ਭਾਜਪਾ ਨੇ ਪੁਲੀਸ ਵੱਲੋਂ ਲਾਲੂ ’ਤੇ ਛਤਰੀ ਤਾਣੇ ਜਾਣ ਦੀ ਕੀਤੀ ਨਿਖੇਧੀ

ਭਾਜਪਾ ਨੇ ਪੁਲੀਸ ਵੱਲੋਂ ਲਾਲੂ ’ਤੇ ਛਤਰੀ ਤਾਣੇ ਜਾਣ ਦੀ ਕੀਤੀ ਨਿਖੇਧੀ

ਜੱਦੀ ਪਿੰਡ ਫੁਲਵਾਰੀਆ ਦੇ ਦੌਰੇ ’ਤੇ ਆਏ ਆਰਜੇਡੀ ਮੁਖੀ ਨੂੰ ਮੀਂਹ ਤੋਂ ਬਚਾਉਣ ਲਈ ਛੱਤਰੀ ਤਾਣੇ ਜਾਣ ਦੀ ਵੀਡੀਓ ਵਾਇਰਲ

  • ਭਾਜਪਾ ਦੇ ਸੂਬਾ ਪ੍ਰਧਾਨ ਨੇ ਜੇਡੀਯੂ ਸਰਕਾਰ ਨੂੰ ਘੇਰਿਆ

ਪਟਨਾ- ਬਿਹਾਰ ਵਿੱਚ ਵਿਰੋਧੀ ਧਿਰ ਭਾਜਪਾ ਨੇ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਨੂੰ ਸੁਰੱਖਿਆ ਦੇਣ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਲੈ ਕੇ ਨਿਤੀਸ਼ ਕੁਮਾਰ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ ਹੈ। ਲਾਲੂ ਇਨ੍ਹੀਂ ਦਿਨੀਂ ਗੋਪਾਲਗੰਜ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਫੁਲਵਾਰੀਆ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਗੋਪਾਲਗੰਜ ਦੇ ਮਰਛੀਆ ਚੌਕ ਵਿੱਚ ਆਪਣੀ ਮਾਤਾ ਮਰਛੀਆ ਦੇਵੀ ਦੇ ਬੁੱਤ ’ਤੇ ਫੁੱਲ ਚੜ੍ਹਾਏ ਅਤੇ ਮੰਦਰ ’ਚ ਪੂਜਾ ਵੀ ਕੀਤੀ।

ਇਸ ਸਬੰਧੀ ਵਾਇਰਲ ਹੋਈ ਇੱਕ ਵੀਡੀਓ ਵਿੱਚ ਲਾਲੂ ਤੇ ਰਾਬੜੀ ਦੇਵੀ ਦੀ ਸੁਰੱਖਿਆ ’ਚ ਲੱਗੇ ਪੁਲੀਸ ਮੁਲਾਜ਼ਮ ਮੀਂਹ ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ’ਤੇ ਛੱਤਰੀ ਤਾਣਦੇ ਦਿਖਾਈ ਦੇ ਰਹੇ ਹਨ। ਇਸ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ, ‘‘ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਲਾਲੂ ਪ੍ਰਸਾਦ ਨੂੰ ਰਜਿਸਟਰਡ ਅਪਰਾਧੀ ਕਹਿੰਦੀ ਸੀ ਪਰ ਹੁਣ ਆਰਜੇਡੀ ਸੁਪਰੀਮੋ ਉਨ੍ਹਾਂ ਲਈ ਸਤਿਕਾਰਯੋਗ ਵਿਅਕਤੀ ਹਨ। ਮੈਨੂੰ ਪਤਾ ਲੱਗਾ ਹੈ ਕਿ ਉਪ ਪੁਲੀਸ ਕਪਤਾਨ ਉਨ੍ਹਾਂ ਦੇ ਸਿਰ ’ਤੇ ਛੱਤਰੀ ਤਾਣ ਕੇ ਘੁੰਮ ਰਹੇ ਸਨ। ਹੁਣ ਉਨ੍ਹਾਂ ਦੀ ਸੇਵਾ ਕਰਨ ਦੀ ਵਾਰੀ ਸ਼ਾਇਦ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲੀਸ ਸੁਪਰਡੈਂਟ ਦੀ ਹੋ ਸਕਦੀ ਹੈ।’’

ਇਹ ਪੁੱਛੇ ਜਾਣ ’ਤੇ ਕਿ ਲਾਲੂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ ਲੋਕ ਸਭਾ ਚੋਣ ਵਿੱਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਤੋਂ ਹਾਰ ਜਾਣਗੇ, ਬਾਰੇ ਭਾਜਪਾ ਆਗੂ ਨੇ ਕਿਹਾ ‘‘ਉਨ੍ਹਾਂ (ਲਾਲੂ) ਨੂੰ ਖੁਦ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਉਹ ਗ੍ਰਾਮ ਪੰਚਾਇਤ ਲਈ ਵੀ ਚੋਣ ਨਹੀਂ ਲੜ ਸਕਦੇ।’’ ਉਨ੍ਹਾਂ ਕਿਹਾ, ‘‘ਘੱਟੋ-ਘੱਟ ਲਾਲੂ ਪ੍ਰਸਾਦ ਕੋਲ ਵੋਟ ਆਧਾਰ ਤਾਂ ਹੈ। ਨਿਤੀਸ਼ ਕੁਮਾਰ ਕੋਲ ਇਹ ਵੀ ਨਹੀਂ ਹੈ। ਉਹ ਆਰਜੇਡੀ ਦੀ ਬੈਸਾਖੀ ਸਹਾਰੇ ਸੱਤਾ ਵਿੱਚ ਟਿਕੇ ਹੋਏ ਹਨ। ਇਹੀ ਕਾਰਨ ਹੈ ਕਿ ਉਹ ਬੇਸ਼ਰਮੀ ਨਾਲ ਅਪਰਾਧ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਨਾਲ ਸਮਝੌਤਾ ਕਰ ਰਹੇ ਹਨ।’’