ਭਾਰਤੀ ਗੇਂਦਬਾਜ਼ੀ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ: ਮਹਾਮਬਰੇ

ਭਾਰਤੀ ਗੇਂਦਬਾਜ਼ੀ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ: ਮਹਾਮਬਰੇ

ਬੰਗਲੂਰੂ-
ਭਾਰਤ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਿਵੇਕਲੇ ਅੰਦਾਜ਼ ਨੇ ਉਨ੍ਹਾਂ ਨੂੰ ਵੱਖ-ਵੱਖ ਹਾਲਾਤ ’ਚ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ ਹੈ। ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ’ਚ ਹਾਲੇ ਤੱਕ ਕੋਈ ਮੈਚ ਨਹੀਂ ਹਾਰਿਆ। ਬੁੱਧਵਾਰ ਨੂੰ ਸੈਮੀਫਾਈਨਲ ਵਿੱਚ ਉਸ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਦੇ ਤੇਜ਼ ਗੇਂਦਬਾਜ਼ਾਂ ਦੇ ਨਾਲ ਸਪਿੰਨਰਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਹਾਮਬਰੇ ਨੇ ਕਿਹਾ, ‘‘ਸਾਡੇ ਕੋਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ। ਸਿਰਫ ਸਾਡੀ ਟੀਮ ਨੇ ਹੀ ਹਰ ਮੈਚ ਵੱਖਰੇ ਮੈਦਾਨ ਵਿੱਚ ਖੇਡਿਆ ਹੈ। ਸਾਡੇ ਕੋਲ ਇਨ੍ਹਾਂ ਹਾਲਾਤ ਦਾ ਫਾਇਦਾ ਉਠਾਉਣ ਲਈ ਸਹੀ ਗੇਂਦਬਾਜ਼ ਸਨ ਅਤੇ ਉਨ੍ਹਾਂ ਨੇ ਅਜਿਹਾ ਕਰ ਕੇ ਦਿਖਾਇਆ ਹੈ। ਉਹ ਸਾਰੇ ਕਿਸੇ ਵੀ ਦਿਨ ਆਪਣੇ ਦੇਸ਼ ਲਈ ਮੈਚ ਜਿੱਤਣ ਦੇ ਸਮਰੱਥ ਹਨ।’’ ਮਹਾਮਬਰੇ ਨੇ ਗੇਂਦ ਨੂੰ ਦੋਵੇਂ ਪਾਸੇ ਹਿਲਾਉਣ ਦੀ ਕਾਬਲੀਅਤ ਲਈ ਜਸਪ੍ਰੀਤ ਬੁਮਰਾਹ ਦੀ ਜਦਕਿ ਸੀਮ ਗੇਂਦਬਾਜ਼ੀ ਲਈ ਮੁਹੰਮਦ ਸ਼ਮੀ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਉਨ੍ਹਾਂ ਕੁੁਲਦੀਪ ਦੀ ਤਾਰੀਫ ਕਰਦਿਆਂ ਕਿਹਾ, ‘‘ਕੁਲਦੀਪ ਨੇ ਪਿਛਲੇ ਕੁੱਝ ਸਾਲਾਂ ਵਿੱਚ ਜੋ ਕੀਤਾ ਹੈ ਉਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਉਸ ਨੇ ਆਪਣੇ ਰਨਅਪ ਵਿੱਚ ਥੋੜ੍ਹਾ ਤਕਨੀਕੀ ਬਦਲਾਅ ਕੀਤਾ, ਜਿਸ ਨਾਲ ਉਸ ਨੂੰ ਕਾਫੀ ਮਦਦ ਮਿਲੀ।’’