ਭਾਜਪਾ ਸਰਕਾਰ ਨੇ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਖ਼ਤਮ ਕੀਤਾ: ਸ਼ਾਹ

ਭਾਜਪਾ ਸਰਕਾਰ ਨੇ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਖ਼ਤਮ ਕੀਤਾ: ਸ਼ਾਹ

ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕੱਢਿਆ; ਕਰਨਾਟਕ ’ਚ ਡਬਲ ਇੰਜਣ ਸਰਕਾਰ ਲਿਆਉਣ ਦੀ ਅਪੀਲ ਦੁਹਰਾਈ
ਗੁੱਭੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਭਾਜਪਾ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਕੱਢਦਿਆਂ ਲੋਕਾਂ ਤੋਂ 10 ਮਈ ਨੂੰ ਹੋ ਰਹੀਆਂ ਕਰਨਾਟਕ ਵਿਧਾਨ ਚੋਣਾਂ ਲਈ ਸਮਰਥਨ ਮੰਗਿਆ। ਸ਼ਾਹ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਇੱਕ ਗੱਡੀ ਵਿੱਚ ਖੜ੍ਹੇ ਸਨ ਅਤੇ ਸੜਕ ਦੇ ਦੋਵੇਂ ਪਾਸੇ ਅਤੇ ਛੱਤਾਂ ’ਤੇ ਖੜ੍ਹੇ ਲੋਕਾਂ ਨੇ ਕੇਂਦਰੀ ਮੰਤਰੀ ’ਤੇ ਫੁੱਲ ਬਰਸਾਏ। ਇੱਥੇ ਟੁਮਕੂਰੂ ਜ਼ਿਲ੍ਹੇ ਵਿੱਚ ਰੋਡ ਸ਼ੋਅ ਦੀ ਸਮਾਪਤੀ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਭਾਜਪਾ ਉਮੀਦਵਾਰ ਨੂੰ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕੀਤੀ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿੱਚ ‘ਡਬਲ ਇੰਜਣ ਦੀ ਸਰਕਾਰ’ ਸੱਤਾ ਵਿੱਚ ਲਿਆਂਦੀ ਜਾ ਸਕੇ। ਸ਼ਾਹ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਰਨਾਟਕ ਲਈ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮੁਸਲਮਾਨਾਂ ਨੂੰ ਮਿਲਣ ਵਾਲਾ ਚਾਰ ਫ਼ੀਸਦੀ ਰਾਖਵਾਂਕਰਨ ਖ਼ਤਮ ਕੀਤਾ ਅਤੇ ਐੱਸਸੀ/ਐੱਸਟੀ ਵਰਗਾਂ ਲਈ ਕੋਟਾ ਵਧਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਜੇਕਰ ਕਾਂਗਰਸ ਸੱਤਾ ਵਿੱਚ ਆਵੇਗੀ ਤਾਂ ਉਹ (ਵਧਾਏ ਗਏ) ਇਨ੍ਹਾਂ ਸਾਰੇ ਕੋਟਿਆਂ ਨੂੰ ਵਾਪਸ ਲੈ ਲਵੇਗੀ ਅਤੇ ਇੱਕ ਵਾਰ ਮੁੜ ਤੋਂ ਮੁਸਲਿਮ ਰਾਖਵਾਂਕਰਨ ਲੈ ਆਵੇਗੀ। ਕੀ ਤੁਸੀਂ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਚਾਹੁੰਦੇ ਹੋ?’’ ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਕਰਨਾਟਕ ਵਿੱਚ ਡਬਲ ਇੰਜਣ ਦੀ ਸਰਕਾਰ ਲਿਆਉਂਦੇ ਹੋ ਤਾਂ ਮੋਦੀ ਜੀ ਇਸ ਵਾਰ ਮੁੜ 2024 ਵਿੱਚ ਪ੍ਰਧਾਨ ਮੰਤਰੀ ਬਣਨਗੇ।’’