ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣੀ ‘ਆਪ’: ਕੇਜਰੀਵਾਲ

ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣੀ ‘ਆਪ’: ਕੇਜਰੀਵਾਲ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਜਿੱਤਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ ਜੋ ਹਰ ਹੀਲਾ ਵਰਤ ਕੇ ‘ਆਪ’ ਨੂੰ ਖ਼ਤਮ ਕਰਨਾ ਚਾਹੁੰਦੀ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਭਰੋਸੇ ਦੀ ਵੋਟ ਜਿੱਤਣ ਤੋਂ ਸਾਫ਼ ਹੋ ਗਿਆ ਹੈ ਕਿ ਉਸ ਦਾ ਕੋਈ ਵੀ ਵਿਧਾਇਕ ਦਾਗ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਮੱਤ ਲਿਆਉਣ ਦੀ ਲੋੜ ਤਾਂ ਪਈ ਕਿਉਂਕਿ ਭਾਜਪਾ ਨੇ ‘ਆਪ’ ਵਿਧਾਇਕ ਤੱਕ ਪਹੁੰਚ ਬਣਾਉਣ ਅਤੇ ਉਸ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਕੇਜਰੀਵਾਲ ਨੇ ਦਾਅਵਾ ਕੀਤਾ ਭਾਵੇਂ ਭਾਜਪਾ ਇਸ ਸਾਲ ਲੋਕ ਸਭਾ ਚੋਣਾਂ ਜਿੱਤ ਜਾਵੇ ਪਰ ‘ਆਪ’ 2029 ਵਿੱਚ ਭਗਵਾਂ ਪਾਰਟੀ ਤੋਂ ਦੇਸ਼ ਨੂੰ ‘ਆਜ਼ਾਦ’ ਕਰਵਾਏਗੀ। ‘ਆਪ’ ਕਨਵੀਨਰ ਨੇ ਦੋਸ਼ ਲਾਇਆ ਕਿ ਭਾਜਪਾ ‘ਅਫਵਾਹ’ ਫੈਲਾ ਰਹੀ ਹੈ ਕਿ ਲੋਕ ਸਭਾ ਚੋਣਾਂ ਮਗਰੋਂ ਦਿੱਲੀ ਵਿਧਾਨ ਸਭਾ ਨੂੰ ਭੰਗ ਕਰ ਕੇ ਇਸ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਕਿਸੇ ਦੀ ਜਗੀਰ ਨਹੀਂ ਹੈ। ਉਹ ਵਿਧਾਨ ਸਭਾ ਨੂੰ ਇਸ ਤਰ੍ਹਾਂ ਭੰਗ ਨਹੀਂ ਕਰ ਸਕਦੇ। ਮੈਂ ਭਾਜਪਾ ਨੂੰ ਇਸ ਮੁੱਦੇ ’ਤੇ ਚੋਣਾਂ ਲੜਨ ਦੀ ਚੁਣੌਤੀ ਦਿੰਦਾ ਹਾਂ। ਭਾਜਪਾ ਸਪਸ਼ਟ ਕਰੇ ਕਿ ਉਹ ਲੋਕ ਸਭਾ ਚੋਣਾਂ ਮਗਰੋਂ ਵਿਧਾਨ ਸਭਾ ਨੂੰ ਕਦੋਂ ਭੰਗ ਕਰੇਗੀ।’’