ਹਟਾ ਦਿੱਤਾ ਗਿਆ ਹੈ, ਉਹ ‘ਦਿਨ ਦੂਰ ਨਹੀਂ’ ਜਦ ਇਨ੍ਹਾਂ ਇਲਾਕਿਆਂ ਵਿਚੋਂ ਇਸ ਨੂੰ ‘ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ।’