ਭਾਰਤੀ ਹਥਿਆਰਬੰਦ ਬਲਾਂ ਨੇ ਸਮੇਂ ਨਾਲ ਖੁਦ ਨੂੰ ਬਦਲਿਆ: ਹਵਾਈ ਸੈਨਾ ਮੁਖੀ

ਭਾਰਤੀ ਹਥਿਆਰਬੰਦ ਬਲਾਂ ਨੇ ਸਮੇਂ ਨਾਲ ਖੁਦ ਨੂੰ ਬਦਲਿਆ: ਹਵਾਈ ਸੈਨਾ ਮੁਖੀ

ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਅੱਜ ਕਿਹਾ ਕਿ ਜੰਗ ਦੇ ਮੁਕੰਮਲ ਹਾਲਾਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤੀ ਹਥਿਆਰਬੰਦ ਬਲਾਂ ਨੇ ਬਦਲਦੇ ਸਮੇਂ ਦੇ ਨਾਲ ਨਾਲ ਖੁਦ ਨੂੰ ਬਦਲਿਆ ਹੈ। ਏਅਰ ਚੀਫ ਮਾਰਸ਼ਲ ਚੌਧਰੀ ਨੇ ਅੱਠਵੇਂ ‘ਹਥਿਆਰਬੰਦ ਬਲ ਸਾਬਕਾ ਸੈਨਿਕ ਦਿਵਸ’ ਮੌਕੇ ਇੱਥੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਫੌਜੀਆਂ ਦੇ ਜਜ਼ਬੇ, ਲੀਡਰਸ਼ਿਪ ਤੇ ਦੂਰ-ਦ੍ਰਿਸ਼ਟੀ ਨੇ ਅੱਜ ਦੇ ਹਥਿਆਰਬੰਦ ਬਲਾਂ ਦੀ ਨੀਂਹ ਰੱਖੀ ਹੈ। ਦਿੱਲੀ ਛਾਉਣੀ ਦੇ ਮਾਨੇਕਸ਼ਾਅ ਸੈਂਟਰ ’ਚ ਕਰਵਾਏ ਸਮਾਗਮ ’ਚ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ, ਤਿੰਨੋਂ ਸੈਨਾਵਾਂ ਦੇ ਸੀਨੀਅਰ ਅਧਿਕਾਰੀ, ਵੱਡੀ ਗਿਣਤੀ ’ਚ ਸਾਬਕਾ ਫੌਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ, ‘ਅਸੀਂ ਸਾਰੇ ਇਸ ਗੱਲ ’ਤੇ ਸਹਿਮਤ ਹੋਵਾਂਗੇ ਕਿ ਭਾਰਤੀ ਹਥਿਆਰਬੰਦ ਬਲ ਦੁਨੀਆ ਦੇ ਸਰਵੋਤਮ ਬਲਾਂ ’ਚੋਂ ਇੱਕ ਹਨ ਅਤੇ ਉਨ੍ਹਾਂ ਜੰਗ ਦੇ ਮੁਕੰਮਲ ਹਾਲਾਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਦਲਦੇ ਸਮੇਂ ਦੇ ਨਾਲ ਖੁਦ ਨੂੰ ਬਦਲਿਆ ਹੈ।’ ਹਵਾਈ ਸੈਨਾ ਮੁਖੀ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਤਕਰੀਬਨ 90 ਸਾਲ ਪਹਿਲਾਂ ਬਹੁਤ ਹੀ ਮਾਮੂਲੀ ਸ਼ੁਰੂਆਤ ਕਰਨ ਵਾਲੀ ਭਾਰਤੀ ਹਵਾਈ ਸੈਨਾ ‘ਦੁਨੀਆ ਦੀਆਂ ਸਭ ਤੋਂ ਹੌਸਲੇ ਵਾਲੀਆਂ ਹਵਾਈ ਸੈਨਾਵਾਂ ’ਚੋਂ ਇੱਕ’ ਬਣ ਗਈ ਹੈ। ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ਇਹ ਸਾਲਾਂ ਤੋਂ ਸਾਬਕਾ ਫੌਜੀਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਤੇ ਸੇਵਾਵਾਂ ਰਾਹੀਂ ਹੀ ਸੰਭਵ ਹੋ ਸਕਿਆ ਹੈ।