ਭਾਰਤੀ ਏਜੰਸੀਆਂ ਸਿੱਖਾਂ ਨੂੰ ਜਲੀਲ ਕਰ ਰਹੀਆਂ ਹਨ : ਜਥੇਦਾਰ ਗਿ. ਹਰਪ੍ਰੀਤ ਸਿੰਘ

ਭਾਰਤੀ ਏਜੰਸੀਆਂ ਸਿੱਖਾਂ ਨੂੰ ਜਲੀਲ ਕਰ ਰਹੀਆਂ ਹਨ : ਜਥੇਦਾਰ ਗਿ. ਹਰਪ੍ਰੀਤ ਸਿੰਘ

ਦਮਦਮੀ ਸਾਹਿਬ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਾਰਤੀ ਏਜੰਸੀਆਂ ਸਰਕਾਰੀ ਸਰਪ੍ਰਸਤੀ ਵਿਚ ਸਿੱਖਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ’ਤੇ ਅਨੇਕਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਹਿੰਸਕ ਸਾਬਤ ਕਰਨਾ ਚਾਹੁੰਦੇ ਹਨ। ਜਿਸ ਕਰਕੇ ਸਿੱਖਾਂ ਦੇ ਦੁਨੀਆ ਭਰ ਵਿਚ ਕਤਲ ਹੋ ਰਹੇ ਹਨ। ਜਿਨ੍ਹਾਂ ਦੀ ਇਕ ਮਿਸਾਲ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਵੀ ਹੈ। ਉਨ੍ਹਾਂ ਕਿਹਾ ਕਿ ਏਜੰਸੀਆਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਭਾਰਤ ਵਿਚ ਸਿੱਖਾਂ ਨੂੰ ਹੁਣ ਅਪਰਾਧਿਕ ਦਰਜੇ ਦੇ ਸਮਝਿਆ ਜਾਣ ਲੱਗ ਪਿਆ ਹੈ।
ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ। ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਦੀਪ ਸਿੰਘ ਜੀ ਤੇ ਹੋਰ ਵੱਡੇ ਵੱਡੇ ਸੂਰਬੀਰ ਹਜ਼ਾਰਾਂ ਦੀ ਗਿਣਤੀ ਵਿੱਚ ਪੈਦਾ ਹੋਏ ਹਨ। ਇੱਥੇ ਉਹ ਸੂਰਬੀਰ ਵੀ ਪੈਦਾ ਹੋਏ ਜਿਨ੍ਹਾਂ ਨੂੰ ਸਮਾਜ ਨੇ ਡਾਕੂ ਕਿਹਾ ਪਰ ਉਹਨਾਂ ਸੂਰਬੀਰਾਂ ਨੇ ਨੈਤਿਕਤਾ ਦਾ ਪੱਲਾ ਨਹੀਂ ਛੱਡਿਆ। ਚਾਹੇ ਉਹ ਜਿਉਣੇ ਮੌੜ ਸੀ, ਚਾਹੇ ਉਹ ਜੱਗਾ ਡਾਕੂ ਸੀ। ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜੇ ਅਤੇ ਮਜ਼ਲੂਮਾਂ ਦਾ ਸਾਥ ਦਿੱਤਾ। ਜਿਸ ਧਰਤੀ ਨੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਜਿਸ ਧਰਤੀ ਬਾਰੇ ਪ੍ਰੋਫੈਸਰ ਪੂਰਨ ਸਿੰਘ ਜੀ ਵਰਗਿਆਂ ਨੇ ਕਿਹਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ’ਤੇ ਉਸ ਧਰਤੀ ਦੇ ਨੌਜਵਾਨ ਅੱਜ ਨਸ਼ੇ ਦੀ ਗ੍ਰਿਫਤ ਵਿੱਚ ਬਹੁਤ ਧੜਾ ਧੜ ਆ ਰਹੇ ਹਨ। ਨਸ਼ੇ ਦੇ ਵਪਾਰੀ ਦੰਦਨਾਉਂਦੇ ਫਿਰਦੇ ਅਤੇ ਖੁੱਲ ਕੇ ਨਸ਼ਾ ਵੇਚਿਆ ਜਾ ਰਿਹਾ ਅਤੇ ਖਰੀਦਿਆ ਜਾ ਰਿਹਾ। ਸਰਕਾਰਾਂ ਮੂਕ ਦਰਸ਼ਕ ਬਣੀਆਂ ਦੇਖ ਰਹੀਆਂ ਹਨ। ਉਥੇ ਇੱਕ ਅਜੀਬ ਬਿਮਾਰੀ ਜਿਹੜੀ ਪੰਜਾਬ ਦੇ ਵਿੱਚ ਆ ਪਹੁੰਚੀ ਹੈ ਅਤੇ ਉਹ ਇੱਕ ਗੈਂਗਸਟਰਵਾਦ।
ਟਾਰਗੇਟ ਕਿਲਿੰਗ ਪੰਜਾਬ ਵਿੱਚ ਧੜਾ ਧੜ ਹਰ ਸ਼ਹਿਰ ਵਿੱਚ ਹੁੰਦੀ ਦਿਖਾਈ ਦੇ ਰਹੀ। ਇਸ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਗੈਂਗਸਟਰਾਂ ਨੂੰ ਅਲੱਗ ਅਲੱਗ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨੇ ਆਪਣੇ ਮਨੋਰਥਾਂ ਨੂੰ ਪੂਰਾ ਕਰਨ ਲਈ ਇਸਤੇਮਾਲ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਕਾਰਨ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਟਾਰਗੇਟ ਕਿਲਿੰਗ ਬੜੀ ਤੇਜ਼ੀ ਦੇ ਨਾਲ ਵਧੀਆਂ ਹਨ। ਭਾਵੇਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਹੈ ਪਰ ਉਸ ਤੋਂ ਪਹਿਲਾਂ ਭਾਈ ਰਿਪਦੁਮਨ ਸਿੰਘ ਮਲਿਕ ਦਾ ਕਤਲ ਹੋਇਆ। ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ। ਇਹ ਵੱਡੀ ਚਿੰਤਾ ਦੀ ਗੱਲ ਹੈ ਕਿ ਖੁਫੀਆ ਏਜੰਸੀਆਂ ਇਹਨਾਂ ਗੈਂਗਸਟਰਾਂ ਨੂੰ ਆਪਣੇ ਮਨੋਰਥਾਂ ਲਈ ਇਸਤੇਮਾਲ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਇੱਕ ਹੋਰ ਸਿਰਕੱਢ ਆਗੂ ਗੋਗਾ ਮੈਲੀ ਦਾ ਕਤਲ ਹੋਇਆ। ਇਹ ਵੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਕਤਲ ਹੈ। ਇਹ ਕਤਲ ਸਾਡੇ ਅੰਦਰ ਚਿੰਤਾਵਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਖਿਲਾਫ ਇੱਕ ਅਜੀਬ ਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਕਿ ਇਹ ਵੱਖਵਾਦੀ ਹੈ ਇਹ ਅੱਤਵਾਦੀ ਹੈ। ਇਸ ਸਿਰਜੇ ਜਾ ਬਿਰਤਾਂਤ ਨੂੰ ਕਿਤੇ ਨਾ ਕਿਤੇ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੈ ਅਤੇ ਜਦੋਂ ਇਹੋ ਜਿਹੀ ਟਾਰਗੇਟ ਕਿਲਿੰਗ ਦੁਨੀਆਂ ਦੇ ਵਿੱਚ ਕਿਤੇ ਵੀ ਕਿਸੇ ਸਿੱਖ ਦੀ ਹੁੰਦੀ ਹੈ ਉਸ ਨੂੰ ਜਾਇਜ਼ ਠਹਿਰਾਉਣ ਦੇ ਵਿੱਚ ਇਹ ਚੀਜ਼ਾਂ ਸਹਾਈ ਹੁੰਦੀਆਂ ਹਨ ਜਦੋਂ ਸਿੱਖਾਂ ਦੇ ਖਿਲਾਫ ਬਿਰਤਾਂਤ ਸਿਰਜਿਆ ਜਾਂਦਾ ਹੈ ਕਿ ਅੱਤਵਾਦੀ ਹੈ ਵੱਖਵਾਦੀ ਹੈ ਤਾਂ ਫਿਰ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇਹ ਉਹਨਾਂ ਕਤਲਾਂ ਨੂੰ ਠੀਕ ਠਹਿਰਾਉਣ ਦੇ ਵਿੱਚ ਮਦਦ ਕਰਦਾ। ਦੂਜੇ ਪਾਸੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਬਿਲਕੁਲ ਵੀ ਨਹੀਂ ਹੁੰਦੀਆਂ। ਕੋਰਟਾਂ ਉਹਨਾਂ ਨੂੰ ਬਰੀ ਕਰ ਰਹੀਆਂ ਅਤੇ ਉਹ ਇੱਜ਼ਤ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਘੁੰਮ ਰਹੇ ਹਨ। ਸਮਾਜ ਦੇ ਵਿੱਚ ਵਿਚਰ ਰਹੇ ਹਨ ਅਤੇ ਸਿੱਖਾਂ ਦਾ ਮੂੰਹ ਚੜਾਉਂਦੇ ਹਨ। ਇਹ ਵਰਤਾਰਾ ਜਿਹੜਾ ਭਾਰਤ ਅੰਦਰ ਵਰਤ ਰਿਹਾ ਇਉਂ ਸਾਬਤ ਕਰ ਰਿਹਾ ਕਿ ਸਿੱਖ ਜਿਹੜੇ ਹਨ ਇਸ ਮੁਲਕ ਵਿੱਚ ਸ਼ਾਇਦ ਦੂਜੇ ਨਹੀਂ ਬਲਕਿ ਤੀਜੇ ਦਰਜੇ ਦੇ ਸ਼ਹਿਰੀ ਹਨ।
ਇੱਕ ਪਾਸੇ ਸਿੱਖਾਂ ਦੀਆਂ ਹੱਤਿਆਵਾਂ ਦੂਜੇ ਪਾਸੇ ਸਿੱਖ ਨਸਲਕੁਸ਼ੀ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਛੋਟਾਂ ਜਾਂ ਉਹਨਾਂ ਨੂੰ ਅਦਾਲਤਾਂ ਵੱਲੋਂ ਬਰੀ ਕਰਨਾ ਇਹ ਕਿਤੇ ਨਾ ਕਿਤੇ ਸਾਡੇ ਅੰਦਰ ਡਰ ਪੈਦਾ ਕਰ ਰਿਹਾ ਹੈ। ਅੱਜ ਪੰਜਾਬ ਦੇ ਹਰ ਸ਼ਹਿਰ ਵਿੱਚ ਦੂਜੇ ਤੀਜੇ ਦਿਨ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਉਹ ਟਾਰਗੇਟ ਕਿਲਿੰਗ ਦੇ ਤਹਿਤ ਕੀਤਾ ਜਾ ਰਿਹਾ।
ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਸਥਾਨ ਦੇ ਵਿੱਚ ਵੀ ਕਤਲ ਹੋਇਆ। ਚਾਹੇ ਕਿਸੇ ਸਿੱਖ ਦਾ ਕਤਲ ਹੋਵੇ, ਚਾਹੇ ਕਿਸੇ ਰਾਜਪੂਤ ਕਤਲ ਹੋਵੇ, ਕਿਸੇ ਖੱਤਰੀ ਦਾ ਕਤਲ ਹੋਵੇ, ਕਿਸੇ ਹਿੰਦੂ ਦਾ ਕਤਲ ਹੋਵੇ, ਕਿਸੇ ਮੁਸਲਮਾਨ ਦਾ ਕਤਲ ਹੋਵੇ ਇਹ ਕਤਲ ਹੋਣੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਘਨੋਣੀ ਕਾਰਵਾਈ ਹੈ। ਇਹਨੂੰ ਠੱਲ ਪੈਣੀ ਚਾਹੀਦੀ ਹੈ।
ਭਾਈ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖਾਂ ਨੇ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ 98 ਫੀਸਦੀ ਕੁਰਬਾਨੀਆਂ ਕੀਤੀਆਂ ਹਨ। ਜਿਨ੍ਹਾਂ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਕਾਲੇ ਪਾਣੀ ਦੀਆਂ ਜੇਲ੍ਹਾਂ ਅੱਜ ਵੀ ਪੰਜਾਬੀਆਂ ਦੇ ਨਾਂ ’ਤੇ ਬੋਲਦੀਆਂ ਹਨ। ਕਿਉਂਕਿ ਪੰਜਾਬੀਆਂ ਨੇ ਦੇਸ਼ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ। ਪਰ ਅੱਜ ਸਿੱਖਾਂ ਨੂੰ ਭਾਰਤ ਦੀਆਂ ਏਜੰਸੀਆਂ ਸਰਕਾਰੀ ਸਰਪ੍ਰਸਤੀ ਹੇਠ ਬਦਨਾਮ ਕਰਨ ਲੱਗੀਆਂ ਹੋਈਆਂ ਹਨ। ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਨੇ ਭਾਰਤੀ ਅਨਾਜ ਭੰਡਾਰ ਵਿਚ ਦੇਸ਼ ਦੇ ਹਰ ਇਕ ਸੂਬਾ ਨਾਲੋਂ ਵੱਧ ਅਨਾਜ ਪਾਇਆ ਹੈ। ਉਨ੍ਹਾਂ ਆਪਣਾ ਪਾਣੀ ਵੀ ਖਤਮ ਕਰ ਲਿਆ ਪਰ ਉਹ ਭਾਰਤ ਲਈ ਕਰਮ ਕਰਦੇ ਰਹੇ। ਪਰ ਅੱਜ ਪੰਜਾਬ ਵਿਚ ਵਸਦੇ ਲੋਕਾਂ ਜਿਨ੍ਹਾਂ ਵਿਚ ਕਿਹਾ ਵੱਡੀ ਗਿਣਤੀ ਵਿਚ ਸਿੱਖ ਹਨ ਉਨ੍ਹਾਂ ਪ੍ਰਤੀ ਸਰਕਾਰਾਂ ਦੀਆਂ ਨੀਤੀਆਂ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿੱਖ ਦੇਸ਼ ਭਗਤ ਹਨ।