ਭਾਰਤ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਕੈਨੇਡਾ ਵੱਲੋਂ ਦਿੱਤੀ ਕਿਸੇ ਵੀ ਸੂਚਨਾ ’ਤੇ ਵਿਚਾਰ ਲਈ ਤਿਆਰ: ਜੈਸ਼ੰਕਰ

ਭਾਰਤ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਕੈਨੇਡਾ ਵੱਲੋਂ ਦਿੱਤੀ ਕਿਸੇ ਵੀ ਸੂਚਨਾ ’ਤੇ ਵਿਚਾਰ ਲਈ ਤਿਆਰ: ਜੈਸ਼ੰਕਰ

ਬੰਗਲੁਰੂ – ਖਾਲਿਸਤਾਨੀ ਕੱਟੜਵਾਦੀ ਹਰਦੀਪ ਸਿੰਘ ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹੋਏ ਕਤਲ ’ਤੇ ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਕੂਟਨੀਤਕ ਟਕਰਾਅ ’ਤੇ ਬੋਲਦਿਆਂ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਕ ਜ਼ਿੰਮੇਵਾਰ ਤੇ ਸਮਝਦਾਰ ਮੁਲਕ ਵਜੋਂ ਭਾਰਤ ਹਮੇਸ਼ਾ ਕਿਸੇ ਹੋਰ ਮੁਲਕ ਵੱਲੋਂ ਦਿੱਤੀ ਗਈ ਸੂਚਨਾ ਦੀ ਪੜਤਾਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਇਹ ਜ਼ਰੂਰੀ ਨਹੀਂ ਹੈ ਕਿ ਕੈਨੇਡਾ ਤੇ ਅਮਰੀਕਾ ਵੱਲੋਂ ਉਠਾਏ ਗਏ ਮੁੱਦੇ ਇਕੋ ਹੋਣ। ਮੈਂ ਸੋਚਦਾ ਹਾਂ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਇਕ ਅਜਿਹਾ ਮੁਲਕ ਹੈ ਜੋ ਆਪਣੇ ਕੰਮਾਂ ਪ੍ਰਤੀ ਬਹੁਤ ਜ਼ਿੰਮੇਵਾਰ ਹੈ ਤੇ ਸਮਝਦਾਰੀ ਤੋਂ ਕੰਮ ਲੈਂਦਾ ਹੈ। ਪੂਰਾ ਮਾਮਲਾ ਇਹ ਹੈ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਵੀ ਮੁਲਕ ਨੂੰ, ਸਿਰਫ਼ ਕੈਨੇਡਾ ਨੂੰ ਨਹੀਂ, ਜੇਕਰ ਕੋਈ ਚਿੰਤਾ ਹੈ ਤਾਂ ਉਹ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਹੈ, ਤੇ ਇਸ ਲਈ ਕੁਝ ਅਧਾਰ ਵੀ ਦੱਸ ਸਕਦਾ ਹੈ। ਅਸੀਂ ਵਿਚਾਰ ਕਰਨ ਲਈ ਤਿਆਰ ਹਾਂ।’ ਜੈਸ਼ੰਕਰ ਅੱਜ ਰੋਟਰੀ ਇੰਸਟੀਚਿਊਟ ਦੇ ਇਕ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਜਿਹੜਾ ਮੁੱਦਾ ਅਮਰੀਕੀਆਂ ਨੇ ਉਠਾਇਆ ਹੈ, ਉਸ ਨਾਲ ਉਨ੍ਹਾਂ ਕੁਝ ਖਾਸ ਚੀਜ਼ਾਂ ਵੀ ਸਾਂਝੀਆਂ ਕੀਤੀਆਂ ਹਨ। ਮੰਤਰੀ ਨੇ ਕਿਹਾ ਕਿ ਭਾਰਤ ਨੇ ‘ਬਹੁਤ ਗੰਭੀਰਤਾ’ ਨਾਲ ਕੈਨੇਡੀਅਨਾਂ ਨੂੰ ਦੱਸਿਆ ਹੈ ਕਿ ਇਹ ਉਨ੍ਹਾਂ (ਕੈਨੇਡਾ) ਦੀ ਮਰਜ਼ੀ ਹੈ ਜੇਕਰ ਉਹ ਚਾਹੁੰਦੇ ਹਨ ਤਾਂ ਇਸ ਮਾਮਲੇ ਉਤੇ ਅੱਗੇ ਵਧਿਆ ਜਾ ਸਕਦਾ ਹੈ।