ਭਾਰਤੀ-ਅਮਰੀਕੀ ਵਿਦਿਆਰਥਣ ਨੇ ‘ਮਿਸ ਇੰਡੀਆ ਯੂ.ਐਸ.ਏ. 2023’ ਦਾ ਤਾਜ ਪਹਿਨਿਆ

ਭਾਰਤੀ-ਅਮਰੀਕੀ ਵਿਦਿਆਰਥਣ ਨੇ ‘ਮਿਸ ਇੰਡੀਆ ਯੂ.ਐਸ.ਏ. 2023’ ਦਾ ਤਾਜ ਪਹਿਨਿਆ

ਵਾਸ਼ਿੰਗਟਨ : ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊਜਰਸੀ ’ਚ ਕਰਵਾਏ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂ.ਐਸ.ਏ. 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੁਏਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਜ਼ ਇੰਡੀਆ ਯੂ.ਐਸ.ਏ.’ ਅਤੇ ਪੈਂਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂ.ਐਸ.ਏ.’ ਦਾ ਖਿਤਾਬ ਜਿੱਤਿਆ। ਭਾਰਤ ਦੇ ਬਾਹਰ ਲੰਬੇ ਸਮੇਂ ਤੱਕ ਚੱਲਣ ਵਾਲਾ ਭਾਰਤੀ ਮੁਕਾਬਲਾ ਇਸ ਸਾਲ ਆਪਣੀ 41ਵੀਂ ਵਰੇ੍ਹਗੰਢ ਮਨਾ ਰਿਹਾ ਹੈ। ਇਸ ਦੀ ਸ਼ੁਰੂਆਤ ਨਿਊਯਾਰਕ ਸਥਿਤ ਭਾਰਤੀ-ਅਮਰੀਕੀ ਧਰਮਾਤਮਾ ਸਰਨ ਤੇ ਨੀਲਮ ਸਰਨ ਨੇ ‘ਵਰਲਡਵਾਈ ਪੇਜੈਂਟਸ’ ਦੇ ਬੈਨਰ ਹੇਠ ਕੀਤੀ ਸੀ। 24 ਸਾਲਾ ਮੈਨੀ ਮੈਡੀਕਲ ਵਿਦਿਆਰਥਣ ਤੇ ਮਾਡਲ ਹੈ। ਉਹ ਸਰਜਨ ਬਣਨਾ ਚਾਹੁੰਦੀ ਹੈ ਤੇ ਹਰ ਥਾਂ ਔਰਤਾਂ ਦੇ ਲਈ ਇਕ ਰੋਲ ਮਾਡਲ ਦੇ ਰੂਪ ’ਚ ਕੰਮ ਕਰਨ ਦੀ ਇੱਛਾ ਰੱਖਦੀ ਹੈ। ਇਸ ਮੁਕਾਬਲੇ ’ਚ ਵਰਜੀਨੀਆ ਦੀ ਗ੍ਰੀਸ਼ਮਾ ਭੱਟ ਨੂੰ ਪਹਿਲੀ ਉਪ ਜੇਤੂ ਤੇ ਉਤਰੀ ਕੈਰੋਲੀਨਾ ਦੀ ਇਸ਼ਤਾ ਪਾਈਰਾਕਰ ਨੂੰ ਦੂਸਰੀ ਉਪ ਜੇਤੂ ਐਲਾਨਿਆ ਗਿਆ।