ਭਾਜਪਾ ਯੂਸੀਸੀ ਲਿਆਉਣ ਲਈ ਵਚਨਬੱਧ ਪਰ ਲੋਕਤੰਤਰੀ ਪ੍ਰਕਿਰਿਆ ਤੋਂ ਬਾਅਦ: ਸ਼ਾਹ

ਭਾਜਪਾ ਯੂਸੀਸੀ ਲਿਆਉਣ ਲਈ ਵਚਨਬੱਧ ਪਰ ਲੋਕਤੰਤਰੀ ਪ੍ਰਕਿਰਿਆ ਤੋਂ ਬਾਅਦ: ਸ਼ਾਹ

ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਜਿੱਤ ਦਾ ਭਰੋਸਾ ਪ੍ਰਗਟਾਇਆ
ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਲਿਆਉਣ ਲਈ ਵਚਨਬੱਧ ਹੈ ਪਰ ਸਾਰੀ ਲੋਕਤੰਤਰੀ ਪ੍ਰਕਿਰਿਆ ਪੂਰੀ ਹੋਣ ਅਤੇ ਇਸ ਉੱਪਰ ਚਰਚਾ ਹੋਣ ਤੋਂ ਬਾਅਦ। ਉਹ ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਲੱਦਾਖ ਵਿੱਚ ਸਰਹੱਦੀ ਵਿਵਾਦ ਬਾਰੇ ਉਨ੍ਹਾਂ ਕਿਹਾ, ‘‘ਚੀਨ ਨਾਲ ਸਾਡਾ ਸਰਹੱਦੀ ਵਿਵਾਦ ਸਾਲਾਂ ਪੁਰਾਣਾ ਹੈ ਅਤੇ ਇਹ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਦੇਣ ਹੈ।’’ ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਦੀ ਜਿੱਤ ਹੋਣ ਦਾ ਭਰੋਸਾ ਪ੍ਰਗਟਾਇਆ। ਗ੍ਰਹਿ ਮੰਤਰੀ ਨੇ ਦੇਸ਼ ਦੀ ਸਿਆਸਤ ਨੂੰ ਜਾਤੀਵਾਦ, ਪਰਿਵਾਰਵਾਦ ਤੇ ਤੁਸ਼ਟੀਕਰਨ ਤੋਂ ਮੁਕਤ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਸਜਾਇਆ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਪ੍ਰਦਰਸ਼ਨ ਦੀ ਸਿਆਸਤ ਸ਼ੁਰੂ ਕੀਤੀ। ਜੋ ਵੀ ਚੰਗਾ ਪ੍ਰਦਰਸ਼ਨ ਕਰੇਗਾ, ਉਹੀ ਦੇਸ਼ ਚਲਾਏਗਾ। ਜੋ ਵੀ ਕੋਸ਼ਿਸ਼ ਕਰੇਗਾ ਉਹੀ ਸੱਤਾ ’ਤੇ ਕਾਬਜ਼ ਹੋਵੇਗਾ। ਦੇਸ਼ ਨੂੰ ਸਿਰਫ ਦੇਸ਼ ਦੇ ਪੱਖ ’ਚ ਹੋਣ ਵਾਲੇ ਵਿਅਕਤੀ ਹੀ ਚਲਾਉਣਗੇ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੈ। ਉਨ੍ਹਾਂ ਕਿਹਾ, ‘‘ਸੀਟਾਂ ਤੇ ਵੋਟਾਂ ਦੇ ਫੀਸਦ ਦੇ ਮਾਮਲੇ ਵਿੱਚ ਅਸੀਂ ਸਾਰੇ ਰਿਕਾਰਡ ਤੋੜਾਂਗੇ।’’ ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ।