ਭਾਰਤੀ ਹਿੰਦੂਆਂ ’ਚੋਂ ਤਬਦੀਲ ਹੋਏ ਬਹੁਗਿਣਤੀ ਮੁਸਲਮਾਨ: ਆਜ਼ਾਦ

ਭਾਰਤੀ ਹਿੰਦੂਆਂ ’ਚੋਂ ਤਬਦੀਲ ਹੋਏ ਬਹੁਗਿਣਤੀ ਮੁਸਲਮਾਨ: ਆਜ਼ਾਦ

ਸਿਆਸੀ ਲਾਹਾ ਲੈਣ ਲਈ ਧਰਮ ਦੀ ਵਰਤੋਂ ਨਾ ਕੀਤੇ ਜਾਣ ਦੀ ਕੀਤੀ ਵਕਾਲਤ
ਜੰਮੂ-ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਚੇਅਰਮੈਨ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਬਹੁਗਿਣਤੀ ਭਾਰਤੀ ਮੁਸਲਿਮ, ਹਿੰਦੂਆਂ ’ਚੋਂ ਤਬਦੀਲ ਹੋ ਕੇ ਇਸਲਾਮ ਵਿੱਚ ਆਏ ਹਨ। ਇਸ ਦੀ ਮਿਸਾਲ ਕਸ਼ਮੀਰ ਵਾਦੀ ’ਚ ਦੇਖੀ ਜਾ ਸਕਦੀ ਹੈ ਜਿਥੇ ਵੱਡੀ ਗਿਣਤੀ ’ਚ ਕਸ਼ਮੀਰੀ ਪੰਡਤਾਂ ਨੇ ਇਸਲਾਮ ਧਾਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਧਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜੋ ਕੋਈ ਸਿਆਸਤ ਵਿੱਚ ਧਰਮ ਦੀ ਆੜ ਲੈਂਦਾ ਹੈ, ਉਹ ਕਮਜ਼ੋਰ ਹੈ। ਉਨ੍ਹਾਂ ਨੇ ਡੋਡਾ ਜ਼ਿਲ੍ਹੇ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਝ ਭਾਜਪਾ ਆਗੂ ਕਹਿੰਦੇ ਹਨ ਕਿ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਈ ਲੋਕ ਬਾਹਰੋਂ ਆਏ ਹਨ ਤੇ ਕੁਝ ਨਹੀਂ। ਕੋਈ ਵੀ ਅੰਦਰੋਂ ਜਾਂ ਬਾਹਰੋਂ ਨਹੀਂ ਆਇਆ। ਇਸਲਾਮ 1500 ਸਾਲ ਪਹਿਲਾਂ ਹੋਂਦ ’ਚ ਆਇਆ ਸੀ। ਹਿੰਦੂ ਧਰਮ ਵੀ ਬਹੁਤ ਪੁਰਾਣਾ ਹੈ। ਇਨ੍ਹਾਂ (ਮੁਸਲਿਮਾਂ) ਵਿੱਚੋਂ 10 ਤੋਂ 20 ਦੇ ਕਰੀਬ ਬਾਹਰੋਂ ਆਏ ਹੋ ਸਕਦੇ ਹਨ ਤੇ ਕੁਝ ਤਾਂ ਮੁਗਲ ਫੌਜ ਵਿੱਚ ਵੀ ਸਨ। ਬਾਕੀ ਮੁਸਲਿਮ ਭਾਰਤ ਵਿੱਚ ਹਿੰਦੂਆਂ ’ਚੋਂ ਤਬਦੀਲ ਹੋਏ ਹਨ। ਇਸ ਦੀ ਮਿਸਾਲ ਕਸ਼ਮੀਰ ’ਚ ਵੇਖੀ ਜਾ ਸਕਦੀ ਹੈ। ਉਧਰ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਆਜ਼ਾਦ ਦੇ ਬਿਆਨ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ ਹੈ ਜਾਂ ਫਿਰ ਅਜਿਹਾ ਕਹਿ ਕੇ ਉਹ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਹਨ।’’ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਕਿਹਾ,‘‘ ਆਜ਼ਾਦ ਦੇ ਸਵਾਲ ਦਾ ਜਵਾਬ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਲੁਕਿਆ ਹੋਇਆ ਹੈ। ਉਹ ਜਿਸ ਰਾਹ ਉੱਤੇ ਤੁਰ ਰਹੇ ਹਨ, ਉਹ ਬੀਤੇ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਏਗਾ ਤੇ ਚੰਗੇ ਭਵਿੱਖ ਦੀ ਬੁਨਿਆਦ ਰੱਖੇਗਾ।’’