ਭਾਰਤ ਅਤੇ ਰੂਸ ਨੇ ਪਰਮਾਣੂ ਊਰਜਾ ਪਲਾਂਟ ਬਾਰੇ ਅਹਿਮ ਸਮਝੌਤੇ ’ਤੇ ਸਹੀ ਪਾਈ: ਜੈਸ਼ੰਕਰ

ਭਾਰਤ ਅਤੇ ਰੂਸ ਨੇ ਪਰਮਾਣੂ ਊਰਜਾ ਪਲਾਂਟ ਬਾਰੇ ਅਹਿਮ ਸਮਝੌਤੇ ’ਤੇ ਸਹੀ ਪਾਈ: ਜੈਸ਼ੰਕਰ

ਮਾਸਕੋ- ਭਾਰਤ ਤੇ ਰੂਸ ਨੇ ਅੱਜ ‘ਕੁਝ ਬੇਹੱਦ ਮਹੱਤਵਪੂਰਨ’ ਸਮਝੌਤਿਆਂ ਉਤੇ ਸਹੀ ਪਾਈ ਜੋ ਕਿ ਤਾਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਊਰਜਾ ਪਲਾਂਟ ਦੇ ਭਵਿੱਖ ਵਿਚ ਲੱਗਣ ਵਾਲੇ ਊਰਜਾ ਉਤਪਾਦਨ ਯੂਨਿਟਾਂ ਦੀ ਉਸਾਰੀ ਨਾਲ ਸਬੰਧਤ ਹਨ। ਰੂਸ ਦੇ ਪੰਜ ਦਿਨਾਂ ਦੇ ਦੌਰੇ ਉਤੇ ਆਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਜੈਸ਼ੰਕਰ ਇੱਥੇ ਰੂਸ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਆਏ ਹਨ। ਜ਼ਿਕਰਯੋਗ ਹੈ ਕਿ ਇਹ ਪਾਵਰ ਪਲਾਂਟ ਰੂਸ ਦੀ ਮਦਦ ਨਾਲ ਲਾਇਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਰੱਖਿਆ, ਪਰਮਾਣੂ ਊਰਜਾ ਤੇ ਪੁਲਾੜ ਦੇ ਖੇਤਰ ਵਿਚ ‘ਵਿਸ਼ੇਸ਼ ਭਾਈਵਾਲ’ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਵਿਚ ਭਾਈਵਾਲੀ ਉਦੋਂ ਹੀ ਕੀਤੀ ਜਾਂਦੀ ਹੈ, ਜਦ ਭਰੋਸਾ ਬਹੁਤ ਪੱਕਾ ਹੁੰਦਾ ਹੈ। ਵਿਦੇਸ਼ ਮੰਤਰੀ ਨੇ ਨਾਲ ਹੀ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਵੀ ਜਨਵਰੀ ਦੇ ਅਖੀਰ ਤੋਂ ਸ਼ੁਰੂ ਹੋ ਜਾਵੇਗੀ। ਇਹ ਸਮਝੌਤਾ ਭਾਰਤ ਤੇ ਯੂਰੇਸ਼ੀਅਨ ਆਰਥਿਕ ਜ਼ੋਨ ਵਿਚਾਲੇ ਹੋਵੇਗਾ।