ਭਾਰਤੀ ਖੇਡਾਂ ਦੀ ਟੀਸੀ ਵਾਲਾ ਬੇਰ ਨੀਰਜ ਚੋਪੜਾ

ਭਾਰਤੀ ਖੇਡਾਂ ਦੀ ਟੀਸੀ ਵਾਲਾ ਬੇਰ ਨੀਰਜ ਚੋਪੜਾ

ਨਵਦੀਪ ਸਿੰਘ ਗਿੱਲ

ਅਥਲੈਟਿਕਸ ਵਿਚ ਨੀਰਜ ਚੋਪੜਾ ਦੇ ਰੂਪ ਵਿਚ ਭਾਰਤੀ ਖੇਡਾਂ ਨੂੰ ਅਜਿਹਾ ਸੁਪਰ ਸਟਾਰ ਮਿਲਿਆ ਹੈ ਜਿਸ ਨੇ ਖੇਡਾਂ ਦੇ ਆਲਮੀ ਨਕਸ਼ੇ ਉਤੇ ਸੁਨਹਿਰੀ ਪੈੜਾਂ ਛੱਡੀਆਂ ਹਨ। ਹਾਲ ਹੀ ਵਿਚ ਬੁੱਡਾਪੈਸਟ ਵਿਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜੈਵਲਿਨ ਥਰੋਅ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਕੇ ਵਿਸ਼ਵ ਚੈਂਪੀਅਨ ਬਣੇ ਨੀਰਜ ਚੋਪੜਾ ਨੇ ਕਈ ਕੀਰਤੀਮਾਨ ਸਥਾਪਤ ਕਰ ਦਿੱਤੇ। ਉਹ ਅਭਿਨਵ ਬਿੰਦਰਾ ਤੋਂ ਬਾਅਦ ਦੂਜਾ ਖਿਡਾਰੀ ਹੈ ਜਿਸ ਨੇ ਦੋਵੇਂ ਵੱਡੇ ਖਿਤਾਬ (ਓਲੰਪਿਕ ਤੇ ਵਿਸ਼ਵ ਚੈਂਪੀਅਨ) ਜਿੱਤੇ ਹਨ। ਉਹ ਦੁਨੀਆ ਦੇ ਹਰ ਵੱਡੇ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਣ ਵਾਲਾ ਇਕਲੌਤਾ ਖਿਡਾਰੀ ਬਣ ਗਿਆ ਹੈ। ਓਲੰਪਿਕ ਖੇਡਾਂ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, ਡਾਇਮੰਡ ਲੀਗ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ, ਸੈਫ ਖੇਡਾਂ, ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਸਾਰੇ ਮੁਕਾਬਲਿਆਂ ਸੋਨ ਤਗ਼ਮਾ ਜਿੱਤਣ ਵਾਲਾ ‘ਗੋਲਡਨ ਬੁਆਏ’ ਨੀਰਜ ਚੋਪੜਾ ਇਸ ਵਕਤ ਭਾਰਤੀ ਖੇਡਾਂ ਦੀ ਟੀਸੀ ਵਾਲਾ ਬੇਰ ਹੈ। 2016 ਵਿਚ ਨੀਰਜ ਨੇ 86.48 ਮੀਟਰ ਦੀ ਥਰੋਅ ਨਾਲ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ ਸੀ। ਉਹ 89.94 ਮੀਟਰ ਥਰੋਅ ਨਾਲ ਇਸ ਵੇਲੇ ਕੌਮੀ ਰਿਕਾਰਡ ਹੋਲਡਰ ਹੈ।

ਨੀਰਜ ਚੋਪੜਾ ਨੇ ਬੁੱਡਾਪੈਸਟ ਵਿਚ 88.17 ਮੀਟਰ ਥਰੋਅ ਸੁੱਟ ਕੇ ਸੋਨ ਤਗ਼ਮਾ ਜਿੱਤਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਨਾਲ ਚਾਂਦੀ ਅਤੇ ਚੈਕ ਗਣਰਾਜ ਦੇ ਜੈਕਬ ਵੈਡਲੈਚ ਨੇ 85.79 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਨੀਰਜ ਦੀ ਬਿਹਤਰ ਖੇਡ ਦਾ ਹੀ ਅਸਰ ਹੈ ਕਿ ਪਹਿਲੀਆਂ ਛੇ ਪੁਜੀਸ਼ਨਾਂ ਵਿਚੋਂ ਤਿੰਨ ਭਾਰਤੀਆਂ ਨੇ ਮੱਲੀਆਂ। ਭਾਰਤ ਦਾ ਇਕ ਹੋਰ ਥਰੋਅਰ ਕ੍ਰਿਸ਼ਨਾ ਸੇਨ 85.79 ਮੀਟਰ ਥਰੋਅ ਨਾਲ ਪੰਜਵੇਂ ਅਤੇ ਡੀਪੀ ਮਨੂੰ 84.14ਮੀਟਰ ਥਰੋਅ ਨਾਲ ਛੇਵੇਂ ਸਥਾਨ ਉਤੇ ਰਿਹਾ। ਭਾਰਤ ਹੁਣ ਜੈਵਲਿਨ ਦਾ ਪਾਵਰ ਹਾਊਸ ਬਣ ਗਿਆ ਹੈ ਅਤੇ ਵਿਸ਼ਵ ਅਥਲੈਟਿਕਸ ਵਿਚ ਭਾਰਤੀ ਥਰੋਅਰਾਂ ਦੀ ਤੂਤੀ ਬੋਲਣ ਲੱਗ ਗਈ ਹੈ। ਨੀਰਜ ਨੇ ਪਿਛਲੇ ਸਾਲ ਅਮਰੀਕਾ ਦੇ ਔਰੇਗਨ ਵਿਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਦੋਂ ਇਕ ਹੋਰ ਭਾਰਤੀ ਜੈਵਲਿਨ ਥਰੋਅਰ ਰੋਹਿਤ ਯਾਦਵ 78.72 ਥਰੋਅ ਨਾਲ 10ਵੇਂ ਸਥਾਨ ਉੱਤੇ ਰਿਹਾ ਸੀ। ਵਿਸ਼ਵ ਚੈਂਪੀਅਨਸ਼ਿਪ ਸੋਨੇ ਤੇ ਚਾਂਦੀ ਅਤੇ ਦੋ ਤਗ਼ਮੇ ਜਿੱਤਣ ਵਾਲਾ ਵੀ ਉਹ ਇਕਲੌਤਾ ਭਾਰਤੀ ਅਥਲੀਟ ਹੈ। 2003 ਵਿਚ ਪੈਰਿਸ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਅੰਜੂ ਬੌਬੀ ਜਾਰਜ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਨੀਰਜ ਚੋਪੜਾ ਨੇ ਪਿਛਲੇ ਸਾਲ ਡਾਇਮੰਡ ਲੀਗ ਵਿਚ ਵੀ ਸੋਨੇ ਦਾ ਤਗ਼ਮਾ ਜਿੱਤਿਆ; ਇਸ ਵਾਰ ਜਿ਼ਊਰਿਖ ਡਾਇਮੰਡ ਲੀਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ।

ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ਨੂੰ ਹਰਿਆਣਾ ਦੇ ਇਤਿਹਾਸਕ ਕਸਬੇ ਪਾਣੀਪਤ ਨੇੜਲੇ ਪਿੰਡ ਖੰਡਰਾ ਵਿਚ ਸਾਧਾਰਨ ਕਿਸਾਨ ਪਰਿਵਾਰ ਵਿਚ ਹੋਇਆ। ਸਤੀਸ਼ ਕੁਮਾਰ ਅਤੇ ਸਰੋਜ ਦੇਵੀ ਦੇ ਘਰ ਪੈਦਾ ਹੋਇਆ ਨੀਰਜ ਸਾਂਝੇ ਪਰਿਵਾਰ ਵਿਚ ਪਲਿਆ ਜਿਸ ਦਾ ਖੇਡਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਘਰ ਵਿਚ ਦੁੱਧ-ਘਿਓ ਖੁੱਲ੍ਹਾ ਸੀ। ਨੀਰਜ ਨੂੰ ਵੀ ਮਲਾਈ ਬੂਰਾ ਤੇ ਸ਼ੱਕਰ ਬਹੁਤ ਪਸੰਦ ਸੀ। ਨੀਰਜ ਨੂੰ ਘਰ ਵਿਚ ਛੋਟੇ ਨਾਮ ਰਿੱਜੂ ਨਾਲ ਪੁਕਾਰਦੇ ਹਨ।

11-12 ਵਰ੍ਹਿਆਂ ਦੀ ਉਮਰੇ ਉਸ ਦਾ ਭਾਰ ਉਮਰ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ। ਪਰਿਵਾਰ ਨੂੰ ਨੀਰਜ ਦੇ ਵੱਧ ਭਾਰ ਦਾ ਫ਼ਿਕਰ ਹੋਣ ਲੱਗਾ। ਉਨ੍ਹਾਂ ਆਪਣੇ ਲਾਡਲੇ ਨੂੰ ਕਸਰਤ ਲਈ ਜਿਮ ਭੇਜਣ ਦਾ ਫੈਸਲਾ ਕੀਤਾ। ਉਸ ਵੇਲੇ ਪਰਿਵਾਰ ਨੇ ਸੋਚਿਆ ਨਹੀਂ ਹੋਵੇਗਾ ਕਿ ਭਾਰ ਘਟਾਉਣ ਲਈ ਰਿੱਜੂ ਨੂੰ ਖੇਡ ਮੈਦਾਨ ਭੇਜਣਾ ਇਕ ਦਿਨ ਇੰਨਾ ਰਾਸ ਆਵੇਗਾ ਕਿ ਉਹ ਜੱਗ ਜੇਤੂ ਅਥਲੀਟ ਬਣੇਗਾ।

ਨੀਰਜ ਨੇ ਜੈਵਲਿਨ ਪਹਿਲੀ ਵਾਰ 13 ਵਰ੍ਹਿਆਂ ਦੀ ਉਮਰੇ ਪਾਣੀਪਤ ਦੇ ਸ਼ਿਵਾਜੀ ਸਟੇਡੀਅਮ ’ਚ ਸੁੱਟੀ ਸੀ। ਉਸ ਦਾ ਮੁੱਢਲਾ ਕੋਚ ਜੈਵੀਰ ਚੌਧਰੀ ਤੇ ਫਿਟਨੈਸ ਟ੍ਰੇਨਰ ਜਿਤੇਂਦਰ ਜਾਗਲਾਨ ਸੀ। ਨਵੇਂ ਆਏ ਬਾਲਕ ਨੇ 30 ਮੀਟਰ ਥਰੋਅ ਸੁੱਟੀ; ਇਕ-ਦੋ ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਵੀ ਉਸ ਦੀ ਉਮਰ ਦੇ ਖਿਡਾਰੀ 25 ਮੀਟਰ ਥਰੋਅ ਮਸਾਂ ਸੁੱਟਦੇ ਹਨ। ਪਾਣੀਪਤ ਰਹਿੰਦਿਆਂ ਨੀਰਜ ਨੇ ਪਹਿਲੀ ਵਾਰ ਜ਼ਿਲ੍ਹਾ ਚੈਂਪੀਅਨਸ਼ਿਪ ਜਿੱਤੀ ਜੋ ਉਸ ਦੇ ਕਰੀਅਰ ਦੀ ਪਹਿਲੀ ਪ੍ਰਾਪਤੀ ਸੀ।

2010-11 ਵਿਚ ਨੀਰਜ ਦਾ ਚਾਚਾ ਸੁਰੇਂਦਰ ਚੋਪੜਾ ਆਪਣੇ ਭਤੀਜੇ ਨੂੰ ਚੰਡੀਗੜ੍ਹ ਲੈ ਆਇਆ ਜਿੱਥੇ ਸੈਕਟਰ 10 ਦੇ ਡੀਏਵੀ ਕਾਲਜ ਵਿਚ ਦਾਖਲਾ ਦਿਵਾ ਦਿੱਤਾ। ਖੇਡਾਂ ਵਾਸਤੇ ਨੀਰਜ ਨੂੰ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਰਨਿੰਗ ਕੋਚ ਨਸੀਮ ਅਹਿਮਦ ਦੇ ਹਵਾਲੇ ਕਰ ਦਿੱਤਾ। ਨੀਰਜ ਵਿਚ ਸਿੱਖਣ ਦੀ ਲਗਨ ਇੰਨੀ ਸੀ ਕਿ ਉਹ ਯੂਟਿਊਬ ਤੋਂ ਚੈੱਕ ਗਣਰਾਜ ਦੇ ਵਿਸ਼ਵ ਪ੍ਰਸਿੱਧ ਜੈਵਲਿਨ ਥਰੋਅਰ ਜੇਨ ਜੇਲੇਜ਼ਨੀ ਦੀਆਂ ਵੀਡਿਓ ਡਾਊਨਲੋਡ ਕਰ ਕੇ ਵਾਰ ਵਾਰ ਦੇਖਦਾ ਅਤੇ ਫਿਰ ਉਸ ਵਾਂਗ ਥਰੋਅ ਸੁੱਟਣ ਦੀ ਕੋਸ਼ਿਸ਼ ਕਰਦਾ। ਨੀਰਜ ਕੋਲੋਂ ਪ੍ਰੈਕਟਿਸ ਕਰਦਿਆਂ ਇਕ ਵਾਰ ਜੈਵਲਿਨ ਵੀ ਟੁੱਟ ਗਈ ਸੀ ਜਿਸ ਕਾਰਨ ਉਸ ਦੇ ਸੀਨੀਅਰ ਖਿਡਾਰੀ ਕਾਫ਼ੀ ਨਾਰਾਜ਼ ਹੋਏ ਸਨ ਹਾਲਾਂਕਿ ਉਸ ਬਾਂਸ ਜੈਵਲਿਨ ਦੀ ਕੀਮਤ ਮਹਿਜ਼ 200 ਰੁਪਏ ਸੀ। ਕੌਮਾਂਤਰੀ ਪੱਧਰ ਦੇ ਅਥਲੀਟਾਂ ਕੋਲ ਤਾਂ ਵਧੀਆ ਕੁਆਲਟੀ ਦੀ ਜੈਵਲਿਨ ਹੁੰਦੀ ਹੈ ਜਿਸ ਦੀ ਕੀਮਤ ਡੇਢ ਲੱਖ ਰੁਪਏ ਤੱਕ ਵੀ ਹੁੰਦੀ ਹੈ। ਨੀਰਜ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿਚ 7000 ਰੁਪਏ ਦੀ ਜੈਵਲਿਨ ਖਰੀਦੀ ਸੀ।

2019 ਵਿਚ ਉਹ ਆਪਣੀ ਕੂਹਣੀ ਦੇ ਅਪ੍ਰੇਸ਼ਨ ਕਾਰਨ ਅਥਲੈਟਿਕ ਫੀਲਡ ਤੋਂ ਬਾਹਰ ਰਿਹਾ। ਇਹ ਸਮਾਂ ਉਸ ਲਈ ਬੜਾ ਮੁਸ਼ਕਿਲ ਤੇ ਚੁਣੌਤੀ ਭਰਿਆ ਸੀ। ਉਸ ਨੇ 3 ਮਈ 2019 ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ’ਚ ਆਰਥੋ ਤੇ ਸਪੋਰਟਸ ਮੈਡੀਸਨ ਦੇ ਮਾਹਿਰ ਡਾਕਟਰ ਦਿਨਸ਼ੌਅ ਪਰਡੀਵਾਲਾ ਕੋਲੋਂ ਆਪਰੇਸ਼ਨ ਕਰਵਾਇਆ। ਉਹ ਜਰਮਨੀ ਦੇ ਕਲੌਸ ਬਾਰਟੋਨੀਟਜ਼ ਤੋਂ ਕੋਚਿੰਗ ਲੈ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਗੈਰੀ ਕਾਲਵੈਰਟ, ਵਾਰਨਰ ਡੈਨੀਅਲਜ਼ ਤੇ ਯੂਵੀ ਹੌਨ ਤੋਂ ਵੀ ਕੋਚਿੰਗ ਲਈ। ਨੀਰਜ ਨੇ ਓਲੰਪਿਕਸ ਤੋਂ ਪਹਿਲਾਂ ਸਵੀਡਨ ਦੇ ਉਪਸਾਲਾ ਵਿਚ ਕਲੌਸ ਦੀ ਨਿਗਰਾਨੀ ਹੇਠ ਟ੍ਰੇਨਿੰਗ ਕੀਤੀ।

ਨੀਰਜ ਚੋਪੜਾ ਨੂੰ ਭਾਰਤ ਸਰਕਾਰ ਨੇ ਪਦਮਸ੍ਰੀ, ਮੇਜਰ ਧਿਆਨ ਚੰਦ ਖੇਡ ਰਤਨ ਅਤੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। 4 ਰਾਜਪੂਤਾਨਾ ਰਾਈਫਲਜ਼ ਵਿਚ ਸੂਬੇਦਾਰ ਵਜੋਂ ਤਾਇਨਾਤ ਨੀਰਜ ਨੂੰ ਭਾਰਤੀ ਫ਼ੌਜ ਨੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ। ਖੇਡ ਰਸਾਲੇ ‘ਸਪੋਰਟਸ ਸਟਾਰ’ ਦੇ 2021 ਦੌਰਾਨ ਕਰਵਾਏ ‘ਏਸਜ਼ ਐਵਾਰਡ’ ਦੌਰਾਨ ਨੀਰਜ ਚੋਪੜਾ ਨੂੰ ਦਹਾਕੇ ਦੇ ਸਰਵੋਤਮ ਅਥਲੀਟ (ਟਰੈਕ ਤੇ ਫੀਲਡ) ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐਫਆਈ) ਵੱਲੋਂ ਹਰ ਸਾਲ 7 ਅਗਸਤ (ਜਿਸ ਦਿਨ ਨੀਰਜ ਨੇ ਟੋਕੀਓ ਵਿਚ ਸੋਨ ਤਮਗਾ ਜਿੱਤਿਆ ਸੀ) ਨੂੰ ਕੌਮੀ ਜੈਵਲਿਨ ਥਰੋਅ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।

ਨੀਰਜ ਹੁਣ ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਜੌਹਰ ਦਿਖਾਏਗਾ ਜਿੱਥੇ ਉਸ ਦਾ ਮੁੱਖ ਮੁਕਾਬਲਾ ਪਾਕਿਸਤਾਨ ਦੇ ਅਰਸ਼ਦ ਨਦੀਮ ਨਾਲ ਹੀ ਹੋਵੇਗਾ। ਇਕ ਮੁਕਾਬਲਾ ਉਸ ਦਾ ਆਪਣੇ ਆਪ ਨਾਲ ਵੀ ਹੈ ਅਤੇ 90 ਮੀਟਰ ਦੀ ਹੱਦ ਪਾਰ ਕਰਨਾ ਉਸ ਦਾ ਟੀਚਾ ਹੈ।