ਭਾਜਪਾ ਸਰਕਾਰ ਬਣੀ ਤਾਂ ਦੰਗਾਈਆਂ ਨੂੰ ਪੁੱਠੇ ਟੰਗਾਂਗੇ: ਸ਼ਾਹ

ਭਾਜਪਾ ਸਰਕਾਰ ਬਣੀ ਤਾਂ ਦੰਗਾਈਆਂ ਨੂੰ ਪੁੱਠੇ ਟੰਗਾਂਗੇ: ਸ਼ਾਹ

ਹਿਸੂਆ(ਬਿਹਾਰ) – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਸਾਰਾਮ ਤੇ ਬਿਹਾਰ ਸ਼ਰੀਫ਼ ਕਸਬਿਆਂ ਵਿੱਚ ਫਿਰਕੂ ਹਿੰਸਾ ਰੋਕਣ ਵਿੱਚ ਨਾਕਾਮ ਰਹੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਬੰਧਨ ਸਰਕਾਰ ਨੂੰ ਅੱਜ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਜੇਕਰ 2025 ਵਿੱਚ ਸੂਬੇ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਇਨ੍ਹਾਂ ਦੰਗਾਈਆਂ ਨੂੰ ਪੁੱਠੇ ਟੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਅਗਲੀਆਂ ਅਸੈਂਬਲੀ ਚੋਣਾਂ ਵਿੱਚ ‘ਮਹਾਗੱਠਬੰਧਨ’ ਨੂੰ ਸੱਤਾ ਤੋਂ ਲਾਂਭੇ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਬਿਹਾਰ ਦੀ ਮੌਜੂਦਾ ਸਰਕਾਰ ‘ਬੈਡ’ ਸੀ, ਜਿਸ ਦੇ ਕਿਰਦਾਰ ਨੂੰ ‘ਭ੍ਰਿਸ਼ਟਾਚਾਰ, ਅਰਾਜਕਤਾ ਤੇ ਦਮਨ ਦੇ ਰੂਪ ਵਿਚ ਬਿਆਨਿਆ ਜਾ ਸਕਦਾ ਹੈ। ਉਨ੍ਹਾਂ ਫਿਰਕੂ ਹਿੰਸਾ ਲਈ ਨਿਤੀਸ਼ ਕੁਮਾਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਇਸੇ ਫਿਰਕੂ ਹਿੰਸਾ ਕਰਕੇ ਸ਼ਾਹ ਦੀ ਸਾਸਾਰਾਮ ਦੇ ਰੋਹਤਾਸ ਜ਼ਿਲ੍ਹੇ ਵਿਚਲੀ ਤਜਵੀਜ਼ਤ ਫੇਰੀ ਰੱਦ ਕਰਨੀ ਪੈ ਗਈ। ਬਿਹਾਰ ਭਾਜਪਾ ਨੇ ਫੇਰੀ ਰੱਦ ਹੋਣ ਦਾ ਠੀਕਰਾ ਨਿਤੀਸ਼ ਸਿਰ ਭੰਨਿਆ ਹੈ। ਉਧਰ ਸ਼ਾਹ ਦੀ ਸਸ਼ਤਰ ਸੀਮਾ ਬਲ ਦੇ ਪਟਨਾ ਫਰੰਟੀਅਰ ਦੀ ਐਤਵਾਰ ਸਵੇਰ ਲਈ ਤਜਵੀਜ਼ਤ ਫੇਰੀ ਨੂੰ ਵੀ ‘ਕੁਝ ਨਾ ਟਾਲਣਯੋਗ ਕਾਰਨਾਂ’ ਕਰਕੇ ਰੱਦ ਕਰਨਾ ਪੈ ਗਿਆ। ਇਥੇ ਨਵਾਦਾ ਜ਼ਿਲ੍ਹੇ ਦੇ ਹਿਸੂਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ, ਜਿਨ੍ਹਾਂ ਨੂੰ ਭਾਜਪਾ ਦੇ ਪ੍ਰਮੁੱਖ ਰਣਨੀਤੀਕਾਰ ਵਜੋਂ ਜਾਣਿਆ ਜਾਂਦਾ ਹੈ, ਨੇ ਸਾਸਾਰਾਮ ਵਿਚਲੇ ਹਾਲਾਤ ਨੂੰ ਆਪਣੇ ਹੀ ਅੰਦਾਜ਼ ਵਿੱਚ ਬਿਆਨਦਿਆਂ ਦਾਅਵਾ ਕੀਤਾ ‘ਲੋਕ ਮਾਰੇ ਜਾ ਰਹੇ ਹੈਂ’ ਔਰ ‘ਗੋੋਲੀਆਂ ਚਲ ਰਹੀ ਹੈਂ।’ ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ 2024 ਦੀਆਂ ਆਮ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ 40 ਲੋਕ ਸਭਾ ਸੀਟਾਂ ਤੋਂ ਪਾਰਟੀ (ਭਾਜਪਾ) ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਨਰਿੰਦਰ ਮੋਦੀ ਲਗਾਤਾਰ ਤੀਜੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਬਣਨਗੇ। ਜਦੋਂ ਅਜਿਹਾ ਹੋਵੇਗਾ, ਨਿਤੀਸ਼ ਕੁਮਾਰ ਸਰਕਾਰ ਦੀ ਕਮਾਨ ਆਪਣੇ ਡਿਪਟੀ ਤੇਜਸਵੀ ਯਾਦਵ ਨੂੰ ਸੌਂਪਣ ਕੇ ਕੀਤੇ ਵਾਅਦੇ ਤੋਂ ਮੁੱਕਰ ਜਾਣਗੇ, ਕਿਉਂਕਿ ਪ੍ਰਧਾਨ ਮੰਤਰੀ ਬਣਨ ਦਾ ਉਨ੍ਹਾਂ ਦਾ ਸੁਪਨਾ ਟੁੱਟ ਜਾਵੇਗਾ।’’ ਸ਼ਾਹ ਨੇ ਦਾਅਵਾ ਕੀਤਾ ਕਿ ਲਾਲੂ ਪ੍ਰਸਾਦ ਤੇ ਨਿਤੀਸ਼ ਕੁਮਾਰ ਇਕ ਦੂਜੇ ਨੂੰ ਖ਼ੁਸ਼ ਰੱਖਣ ਦੀ ਸਿਆਸਤ ਕਰਦੇ ਰਹੇ ਹਨ, ਜਿਸ ਕਰਕੇ ਅਤਿਵਾਦ ਨੂੰ ਸਿਰ ਚੁੱਕਣ ਵਿੱਚ ਮਦਦ ਮਿਲੀ, ਜਦੋਂਕਿ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਧਾਰਾ 370 ਰੱਦ ਕੀਤੀ। ਸ਼ਾਹ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਲਈ ਭਾਜਪਾ ਦੇ ਦਰ ਹਮੇਸ਼ਾ ਲਈ ਬੰਦ ਹੋ ਗਏ ਹਨ। ਉਨ੍ਹਾਂ ਕਿਹਾ, ‘‘ਭਾਜਪਾ ਜਾਤੀਵਾਦ ਦਾ ਜ਼ਹਿਰ ਉਗਲਣ ਵਾਲੇ ਨਿਤੀਸ਼ ਕੁਮਾਰ ਅਤੇ ‘ਜੰਗਲ ਰਾਜ’ ਦੇ ਮੋਢੀ ਲਾਲੂ ਪ੍ਰਸਾਦ ਨਾਲ ਹੁਣ ਕਦੇ ਹੱਥ ਨਹੀਂ ਮਿਲਾ ਸਕਦੀ। ਸ਼ਾਹ ਨੇ ਦਾਅਵਾ ਕੀਤਾ ਕਿ ਕਾਂਗਰਸ, ਜੇਡੀਯੂ, ਆਰਜੇਡੀ ਤੇ ਟੀਐੱਮਸੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਵਿਰੋਧ ਕੀਤਾ ਜਦੋਂ ਕਿ ਮੋਦੀ ਨੇ ਇੱਥੇ ਗਗਨਚੁੰਬੀ ਮੰਦਰ ਦੀ ਬੁਨਿਆਦ ਰੱਖੀ।’’ ਬਿਹਾਰ ਵਿੱਚ ਫਿਰਕੂ ਹਿੰਸਾ ਦੀ ਗੱਲ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਮੈਂ ਭਗਵਾਨ ਨੂੰ ਦੁਆ ਕਰਾਂਗਾ ਕਿ ਜਲਦੀ ਹੀ ਹਾਲਾਤ ਆਮ ਵਾਂਗ ਹੋਣ। ਅੱਜ ਸਵੇਰੇ ਜਦੋਂ ਮੈਂ ਰਾਜਪਾਲ ਨਾਲ ਗੱਲ ਕੀਤੀ, ਤਾਂ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਗੁੱਸੇ ਹੋ ਗਏ ਤੇ ਸਵਾਲ ਕਰਨ ਲੱਗੇ ਕਿ ਮੈਨੂੰ ਬਿਹਾਰ ਦੀ ਇੰਨੀ ਚਿੰਤਾ ਕਿਉਂ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਹਾਂ ਤੇ ਬਿਹਾਰ ਦੀ ਅਮਨ ਤੇ ਕਾਨੂੰਨ ਵਿਵਸਥਾ ਦੀ ਮੈਨੂੰ ਵੀ ਫਿਕਰ ਹੈ।’’