ਭਾਜਪਾ ਨੇ ਪੈਸੇ ਦੇ ਜ਼ੋਰ ’ਤੇ ਡੇਗੀ ਸੀ ਕਾਂਗਰਸ ਸਰਕਾਰ: ਰਾਹੁਲ

ਭਾਜਪਾ ਨੇ ਪੈਸੇ ਦੇ ਜ਼ੋਰ ’ਤੇ ਡੇਗੀ ਸੀ ਕਾਂਗਰਸ ਸਰਕਾਰ: ਰਾਹੁਲ

ਭਗਵਾਂ ਪਾਰਟੀ ’ਤੇ ਕਬਾਇਲੀਆਂ ਦੇ ਬੱਚਿਆਂ ਨੂੰ ਅੰਗਰੇਜ਼ੀ ਤੋਂ ਦੂਰ ਰੱਖਣ ਦਾ ਦੋਸ਼
ਮੱਧ ਪ੍ਰਦੇਸ਼ ਦੇ ਰਾਜਪੁਰ ਵਿੱਚ ਰੈਲੀ ਨੂੰ ਸੰਬੋਧਨ ਕੀਤਾ

ਬੜਵਾਨੀ (ਮੱਧ ਪ੍ਰਦੇਸ਼)- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਪੈਸੇ ਦੀ ਤਾਕਤ ਦਾ ਇਸਤੇਮਾਲ ਕਰ ਕੇ ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਡੇਗੀ ਸੀ।

ਸਾਲ 2018 ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਈ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮਾਰਚ 2020 ਵਿੱਚ ਜਯੋਤਿਰਦਿੱਤਿਆ ਸਿੰਧੀਆ ਦੇ ਵਫ਼ਾਦਾਰ ਕਈ ਵਿਧਾਇਕਾਂ ਦੇ ਵਿਦਰੋਹ ਤੋਂ ਬਾਅਦ ਡਿੱਗ ਗਈ ਸੀ। ਬਾਗੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਜਿਸ ਕਰ ਕੇ ਮੁੱਖ ਮੰਤਰੀ ਵਜੋਂ ਸ਼ਿਵਰਾਜ ਚੌਹਾਨ ਦੀ ਵਾਪਸੀ ਦਾ ਰਾਹ ਪੱਧਰਾ ਹੋਇਆ ਸੀ। ਬੜਵਾਨੀ ਦੇ ਰਾਜਪੁਰ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਅਸੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੇਤੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਅਸੀਂ 25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਪਰ ਭਾਜਪਾ ਅਤੇ ਉਨ੍ਹਾਂ ਦੇ ਵੱਡੇ ਕਾਰੋਬਾਰੀ ਦੋਸਤਾਂ ਨੇ ਵਿਧਾਇਕਾਂ ਨੂੰ ਪੈਸਾ ਦੇ ਕੇ ਤੁਹਾਡੀ ਸਰਕਾਰ ਖੋਹ ਲਈ।’’ ਭਾਜਪਾ ਦੀ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਕਬਾਇਲੀਆਂ ਨੂੰ ‘ਵਣਵਾਸੀ’ ਕਹਿੰਦੀ ਹੈ ਜਦਕਿ ਸਹੀ ਸ਼ਬਦ ਆਦਿਵਾਸੀ ਜਾਂ ਮੂਲ ਨਿਵਾਸੀ ਹੈ ਜਿਸ ਦਾ ਇਸਤੇਮਾਲ ਕਾਂਗਰਸ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਚਾਹੁੰਦੀ ਹੈ ਕਿ ਕਬਾਇਲੀਆਂ ਦੇ ਬੱਚੇ ਡਾਕਟਰ, ਇੰਜਨੀਅਰ, ਵਕੀਲ ਅਤੇ ਕਾਰੋਬਾਰੀ ਬਣਨ ਜਦਕਿ ਭਾਜਪਾ ਉਨ੍ਹਾਂ ਨੂੰ ਅੰਗਰੇਜ਼ੀ ਤੋਂ ਦੂਰ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ’ਚ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਜਾਤੀ ਜਨਗਣਨਾ ਕਰਵਾਏਗੀ।

ਗੁਆਂਢੀ ਸੂਬੇ ਛੱਤੀਸਗੜ੍ਹ ਵਿੱਚ ਕਾਂਗਰਸ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਉੱਥੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 3200 ਰੁਪਏ ਕੁਇੰਟਲ ਹੈ ਅਤੇ ਮਜ਼ਦੂਰਾਂ ਨੂੰ 10,000 ਰੁਪਏ ਭਲਾਈ ਯੋਜਨਾ ਤਹਤਿ ਮਿਲਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਸਾ ਮਿਲੇਗਾ ਤਾਂ ਉਹ ਇਸ ਨੂੰ ਪਿੰਡਾਂ ਤੇ ਕਸਬਿਆਂ ਵਿੱਚ ਖਰਚ ਕਰਨਗੇ। ਇਸ ਨਾਲ ਸਥਾਨਕ ਅਰਥਵਿਵਸਥਾ ਮਜ਼ਬੂਤ ਹੋਵੇਗੀ। ਇਹ ਛੱਤੀਸਗੜ੍ਹ ਵਿੱਚ ਵੀ ਕੀਤਾ ਗਿਆ ਹੈ।’’