ਭਾਰਤ ਇੱਕ ਰੋਜ਼ਾ ਕ੍ਰਿਕਟ ਲੜੀ ’ਤੇ ਕਾਬਜ਼

ਭਾਰਤ ਇੱਕ ਰੋਜ਼ਾ ਕ੍ਰਿਕਟ ਲੜੀ ’ਤੇ ਕਾਬਜ਼

ਰਾਏਪੁਰ- ਭਾਰਤ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਮੁਹੰਮਦ ਸ਼ਮੀ ਦੀ ਅਗਵਾਈ ਵਿੱਚ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੇ ਨਿਊਜ਼ੀਲੈਂਡ ਨੂੰ 108 ਦੌੜਾਂ ’ਤੇ ਸਮੇਟ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ (51 ਗੇਂਦਾਂ) ਅਤੇ ਸ਼ੁਭਮਨ ਗਿੱਲ ਦੀਆਂ ਨਾਬਾਦ 40 ਦੌੜਾਂ (53 ਗੇਂਦਾਂ) ਦੀ ਮਦਦ ਨਾਲ 20.1 ਓਵਰ ਵਿੱਚ 111 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਦੀ ਇਹ ਸ਼ਾਨਦਾਰ ਜਿੱਤ ਰਹੀ। ਹਾਲਾਂਕਿ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਹਾਜ਼ਰ ਦਰਸ਼ਕਾਂ ਨੂੰ ਮੈਚ ਛੇਤੀ ਖ਼ਤਮ ਹੋਣ ਦਾ ਥੋੜ੍ਹਾ ਮਲਾਲ ਰਿਹਾ। ਰਾਏਪੁਰ ਦੇ ਇਸ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਪਹਿਲਾ ਕੌਮਾਂਤਰੀ ਮੈਚ ਸੀ।

ਨਿਊਜ਼ੀਲੈਂਡ ਨੇ 11ਵੇਂ ਓਵਰ ਵਿੱਚ 15 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ ਸਨ। ਇਸ ਵਿੱਚ ਸ਼ਮੀ ਨੇ (18 ਦੌੜਾਂ) ਤਿੰਨ ਵਿਕਟਾਂ ਅਤੇ ਮੁਹੰਮਦ ਸਿਰਾਜ (ਦਸ ਦੌੜਾਂ) ਇੱਕ ਵਿਕਟ ਹਾਸਲ ਕੀਤੀ। ਮੇਜ਼ਬਾਨ ਬੱਲੇਬਾਜ਼ਾਂ ਨੂੰ ਭਾਰਤ ਦੀ ਤੇਜ਼ਧਾਰ ਗੇਂਦਬਾਜ਼ੀ ਅੱਗੇ ਟਿਕਣਾ ਮੁਸ਼ਕਲ ਹੋ ਰਿਹਾ ਸੀ। ਗੇਂਦ ਰੁਕ ਕੇ ਆ ਰਹੀ ਸੀ, ਜਿਸ ਕਾਰਨ ਬੱਲੇਬਾਜ਼ਾਂ ਨੂੰ ਇੱਕ ਇੱਕ ਦੌੜ ਬਣਾਉਣੀ ਔਖੀ ਲਗ ਰਹੀ ਸੀ। ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਫਿਲ ਐਲਨ ਖਾਤਾ ਨਹੀਂ ਖੋਲ੍ਹ ਸਕਿਆ। ਹਾਲਾਂਕਿ ਭਾਰਤੀ ਬੱਲੇਬਾਜ਼ਾਂ ਨੂੰ ਸ਼ਾਮ ਨੂੰ ਮੈਦਾਨ ’ਤੇ ਖੇਡਣ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਆਈ। ਲੜੀ ਦਾ ਤੀਜਾ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਮੰਗਲਵਾਰ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ।