ਭਾਜਪਾ ਵੱਲੋਂ ‘ਆਪ’ ਦੇ ਦਫ਼ਤਰ ਅੱਗੇ ਪ੍ਰਦਰਸ਼ਨ

ਭਾਜਪਾ ਵੱਲੋਂ ‘ਆਪ’ ਦੇ ਦਫ਼ਤਰ ਅੱਗੇ ਪ੍ਰਦਰਸ਼ਨ

ਅਰਵਿੰਦ ਕੇਜਰੀਵਾਲ ਦੀ ਸਰਕਾਰ ’ਚ ਭ੍ਰਿਸ਼ਟਾਚਾਰ ਵਧਣ ਦੇ ਦੋਸ਼ ਲਾਏ
ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਤੇ ਸੰਸਦ ਮੈਂਬਰ ਰਮੇਸ਼ ਬਿਧੂੜੀਦੀ ਅਗਵਾਈ ਵਿਚ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਵਰਕਰ ਜਦੋਂ ‘ਆਪ’ ਦੇ ਦਫ਼ਤਰ ਵੱਲ ਵਧੇ ਤਾਂ ਉਨ੍ਹਾਂ ਨੂੰ ਪੁਲੀਸ ਨੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਦੀਆਂ ਰੋਕਾਂ ਦੇ ਬਾਵਜੂਦ ਭਾਜਪਾ ਵਰਕਰ ਬੈਰੀਕੇਡ ਟੱਪ ਕੇ ‘ਆਪ’ ਦਫ਼ਤਰ ਵੱਲ ਵਧਣ ’ਚ ਕਾਮਯਾਬ ਰਹੇ, ਜਿਨ੍ਹਾਂ ਨੇ ਉਥੇ ਆਮ ਆਦਮੀ ਪਾਰਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦਿੱਲੀ ਪੁਲੀਸ ਨੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਤੇ ਇੰਦਰਪ੍ਰਸਥ ਥਾਣੇ ’ਚ ਲੈ ਗਏ। ਸ੍ਰੀ ਸਚਦੇਵਾ ਨੇ ਦੱਸਿਆ ਕਿ 7180 ਸਕੂਲਾਂ ਨੇ ਕਲਾਸ ਰੂਮ ਬਣਾਉਣ ਲਈ ਟੈਂਡਰ ਦਿੱਤੇ ਸਨ ਤੇ ਜਦੋਂ ਕਮਰੇ ਬਣਾਉਣ ਦੀ ਗੱਲ ਆਈ ਤਾਂ ਟੈਂਡਰ ਦੇ ਬਜਟ ਵਿੱਚ 100 ਗੁਣਾ ਵਾਧਾ ਕੀਤਾ ਗਿਆ ਪਰ ਇਸ ਦੇ ਬਾਵਜੂਦ ਸਿਰਫ਼ 4126 ਕਮਰੇ ਹੀ ਬਣਾਏ ਗਏ। ਇੰਨਾ ਹੀ ਨਹੀਂ ‘ਆਪ’ ਨੇ ਉਸੇ ਕੰਪਨੀ ਨੂੰ ਟੈਂਡਰ ਦਿੱਤਾ, ਜਿਸ ਨੇ ਅਰਵਿੰਦ ਕੇਜਰੀਵਾਲ ਦਾ ‘ਸ਼ੀਸ਼ ਮਹਿਲ’ ਬਣਾਉਣ ਦਾ ਕੰਮ ਕੀਤਾ ਸੀ। ਸ੍ਰੀ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਸਿਖਰ ’ਤੇ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਾਰਗੁਜ਼ਾਰੀ ਦੇਖ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਵਿਧਾਇਕ ਸਾਰੇ ਭੱਜ ਗਏ ਹਨ ਕਿਉਂਕਿ ਸਭ ਨੂੰ ਪਤਾ ਹੈ ਕਿ ਚੋਰ ਕੌਣ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਜਲ ਬੋਰਡ 73 ਹਜ਼ਾਰ ਕਰੋੜ ਰੁਪਏ ਦੇ ਘਪਲੇ ਵਿੱਚ ਘਿਰਿਆ ਹੋਇਆ ਹੈ।

ਉਥੇ ਹੀ ਕੇਂਦਰੀ ਦਿੱਲੀ ਵਿੱਚ ਭਾਜਪਾ ਅਤੇ ‘ਆਪ’ ਦੇ ਵਰਕਰਾਂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਾਰਨ ਕੌਮੀ ਰਾਜਧਾਨੀ ਵਿੱਚ ਲੰਬੇ ਟਰੈਫਿਕ ਜਾਮ ਦੇਖਣ ਨੂੰ ਮਿਲੇ, ਜਿਨ੍ਹਾਂ ਵਿੱਚ ਲੋਕ ਲੰਬੇ ਸਮੇਂ ਲਈ ਫਸੇ ਰਹੇ। ਪ੍ਰਦਰਸ਼ਨਾਂ ਕਾਰਨ ਡੀਡੀਯੂ ਮਾਰਗ ’ਤੇ ਆਵਾਜਾਈ ਦੀ ਪਾਬੰਦੀ ਸੀ। ਵਿਕਾਸ ਮਾਰਗ, ਆਈਪੀ ਮਾਰਗ, ਮਿੰਟੋ ਰੋਡ, ਜੇਐੱਲਐੱਨ ਮਾਰਗ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟਰੈਫਿਕ ਦੇ ਬਦਲਵੇਂ ਰੂਟ ਕਾਰਨ ਭਾਰੀ ਆਵਾਜਾਈ ਸੀ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਜਾਮ ਤੋਂ ਬਚਣ। ਇਸ ਦੌਰਾਨ ਅਕਸ਼ਰਧਾਮ ਨੇੜੇ ਨੈਸ਼ਨਲ ਹਾਈਵੇ-24 ਅਤੇ ਨੈਸ਼ਨਲ ਹਾਈਵੇ-9 ’ਤੇ ਵੀ ਭਾਰੀ ਆਵਾਜਾਈ ਦੇਖਣ ਨੂੰ ਮਿਲੀ। ਡੀਡੀਯੂ ਮਾਰਗ ਵੱਲ ਜਾਣ ਵਾਲੀਆਂ ਗਲੀਆਂ ਦੇ ਵਿਚਕਾਰ ਪੁਲੀਸ ਬੈਰੀਅਰਾਂ ਦੀਆਂ ਲਗਭਗ ਪੰਜ ਪਰਤਾਂ ਲਗਾਈਆਂ ਗਈਆਂ ਸੀ ਤੇ ਅਧਿਕਾਰੀ ਰਾਹਗੀਰਾਂ ਤੋਂ ਵੀ ਪੁੱਛਗਿੱਛ ਕਰ ਰਹੇ ਸਨ। ਇੰਡੀਆ ਗੇਟ, ਬਹਾਦੁਰਸ਼ਾਹ ਜ਼ਫਰ ਮਾਰਗ ਅਤੇ ਕਨਾਟ ਪਲੇਸ ਨੇੜੇ ਮਿੰਟੋ ਰੋਡ ’ਤੇ ਵੀ ਲੰਮਾ ਜਾਮ ਦੇਖਣ ਨੂੰ ਮਿਲਿਆ।