ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਯਾਤਰਾ ਸਤੰਬਰ ਤੋਂ

ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਯਾਤਰਾ ਸਤੰਬਰ ਤੋਂ

ਚੰਡੀਗੜ੍ਹ – ਭਾਜਪਾ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਯਾਤਰਾ ਸਤੰਬਰ ਮਹੀਨੇ ਸ਼ੁਰੂ ਕਰ ਸਕਦੀ ਹੈ। ਇਹ ਯਾਤਰਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ’ਚੋਂ ਗੁਜ਼ਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ ਬਾਰੇ ਪਹਿਲਾਂ ਹੀ ਰੂਪਰੇਖਾ ਉਲੀਕ ਚੁੱਕੇ ਸਨ ਪਰ ‘ਵਾਰਿਸ ਪੰਜਾਬ ਦੇ’ ਆਗੂ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਉੱਠਣ ਕਰਕੇ ਭਾਜਪਾ ਨੂੰ ਇਹ ਯਾਤਰਾ ਮੁਲਤਵੀ ਕਰਨੀ ਪਈ ਸੀ। ਸੂਤਰਾਂ ਅਨੁਸਾਰ ਭਾਜਪਾ ਹੁਣ ਇਹ ਯਾਤਰਾ ਸਤੰਬਰ ਮਹੀਨੇ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਰਦਾਸਪੁਰ ਦੌਰੇ ਦੌਰਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਪੰਜਾਬ ਦੇ ਹਰ ਘਰ ਤੱਕ ਲੈ ਕੇ ਜਾਣਗੇ। ਸ਼ਾਹ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਦਫ਼ਤਰ ਖੋਲ੍ਹਿਆ ਜਾਵੇਗਾ। ਜਾਣਕਾਰੀ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਇੱਥੇ ਸਿਆਸੀ ਪਿੜ ਭਖਾਉਣਾ ਚਾਹੁੰਦੀ ਹੈ।

ਪੰਜਾਬ ਵਿਚ ਇਸ ਵੇਲੇ ਝੋਨੇ ਦੀ ਲੁਆਈ ਦਾ ਕੰਮ ਚੱਲ ਰਿਹਾ ਹੈ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਲੁਆਈ ਦਾ ਕੰਮ ਖ਼ਤਮ ਹੋਣ ਦੀ ਸੰਭਾਵਨਾ ਹੈ। ਭਾਜਪਾ ਆਗੂਆਂ ਅਨੁਸਾਰ ਜਦੋਂ ਸੂਬੇ ਵਿਚ ਖੇਤੀ ਰੁਝੇਵੇਂ ਘੱਟ ਹੋਣਗੇ, ਉਦੋਂ ਹੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਭਾਜਪਾ ਵੱਲੋਂ ਇਸ ਨੂੰ ਸਮਾਜਿਕ ਮੁਹਿੰਮ ਵਜੋਂ ਪੇਸ਼ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਪੰਜਾਬ ’ਚ ਪ੍ਰਕੋਪ ਬਾਰੇ ਇੱਕ ਕਿਤਾਬਚਾ ਵੀ ਛਾਪਿਆ ਜਾਵੇਗਾ। ਸਿਆਸੀ ਹਲਕਿਆਂ ਅਨੁਸਾਰ ਭਾਜਪਾ ਇਸ ਯਾਤਰਾ ਬਹਾਨੇ ਸਿਆਸੀ ਤੌਰ ’ਤੇ ‘ਆਪ’ ਸਰਕਾਰ ਦੀ ਘੇਰਾਬੰਦੀ ਕਰੇਗੀ। ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਨੇ ਕਿਹਾ ਕਿ ਮੋਦੀ ਸਰਕਾਰ ਦੇ 9 ਵਰ੍ਹੇ ਪੂਰੇ ਹੋਣ ’ਤੇ ਪੰਜਾਬ ਦੇ ਹਰ ਲੋਕ ਸਭਾ ਹਲਕੇ ਵਿਚ ਪ੍ਰੋਗਰਾਮ ਹੋਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਨਸ਼ਿਆਂ ਖ਼ਿਲਾਫ਼ ਯਾਤਰਾ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਹਰ ਹਲਕੇ ਵਿਚ ਸਿਆਸੀ ਪ੍ਰਭਾਵ ਰੱਖਣ ਵਾਲੀਆਂ ਹਸਤੀਆਂ ਨਾਲ ਵੀ ਤਾਲਮੇਲ ਕਾਇਮ ਕੀਤਾ ਜਾਵੇਗਾ।

ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਬਲੂ ਪ੍ਰਿੰਟ ਤਿਆਰ: ਅਸ਼ਵਨੀ ਸ਼ਰਮਾ

ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਬਾਰੇ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਸ ਮੁਹਿੰਮ ਦੀ ਵਿਧੀਬੱਧ ਤਰੀਕੇ ਨਾਲ ਸ਼ੁਰੂਆਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਿਸਾਨਾਂ ਦੇ ਖੇਤੀ ਧੰਦਿਆਂ ਤੋਂ ਥੋੜ੍ਹੇ ਵਿਹਲੇ ਹੋਣ ’ਤੇ ਇਸ ਮੁਹਿੰਮ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੁਹਿੰਮ ਤਹਿਤ ਪੰਜਾਬ ਦੀ ਹਰ ਤਹਿਸੀਲ ਤੱਕ ਪਹੁੰਚ ਕੀਤੀ ਜਾਵੇਗੀ।