ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਨਿਊਯਾਰਕ ’ਚ ਮਨਾਇਆ ਗੁਰਪੁਰਬ, ਸੰਗਤਾਂ ਨੂੰ ਦਿੱਤੀ ਵਧਾਈ

ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਨਿਊਯਾਰਕ ’ਚ ਮਨਾਇਆ ਗੁਰਪੁਰਬ, ਸੰਗਤਾਂ ਨੂੰ ਦਿੱਤੀ ਵਧਾਈ

ਨਿਊਯਾਰਕ : ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਿੱਖ ਭਾਈਚਾਰੇ ਨਾਲ ਗੁਰਪੁਰਬ ਮਨਾਉਣ ਲਈ ਨਿਊਯਾਰਕ ਦੇ ਲੋਂਗ ਆਈਲੈਂਡ ਸਥਿਤ ਹਿਕਸਵਿਲੇ ਗੁਰਦੁਆਰੇ ਦਾ ਦੌਰਾ ਕੀਤਾ। ਉਨ੍ਹਾਂ ਗੁਰਦੁਆਰੇ ਵਿੱਚ ਅਰਦਾਸ ਕੀਤੀ। ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਧੂ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਪੋਸਟ ਕੀਤਾ, “ਗੁਰਪੁਰਬ ਮਨਾਉਣ ਲਈ ਲੌਂਗ ਆਈਲੈਂਡ ਦੇ ਗੁਰੂ ਨਾਨਕ ਦਰਬਾਰ ਵਿਖੇ ਅਫਗਾਨਿਸਤਾਨ ਸਮੇਤ ਸਥਾਨਕ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ- ਕੀਰਤਨ ਸਰਵਣ ਕੀਤਾ, ਗੁਰੂ ਨਾਨਕ ਦੇਵ ਜੀ ਦੇ ਇਕਜੁਟਤਾ, ਏਕਤਾ ਅਤੇ ਸਮਾਨਤਾ ਦੇ ਸਦੀਵੀ ਸੰਦੇਸ਼ ਬਾਰੇ ਗੱਲ ਕੀਤੀ, ਲੰਗਰ ਛਕਿਆ ਅਤੇ ਸਾਰਿਆਂ ਲਈ ਅਸ਼ੀਰਵਾਦ ਲਿਆ।
ਰਾਜਦੂਤ ਨੇ ਇਕੱਠ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘ਅੱਜ ਦਾ ਦਿਨ ਮੇਰੇ ਲਈ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਵਿੱਚ ਆਉਣਾ ਅਤੇ ਇਸ ਸ਼ੁਭ ਦਿਹਾੜੇ ’ਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਬਹੁਤ ਖਾਸ ਦਿਨ ਹੈ। ਮੈਨੂੰ ਸੱਦਾ ਦੇਣ ਲਈ ਮੈਂ ਗੁਰਦੁਆਰਾ ਪ੍ਰਬੰਧਕਾਂ ਦਾ ਧੰਨਵਾਦੀ ਹਾਂ।’ ਉਸਨੇ ਅੱਗੇ ਕਿਹਾ, ‘ਜੇਕਰ ਅਸੀਂ ਗੁਰੂ ਸਾਹਿਬਾਨ ਦੀ ਧਾਰਮਿਕ ਵਿਰਾਸਤ ਦਾ ਅਧਿਐਨ ਕਰਦੇ ਹਾਂ ਤਾਂ ਉਹ ਹਮੇਸ਼ਾ ਅਗਾਂਹਵਧੂ ਵਿਚਾਰਾਂ ਲਈ ਬੋਲਦੇ ਸਨ, ਜੇਕਰ ਅਸੀਂ ਇਸਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਤਾਂ ਇਹ ਬਹੁਤ ਵਧੀਆ ਹੋਵੇਗਾ”। ਇਸ ਮੌਕੇ ਰਾਜਦੂਤ ਸੰਧੂ ਨੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਔਖੇ ਸਮੇਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੇ ਵਿਰਸੇ ਨੂੰ ਜਿਉਂਦਾ ਰੱਖਿਆ ਹੈ। ਸੰਧੂ ਨੇ ਸਮਾਗਮ ਦੌਰਾਨ ਕਿਹਾ, ‘ਸਾਨੂੰ ਉਸ ਵਿਰਸੇ ਤੋਂ ਸਿੱਖਣ ਦੀ ਲੋੜ ਹੈ ਜੋ ਸਾਨੂੰ ਮਿਲਿਆ ਹੈ। ਅਫਗਾਨਿਸਤਾਨ ਤੋਂ ਆਏ ਸਿੱਖਾਂ ਨੇ ਔਖੇ ਸਮੇਂ ਦਾ ਸਾਹਮਣਾ ਕੀਤਾ ਹੈ…ਸਿੱਖਾਂ ਦਾ ਅਫਗਾਨਿਸਤਾਨ ਨਾਲ ਬਹੁਤ ਪੁਰਾਣਾ ਸਬੰਧ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਬਹੁਤ ਸਾਰੇ ਗੁਰੂ ਅਫਗਾਨਿਸਤਾਨ ਗਏ ਸਨ।’
ਰਾਜਦੂਤ ਸੰਧੂ ਨੇ ਇਸ ਮੌਕੇ ਨਿਊਯਾਰਕ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਜਾ ਕੇ ਅਰਦਾਸ ਕੀਤੀ। ਸੰਧੂ ਨੇ ਅਗਲੀ ਪੋਸਟ ਵਿੱਚ ਉਸ ਸਬੰਧੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤੀ ਰਾਜਦੂਤ ਨੇ ਲੋਂਗ ਆਈਲੈਂਡ ਵਿੱਚ ਭਾਰਤੀ ਭਾਈਚਾਰੇ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਨਿਊਯਾਰਕ ਵਿੱਚ ਭਾਰਤ ਦੇ ਮੌਜੂਦਾ ਕੌਂਸਲ ਜਨਰਲ ਰਣਧੀਰ ਜੈਸਵਾਲ ਦੇ ਵਿਦਾਇਗੀ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ। ਰਣਧੀਰ ਜੈਸਵਾਲ, ਜੋ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਵਜੋਂ ਆਪਣੀ ਨਵੀਂ ਜ਼ਿੰਮੇਵਾਰੀ ਵੱਲ ਵਧਣਗੇ, ਦਾ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।