ਭਾਜਪਾ ਵੋਟਾਂ ਚੋਰੀ ਕਰਦਿਆਂ ਰੰਗੇ ਹੱਥੀਂ ਫੜੀ ਗਈ: ਕੇਜਰੀਵਾਲ

ਭਾਜਪਾ ਵੋਟਾਂ ਚੋਰੀ ਕਰਦਿਆਂ ਰੰਗੇ ਹੱਥੀਂ ਫੜੀ ਗਈ: ਕੇਜਰੀਵਾਲ

  • ਭਾਜਪਾ ਦਾ ਵੱਸ ਚੱਲੇ ਤਾਂ ਉਹ ਚੋਣਾਂ ਹੀ ਨਾ ਹੋਣ ਦੇਵੇ: ਭਗਵੰਤ ਮਾਨ
  • ਪੁਲੀਸ ਨੇ ਭਾਜਪਾ ਹੈੱਡਕੁਆਰਟਰ ਵੱਲ ਵਧ ਰਹੇ ‘ਆਪ’ ਆਗੂਆਂ ਤੇ ਵਰਕਰਾਂ ਨੂੰ ਰੋਕਿਆ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ‘ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਵੋਟਾਂ ਚੋਰੀ ਕਰਦੀ ਹੋਈ ਕੈਮਰੇ ਵਿਚ ਫੜੀ ਗਈ ਹੈ।’’ ਕੇਜਰੀਵਾਲ ਨੇ ਕਿਹਾ ਕਿ ‘ਭਾਜਪਾ ਜੇਕਰ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ‘ਹੇਰਾਫੇਰੀ’ ਕਰ ਸਕਦੀ ਹੈ ਤਾਂ ਉਹ ਅਸੈਂਬਲੀ ਤੇ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

ਇਥੇ ਪਾਰਟੀ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਪਿਛਲੇ ਕੁਝ ਸਾਲਾਂ ਵਿੱਚ ਅਸੀਂ ਸੁਣਦੇ ਸੀ ਕਿ ਭਾਜਪਾ ਚੋਣਾਂ ਵਿਚ ਹੇਰਾਫੇਰੀ ਕਰਦੀ ਹੈ, ਈਵੀਐੱਮਜ਼ ਨਾਲ ਛੇੜਛਾੜ ਕਰਦੀ ਹੈ ਤੇ ਵੋਟਰ ਸੂਚੀਆਂ ’ਚੋਂ ਵੋਟਰਾਂ ਦੇ ਨਾਮ ਕਟਵਾ ਦਿੰਦੀ ਹੈ ਪਰ ਕਦੇ ਵੀ ਕੋਈ ਸਬੂਤ ਨਹੀਂ ਮਿਲਿਆ ਸੀ। ਐਤਕੀਂ ਚੰਡੀਗੜ੍ਹ ਵਿੱਚ ਉਹ ਵੋਟਾਂ ਚੋਰੀ ਕਰਦੇ ਰੰਗੇ ਹੱਥੀਂ ਫੜੇ ਗਏ ਹਨ।’’ ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘‘ਉਹ ਜੇਕਰ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿਚ ਅਜਿਹੀਆਂ ਬੇਨਿਯਮੀਆਂ ’ਚ ਸ਼ਾਮਲ ਹੋ ਸਕਦੇ ਹਨ ਤਾਂ ਫਿਰ ਉਹ ਲੋਕ ਸਭਾ ਤੇ ਅਸੈਂਬਲੀ ਚੋਣਾਂ ਵਿਚ ਕੀ ਕਰਦੇ ਹੋਣਗੇ। ਉਹ ਸੱਤਾ ਲਈ ਦੇਸ਼ ਨੂੰ ਵੀ ਵੇਚ ਸਕਦੇ ਹਨ, ਪਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਸਾਨੂੰ ਜਮਹੂਰੀਅਤ ਤੇ ਦੇਸ਼ ਨੂੰ ਬਚਾਉਣਾ ਹੋਵੇਗਾ।’’ ਉਨ੍ਹਾਂ ‘ਗਲੀ ਗਲੀ ਮੇਂ ਸ਼ੋਰ ਹੈ, ਬੀਜੇਪੀ ਵੋਟ ਚੋਰ ਹੈ’ ਦਾ ਨਾਅਰਾ ਵੀ ਲਾਇਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ‘ਆਪ’ ਵਰਕਰਾਂ ਤੇ ਆਗੂਆਂ ਨੂੰ ਭਾਜਪਾ ਹੈੱਡਕੁਆਰਟਰ ਦੇ ਬਾਹਰ ਰੱਖੇ ਧਰਨਾ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਤੇ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਗਿਆ। ਕਾਬਿਲੇਗੌਰ ਹੈ ਕਿ ‘ਆਪ’ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਧੋਖਾਧੜੀ ਦੇ ਰੋਸ ਵਜੋਂ ਭਾਜਪਾ ਹੈੱਡਕੁਆਰਟਰਜ਼ ਦੇ ਅੱਗੇ ਰੋਸ ਮੁਜ਼ਾਹਰੇ ਦੀ ਯੋਜਨਾ ਘੜੀ ਸੀ, ਜੋ ਦੀਨ ਦਿਆਲ ਉਪਾਧਿਆਏ ਮਾਰਗ ’ਤੇ ‘ਆਪ’ ਦਫ਼ਤਰ ਤੋਂ ਕੁਝ ਸੈਂਕੜੇ ਮੀਟਰ ਦੀ ਦੂਰੀ ’ਤੇ ਸੀ, ਪਰ ‘ਆਪ’ ਮੈਂਬਰ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਤੇ ਰੋਕਾਂ ਕਰਕੇ ਉਥੇ ਤੱਕ ਨਹੀਂ ਪੁੱਜ ਸਕੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭਾਜਪਾ ਨੇ ਚੋਣਾਂ ਦੌਰਾਨ ‘ਬੇਈਮਾਨੀ’ ਕੀਤੀ ਹੈ, ਪਰ ਪਹਿਲੀ ਵਾਰ ਹੈ ਜਦੋਂ ਉਹ ਬੇਈਮਾਨੀ ਕਰਦੇ ਕੈਮਰੇ ’ਤੇ ਫੜੇ ਗਏ ਹਨ। ਉਨ੍ਹਾਂ ਕਿਹਾ, ‘‘ਇਤਿਹਾਸ ਵਿਚ ਲਿਖਿਆ ਜਾਵੇਗਾ ਕਿ ਜਦੋਂ ਜਮਹੂਰੀਅਤ ਖ਼ਤਰੇ ਵਿਚ ਸੀ ਤਾਂ ਇਸ ਨੂੰ ਆਕਸੀਜਨ ਦੇਣ ਲਈ ਲੋਕ ‘ਆਪ’ ਦਫ਼ਤਰ ਦੇ ਬਾਹਰ ਇਕੱਤਰ ਹੋਏ ਸੀ। ਜੇਕਰ ਉਨ੍ਹਾਂ (ਭਾਜਪਾ) ਦਾ ਵੱਸ ਚੱਲੇ ਤਾਂ ਉਹ ਚੋਣਾਂ ਹੀ ਨਾ ਹੋਣ ਦੇਣ।’’ ਮਾਨ ਨੇ ਕਿਹਾ, ‘‘ਤੁਸੀਂ (ਕੇਂਦਰ ਸਰਕਾਰ) ਚੋਣਾਂ ਕਰਵਾਉਣ ਲਈ ਇੰਨਾ ਪੈਸਾ ਕਿਉਂ ਖਰਚਦੇ ਹੋ? ਤਾਨਾਸ਼ਾਹੀ ਕਿਉਂ ਨਹੀਂ ਐਲਾਨ ਦਿੰਦੇ? ਜੇਕਰ ਉਹ 2024 ਵਿਚ ਮੁੜ ਸੱਤਾ ’ਚ ਆ ਗਏ ਤਾਂ ਨਰਿੰਦਰ ਮੋਦੀ ਨਰਿੰਦਰ ਪੂਤਿਨ ਬਣ ਜਾਣਗੇ ਤੇ ਕੋਈ ਚੋਣਾਂ ਨਹੀਂ ਹੋਣਗੀਆਂ।’’ਉਨ੍ਹਾਂ ਕਿਹਾ, ‘‘ਦੇਸ਼ ਵਿੱਚ ਹੁਣ ਕਰੋੜਾਂ ਕੇਜਰੀਵਾਲ ਪੈਦਾ ਹੋ ਰਹੇ ਹਨ। ਤੁਸੀਂ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਡੱਕ ਸਕਦੇ ਹੋ, ਪਰ ਉਸ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ? ਸਤੇਂਦਰ ਜੈਨ ਨੇ ਹਸਪਤਾਲ ਬਣਵਾਏ ਤੇ ਉਨ੍ਹਾਂ ਨੂੰ ਜੇਲ੍ਹ ’ਚ ਸੁੱਟ ਦਿੱਤਾ ਗਿਆ।’’