ਭਾਰਤ ਅਮਰੀਕਾ ਤੋਂ ਉੱਚ ਤਕਨਾਲੋਜੀ ਹਾਸਿਲ ਕਰਨ ਵਿਚ ਸਫਲ ਰਿਹਾ

ਭਾਰਤ ਅਮਰੀਕਾ ਤੋਂ ਉੱਚ ਤਕਨਾਲੋਜੀ ਹਾਸਿਲ ਕਰਨ ਵਿਚ ਸਫਲ ਰਿਹਾ

ਗਿਰੀਸ਼ ਲਿੰਗੱਨਾ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਕ ਇਹੋ ਜਿਹੇ ਸਮਝੌਤੇ ‘ਤੇ ਪਹੁੰਚੇ, ਜਿਸ ਨੂੰ ਮਾਹਰਾਂ ਨੇ ਇਤਿਹਾਸਕ ਦੱਸਿਆ ਹੈ ਅਤੇ ਜੋ ਚੀਨ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿਚ ਭਾਰਤ ਨੂੰ ਲੜਾਕੂ ਜਹਾਜ਼ਾਂ ਲਈ ਅਮਰੀਕੀ ਡਰੋਨ ਅਤੇ ਇੰਜਨ ਮੁਹੱਈਆ ਕਰਵਾਏਗਾ। ਗੁਆਂਢੀ ਚੀਨ ਨਾਲ ਤਣਾਅਪੂਰਨ ਸੰਬੰਧਾਂ ਵਿਚਾਲੇ, ਮੋਦੀ ਭਾਰਤ ਦੇ ਅੰਤਰਰਾਸ਼ਟਰੀ ਪ੍ਰਭਾਵ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਵਰਤਮਾਨ ਵਿਚ 1.4 ਅਰਬ ਨਾਗਰਿਕਾਂ ਦੇ ਨਾਲ ਧਰਤੀ ‘ਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ‘ਦ ਨਿਊਯਾਰਕ ਟਾਈਮਜ਼’ ਲਈ ਆਪਣੇ ਲੇਖ ਵਿਚ, ਹਾਰਵਰਡ ਯੂਨੀਵਰਸਿਟੀ ਦੀ ਇਤਿਹਾਸ ਦੀ ਪ੍ਰੋਫ਼ੈਸਰ ਮਾਇਆ ਜਾਸਨਾਫ਼ ਨੇ ਕਿਹਾ ਹੈ ਕਿ ਅਮਰੀਕਾ ਚੀਨ ਨਾਲ ਨਵੇਂ ਸ਼ੀਤ ਯੁੱਧ ਵਿਚ ਸਰਗਰਮੀ ਨਾਲ ਭਾਰਤ ਦਾ ਸਮਰਥਨ ਮੰਗ ਰਿਹਾ ਹੈ। ਇਹ ਸਾਫ਼ ਸੰਕੇਤ ਹੈ!
ਅਮਰੀਕੀ ਰਾਸ਼ਟਰਪਤੀ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਨੂੰ ਲਾਲ ਕਾਲੀਨ ਨਾਲ ਸਜਾਇਆ ਗਿਆ ਸੀ। ਦੱਖਣੀ ਏਸ਼ਿਆਈ ਅਤੇ ਹਿੰਦ ਮਹਾਸਾਗਰ ਦੇ ਖੇਤਰਾਂ ਵਿਚ ਚੀਨ ਦੇ ਸੈਨਿਕ ਵਿਕਾਸ ਦੀ ਰੌਸ਼ਨੀ ਵਿਚ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ, ਹਾਲਾਂਕਿ ਡੈਮੋਕ੍ਰੇਟ ਬਾਈਡਨ ‘ਤੇ ਜ਼ੋਰ ਦਿੰਦੇ ਰਹੇ ਹਨ ਕਿ ਉਹ ਆਪਣੀ ਚਰਚਾ ਦੌਰਾਨ ਮੋਦੀ ਨਾਲ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ‘ਤੇ ਜ਼ਰੂਰ ਗੱਲ ਕਰਨ। ਮੋਦੀ ਦੀ ਯਾਤਰਾ ਦੌਰਾਨ ਬਾਈਡਨ ਨੇ ਮੋਦੀ ਦੇ ਸਵਾਗਤ ਲਈ ਵ੍ਹਾਈਟ ਹਾਊਸ ਦੇ ਸਾਊਥਲਾਨ ਵਿਚ ਲਗਭਗ 7000 ਮਹਿਮਾਨਾਂ ਦੀ ਹਾਜ਼ਰੀ ਵਿਚ ਇਕ ਸਵਾਗਤ ਸਮਾਰੋਹ ਦੇ ਆਯੋਜਨ ਦਾ ਵੀ ਪ੍ਰਬੰਧ ਕੀਤਾ ਸੀ।
ਮੋਦੀ ਨੂੰ ਕਾਂਗਰਸ ਦੇ ਸੰਯੁਕਤ ਸੈਸ਼ਨ ਵਿਚ ਬੋਲਣ ਅਤੇ ਵ੍ਹਾਈਟ ਹਾਊਸ ਦੇ ਰਾਤ ਦੇ ਭੋਜਨ ਵਿਚ ਹਿੱਸਾ ਲੈਣ ਦਾ ਸਨਮਾਨ ਮਿਲਿਆ। ਉਨ੍ਹਾਂ ਆਪਣੀ ਰਾਏ ਦਿੰਦਿਆਂ ਕਿਹਾ ਕਿ ਅੰਤਰ-ਰਾਸ਼ਟਰੀ ਧਿਆਨ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ‘ਤੇ ਕੇਂਦਰਿਤ ਹੈ, ਕਿਉਂਕਿ ਉਹ ਦੋ ਸਭ ਤੋਂ ਵੱਡੇ ਲੋਕਤੰਤਰ ਹਨ। ਉਨ੍ਹਾਂ ਦ੍ਰਿੜਤਾ ਪੂਰਵਕ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਰਣਨੀਤਕ ਸਾਂਝੇਦਾਰੀ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਵਿਚ ਸਹਿਯੋਗ ਇਕ ਸਫਲ ਕੋਸ਼ਿਸ ਹੋਵੇਗੀ। ਬਾਈਡਨ ਨੇ ਕਿਹਾ ਕਿ ਉਹ ਮੌਜੂਦਾ ਸਦੀ ਵਿਚ ਅਮਰੀਕਾ-ਭਾਰਤ ਸੰਬੰਧਾਂ ਨੂੰ ਇਕ ਮਹੱਤਵਪੂਰਨ ਪਹਿਲੂ ਮੰਨਦੇ ਹਨ। ਇਸ ਸਦੀ ਵਿਚ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਅਤੇ ਸੰਭਾਵਨਾਵਾਂ ਨਾਲ ਨਜਿੱਠਣ ਵਿਚ ਮਦਦ ਕਰਨੀ ਚਾਹੀਦੀ ਹੈ।
ਯੂਨਾਈਟਡ ਸਟੇਟਸ ਇੰਸਟੀਚਿਊਟ ਆਫ਼ ਪੀਸ ਨੇ ਇਕ ਰਿਪੋਰਟ ਵਿਚ ਕਿਹਾ ਹੈ, ‘ਭਾਰਤ ਚੀਨੀ ਹਮਲਾਵਰ ਰੁਖ਼ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਜ ਅਮਰੀਕਾ ਤੋਂ ਆਧੁਨਿਕ ਰੱਖਿਆ ਪ੍ਰਣਾਲੀ ਹਾਸਲ ਕਰਨ ਵਿਚ ਕਾਮਯਾਬ ਰਿਹਾ ਹੈ, ਜਿਸ ਵਿਚ ਪਹਾੜੀ ਖੇਤਰਾਂ ਦੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ‘ਤੇ ਤਾਇਨਾਤ ਆਪਣੇ ਸੈਨਿਕਾਂ ਦੇ ਆਉਣ-ਜਾਣ ਅਤੇ ਉਥੇ ਹਰ ਸਪਲਾਈ ਲਈ ਰਣਨੀਤਕ ਲਿਫ਼ਟ ਵੀ ਸ਼ਾਮਿਲ ਹੈ ਅਤੇ ਇਸ ਨਾਲ ਹੀ ਸਮੁੰਦਰੀ ਚੌਕਸੀ ਲਈ ਵੱਖ-ਵੱਖ ਤਰ੍ਹਾਂ ਦੇ ਉੱਨਤ ਕਿਸਮ ਦੇ ਸਮੁੰਦਰੀ ਗਸ਼ਤੀ ਜਹਾਜ਼ ਸ਼ਾਮਿਲ ਹਨ।’
ਭਾਰਤ ਨਾਲ ਅਮਰੀਕਾ ਦਾ ਰੱਖਿਆ ਵਪਾਰ 2008 ਵਿਚ ਲਗਭਗ ਜ਼ੀਰੋ ਤੋਂ ਵਧ ਕੇ 2020 ਵਿਚ 20 ਅਰਬ ਡਾਲਰ ਤੋਂ ਵਧੇਰੇ ਹੋ ਗਿਆ। ਭਾਰਤ ਨੇ ਪ੍ਰਮੁੱਖ ਤੌਰ ‘ਤੇ ਅਮਰੀਕਾ ਤੋਂ ਸੀ-130 ਆਵਾਜਾਈ ਜਹਾਜ਼, ਲੰਬੀ ਦੂਰੀ ਦੇ ਸਮੁੰਦਰੀ ਗਸ਼ਤੀ ਜਹਾਜ਼ ਤੇ ਮਿਜ਼ਾਈਲ ਅਤੇ ਡਰੋਨ ਦੀ ਖ਼ਰੀਦਦਾਰੀ ਕੀਤੀ ਹੈ। ਹਿੰਦ-ਪ੍ਰਸ਼ਾਂਤ ਖੇਤਰ ਅਤੇ ਚੀਨ ਦੇ ਨਾਲ 3,488 ਕਿੱਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ‘ਤੇ ਚੀਨ ਦੇ ਵਧਦੇ ਹਮਲਾਵਰ ਰੁਖ ਵਿਚਾਲੇ ਪਿਛਲੇ ਕੁਝ ਸਾਲਾਂ ਵਿਚ ਭਾਰਤ-ਅਮਰੀਕਾ ਸੰਬੰਧਾਂ ਵਿਚ ਸੁਧਾਰ ਹੋ ਰਿਹਾ ਹੈ। ਸਮਝੌਤਿਆਂ ਦੀ ਇਸ ਲੜੀ ਦੇ ਹਿੱਸੇ ਦੇ ਰੂਪ ਵਿਚ, ਅਮਰੀਕੀ ਫ਼ੌਜੀ ਜਹਾਜ਼ ਹੁਣ ਸਰਵਸਿੰਗ ਲਈ ਭਾਰਤੀ ਸ਼ਿਪਯਾਰਡ ਵਿਚ ਰੁਕਣ ਲਈ ਵੀ ਮਨਜ਼ੂਰਸ਼ੁਦਾ ਹਨ, ਕਿਉਂਕਿ ਅਮਰੀਕਾ ਚੀਨ ਦੀ ਸਰਹੱਦ ‘ਤੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਇਕ ਸੁਰੱਖਿਆ ਘੇਰਾ ਬਣਾ ਰਿਹਾ ਹੈ। ਇਹ ਲੈਣ-ਦੇਣ ਇਕ ਮਹੱਤਵਪੂਰਨ ਸਮੇਂ ਵਿਚ ਪੂਰਾ ਹੋਇਆ, ਕਿਉਂਕਿ ਯੂਕਰੇਨ ਵਿਚ ਯੁੱਧ ਦੌਰਾਨ ਰੂਸ ਦੇ ਨਿਰੰਤਰ ਗੱਠਜੋੜ ਤੋਂ ਅਮਰੀਕਾ ਨਿਰਾਸ਼ ਹੋ ਗਿਆ ਸੀ।
ਜਨਰਲ ਇਲੈਕਟ੍ਰਿਕ ਕੰਪਨੀ (ਜੀ.ਈ.) ਦਾ ਐਰੋਸਪੇਸ ਡਿਵੀਜ਼ਨ ਮੁੱਖ ਸਮਝੌਤੇ ਦੇ ਹਿੱਸੇ ਦੇ ਰੂਪ ਵਿਚ ਤੇਜਸ ਲੜਾਕੂ ਜਹਾਜ਼ਾਂ ਲਈ ਐਫ-414 ਇੰਜਨ ਬਣਾਉਣ ਲਈ ਭਾਰਤ ਦੇ ਹਿੰਦੁਸਤਾਨ ਐਰੋਨਾਟਿਕਸ ਨਾਲ ਸਹਿਯੋਗ ਕਰੇਗਾ। ਭਾਰਤ ਤਿੰਨ ਅਰਬ ਡਾਲਰ (2.3 ਅਰਬ ਪੌਂਡ) ਤੋਂ ਵੱਧ 31 ਯੂ.ਐਸ. ਨਿਰਮਿਤ ਐਮ.ਕਿਊ.-9ਬੀ.ਸੀ. ਗਾਰਜਿਅਨ ਡਰੋਨ ਖ਼ਰੀਦਣ ਵੀ ਸਹਿਮਤ ਹੋਇਆ ਹੈ।
ਇਸ ਦੌਰਾਨ ਇਡਾਹੋ ਸਥਿਤ ਮਾਈਕ੍ਰੋਨ ਤਕਨਾਲੋਜੀ ਨੇ ਮੋਦੀ ਦੇ ਘਰੇਲੂ ਰਾਜ ਗੁਜਰਾਤ ਵਿਚ ਸੈਮੀਕੰਡਕਟਰ ਪ੍ਰੀਖਣ ਅਤੇ ਪੈਕੇਜਿੰਗ ਸਹੂਲਤ ਬਣਾਉਣ ਲਈ 2.7 ਅਰਬ ਅਮਰੀਕੀ (2.1 ਅਰਬ ਪੌਂਡ) ਦਾ ਫੰਡ ਵੱਖਰਾ ਰੱਖਿਆ ਗਿਆ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਭਾਰਤ ਨੇ ‘ਆਰਟੇਮਿਸ ਸਮਝੌਤੇ’ ਵਿਚ ਸ਼ਾਮਿਲ ਹੋਣ ਦੇ ਸੱਦੇ ਦਾ ਜਵਾਬ ਦਿੱਤਾ ਹੈ, ਜੋ ਸ਼ਾਂਤੀਪੂਰਨ ਪੁਲਾੜ ਯਾਤਰਾ ਲਈ ਸਮਰਪਿਤ ਦੇਸ਼ਾਂ ਦਾ ਇਕ ਸਮੂਹ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰੀ ਵਿਮਾਨਕੀ ਅਤੇ ਪੁਲਾੜ ਪ੍ਰਸ਼ਾਸਨ (ਨਾਸਾ) ਨਾਲ ਇਕ ਸਹਿਯੋਗੀ ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ 2024 ਵਿਚ ਭਾਗ ਲਵੇਗਾ। ਓਵਲ ਦਫ਼ਤਰ ਵਿਚ ਮੋਦੀ-ਬਾਈਡਨ ਸਿਖ਼ਰ ਸੰਮੇਲਨ ਤੋਂ ਠੀਕ ਪਹਿਲਾਂ, ਅਮਰੀਕੀ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਖ਼ੁਲਾਸਾ ਕੀਤਾ ਕਿ ਭਾਰਤ ਆਰਟੇਮਿਸ ਸਮਝੌਤੇ ‘ਤੇ ਦਸਤਖ਼ਤ ਕਰੇਗਾ, ਜੋ ਪੁਲਾੜ ਖੋਜ ਲਈ ਇਕ ਅੰਤਰਰਾਸ਼ਟਰੀ ਪਹਿਲ ਨੂੰ ਕਾਇਮ ਰੱਖਦਾ ਹੈ ਜਿਸ ਨਾਲ ਸਾਰੀਆਂ ਧਿਰਾਂ ਨੂੰ ਲਾਭ ਹੋਵੇਗਾ। ਭਾਰਤ ਨੇ ਇਸ ‘ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਨਾਲ ਚੀਨੀ ਲੀਡਰਸ਼ਿਪ ਵਿਚ ਘਬਰਾਹਟ ਪੈਦਾ ਹੋ ਗਈ ਹੈ।
ਚੀਨ ਆਰਟੇਮਿਸ ਸਮਝੌਤੇ-1967 ਨੂੰ ਅਮਰੀਕਾ ਵਲੋਂ ਪੁਲਾੜ ਦੀ ਖੋਜ ਨੂੰ ਕੰਟਰੋਲ ਵਾਲੇ ਅੰਤਰਰਾਸ਼ਟਰੀ ਕਾਨੂੰਨ ਦੇ ਰੂਪ ਵਿਚ ਦੇਖਦਾ ਹੈ। ਇਸ ਲਈ ਭਾਰਤ ਵਲੋਂ ਇਸ ਸਮਝੌਤੇ ‘ਤੇ ਦਸਤਖ਼ਤ ਕਰਨਾ ਦੋਵੇਂ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਵਿਗੜੇ ਸੰਬੰਧਾਂ ਨੂੰ ਹੋਰ ਭੜਕਾਉਣ ਦਾ ਕੰਮ ਕਰ ਸਕਦਾ ਹੈ। ਆਰਟੇਮਿਸ ਸਮਝੌਤਾ ਮੰਗਲ, ਚੰਦਰਮਾ ਅਤੇ ਉਸ ਤੋਂ ਅੱਗੇ ਦੀ ਸੁਰੱਖਿਅਤ ਅਤੇ ਟਿਕਾਊ ਖੋਜ ਨਿਸਚਿਤ ਕਰਨ ਲਈ ਸਿਧਾਂਤਾਂ, ਦਿਸ਼ਾ-ਨਿਰਦੇਸ਼ਾਂ ਅਤੇ ਸਰਬੋਤਮ ਪ੍ਰਥਾਵਾਂ ਦਾ ਇਕ ਸਮੂਹ ਹੈ, ਇਨ੍ਹਾਂ ਨੂੰ ਨਾਸਾ ਵਲੋਂ 2020 ਵਿਚ ਵਿਕਸਿਤ ਕੀਤਾ ਗਿਆ ਸੀ ਅਤੇ ਇਹ ਆਰਟੇਮਿਸ ਪ੍ਰੋਗਰਾਮ ਭਾਗ ਲੈਣ ਦੀ ਰੁਚੀ ਰੱਖਣ ਵਾਲੇ ਸਾਰੇ ਦੇਸ਼ਾਂ ਅਤੇ ਨਿੱਜੀ ਕੰਪਨੀਆਂ ਲਈ ਖੁੱਲ੍ਹੇ ਹਨ।