ਭਾਜਪਾ ਨੂੰ ਹਰਾਉਣ ਲਈ ਕਾਂਗਰਸ ਗੱਠਜੋੜ ਲਈ ਤਿਆਰ: ਖੜਗੇ

ਭਾਜਪਾ ਨੂੰ ਹਰਾਉਣ ਲਈ ਕਾਂਗਰਸ ਗੱਠਜੋੜ ਲਈ ਤਿਆਰ: ਖੜਗੇ

ਮੋਦੀ ਸਰਕਾਰ ’ਤੇ ਲੋਕਤੰਤਰ ਨੂੰ ਢਾਹ ਲਾਉਣ ਦਾ ਲਾਇਆ ਦੋਸ਼
ਨਵਾ ਰਾਏਪੁਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ ਜਨ ਵਿਰੋਧੀ ਭਾਜਪਾ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਹਮਖ਼ਿਆਲ ਪਾਰਟੀਆਂ ਨਾਲ ਢੁੱਕਵਾਂ ਗੱਠਜੋੜ ਕਰਨ ਦੀ ਇੱਛੁਕ ਹੈ। ਉਨ੍ਹਾਂ ਕਿਹਾ ਕਿ ਟੀਚਾ ਹਾਸਲ ਕਰਨ ਲਈ ਉਹ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ। ਕਾਂਗਰਸ ਦੇ 85ਵੇਂ ਪਲੈਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਦਿੱਲੀ ਦਾ ਪ੍ਰਧਾਨ ਸੇਵਕ, ਜਿਸ ਦੇ ਰੋਜ਼ਾਨਾ ਇਸ਼ਤਿਹਾਰ ਪ੍ਰਕਾਸ਼ਿਤ ਹੁੰਦੇ ਹਨ, ਆਪਣੇ ਦੋਸਤਾਂ ਲਈ ਕੰਮ ਕਰ ਰਿਹਾ ਹੈ। ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ,‘‘ਦਿੱਲੀ ’ਚ ਬੈਠੇ ਆਗੂਆਂ ਦਾ ਡੀਐੱਨਏ ਗਰੀਬ ਵਿਰੋਧੀ ਹੈ। ਉਹ ਲੋਕਤੰਤਰ ਨੂੰ ਢਾਹ ਲਗਾ ਰਹੇ ਹਨ। ਦੇਸ਼ ਦੇ ਮੌਜੂਦਾ ਹਾਲਾਤ ਖ਼ਿਲਾਫ਼ ਜਨ ਅੰਦੋਲਨ ਚਲਾਉਣ ਦੀ ਲੋੜ ਹੈ।’’ ਭਾਰਤ ਜੋੜੋ ਯਾਤਰਾ ਲਈ ਪਾਰਟੀ ਆਗੂ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆਂ ਖੜਗੇ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ ਮਾਰਚ ਨੇ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰ ਦਿੱਤਾ ਹੈ। ‘ਮੌਜੂਦਾ ਹਾਲਾਤ ’ਚ ਕਾਂਗਰਸ ਹੀ ਇਕਲੌਤੀ ਪਾਰਟੀ ਹੈ ਜੋ ਦੇਸ਼ ਨੂੰ ਫੈਸਲਾਕੁਨ ਅਗਵਾਈ ਦੇ ਸਕਦੀ ਹੈ। ਕਾਂਗਰਸ ਦੀ ਅਗਵਾਈ ਹੇਠਲੇ ਗੱਠਜੋੜ ਨੇ 2004 ਤੋਂ 2014 ਤੱਕ ਲੋਕਾਂ ਦੀ ਵਧੀਆ ਢੰਗ ਨਾਲ ਸੇਵਾ ਕੀਤੀ ਸੀ। ਅਸੀਂ ਗੈਰਜਮਹੂਰੀ ਭਾਜਪਾ ਸਰਕਾਰ ਨੂੰ ਲਾਂਭੇ ਕਰਨ ਲਈ ਮੁੜ ਹਮਖ਼ਿਆਲ ਪਾਰਟੀਆਂ ਨਾਲ ਰਲ ਕੇ ਢੁੱਕਵਾਂ ਬਦਲ ਦੇਣ ਦੀ ਕੋਸ਼ਿਸ਼ ਕਰਾਂਗੇ।’ ਉਨ੍ਹਾਂ ਨਵਾਂ ਨਾਅਰਾ ਦਿੱਤਾ,‘‘ਸੇਵਾ, ਸੰਘਰਸ਼ ਅਤੇ ਬਲਿਦਾਨ, ਸਭ ਤੋਂ ਪਹਿਲਾਂ ਹਿੰਦੂਸਤਾਨ।’’ ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ, ਸਰਕਾਰਾਂ ਡੇਗਣ ਲਈ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਸਦੀ ਅਤੇ ਸੰਵਿਧਾਨਕ ਰਵਾਇਤਾਂ ਨੂੰ ਤੋੜ ਰਹੀ ਹੈ। ‘ਕਾਂਗਰਸ ਦੇ ਛੱਤੀਸਗੜ੍ਹ ’ਚ ਪਲੈਨਰੀ ਸੈਸ਼ਨ ਨੂੰ ਈਡੀ ਦੇ ਛਾਪਿਆਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਪਰ ਕਾਂਗਰਸ ਆਗੂਆਂ ਨੇ ਪੂਰੀ ਬਹਾਦਰੀ ਨਾਲ ਇਸ ਦਾ ਟਾਕਰਾ ਕੀਤਾ ਜਿਸ ਕਾਰਨ ਇਜਲਾਸ ਸੰਭਵ ਹੋ ਸਕਿਆ।’ ਕਾਰੋਬਾਰੀ ਗੌਤਮ ਅਡਾਨੀ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਖੜਗੇ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਦਿਹਾੜੀ 27 ਰੁਪੲੇ ਹੈ ਜਦਕਿ ਪ੍ਰਧਾਨ ਮੰਤਰੀ ਦੇ ਦੋਸਤਾਂ ’ਚੋ ਇਕ ਦੀ ਆਮਦਨ ਇਕ ਹਜ਼ਾਰ ਕਰੋੜ ਰੁਪਏ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੇਸ਼ ਦੀਆਂ ਸੰਪਤੀਆਂ ਮੋਦੀ ਦੇ ਦੋਸਤਾਂ ਹਵਾਲੇ ਕਰ ਰਹੀ ਹੈ। ‘ਰੇਲ, ਭੇਲ, ਸੇਲ, ਉਹ ਆਸਮਾਨ ਤੋਂ ਲੈ ਕੇ ਜ਼ਮੀਨ ਤੱਕ ਸਾਰਾ ਕੁਝ ਵੇਚ ਰਹੇ ਹਨ। ਲੋਕ ਫਿਕਰਮੰਦ ਹਨ ਕਿ ਐੱਲਆਈਸੀ ਅਤੇ ਐੱਸਬੀਆਈ ਦੀ ਹੋਂਦ ਬਚੇਗੀ ਜਾਂ ਇਹ ਅਦਾਰੇ ਵੀ ਵਿਕ ਜਾਣਗੇ।’ ਉਨ੍ਹਾਂ ਚੀਨ ਨਾਲ ਸਰਹੱਦੀ ਵਿਵਾਦ ’ਤੇ ਵੀ ਸਰਕਾਰ ਨੂੰ ਘੇਰਿਆ ਅਤੇ ਦਾਅਵਾ ਕੀਤਾ ਕਿ ਚੀਨ ਨੇ ਮੁਲਕ ’ਚ ਘੁਸਪੈਠ ਕੀਤੀ ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਭਾਰਤ ਅੰਦਰ ਦਾਖ਼ਲ ਨਹੀਂ ਹੋਇਆ। ਖੜਗੇ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਨਿੱਜੀ ਮੁੱਦਿਆਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਤਰੱਕੀ ਨਹੀਂ ਦਿੱਤੀ ਗਈ ਸੀ। ‘ਸਰਕਾਰ ਇੰਜ ਗੱਲ ਨਹੀਂ ਕਰ ਸਕਦੀ ਹੈ। ਅਪਰੈਲ 2020 ਦੀ ਸਥਿਤੀ ਬਹਾਲ ਕਰਕੇ ਤੁਸੀਂ ਸਾਬਿਤ ਕਰ ਸਕਦੇ ਹੋ ਕਿ ਤੁਹਾਡੀ 56 ਇੰਚ ਦੀ ਛਾਤੀ ਹੈ, ਨਹੀਂ ਤਾਂ ਅਸੀਂ ਸਮਝ ਲਵਾਂਗੇ ਕਿ ਇਹ ਸੁੰਗੜ ਗਈ ਹੈ।’ ਉਨ੍ਹਾਂ ਕਿਹਾ ਕਿ ਪਾਰਟੀ ਨਫ਼ਰਤ ਦੇ ਮਾਹੌਲ ਨੂੰ ਖ਼ਤਮ ਕਰਕੇ ਸਦਭਾਵਨਾ ਫੈਲਾਉਣ ਦੀ ਕੋਸ਼ਿਸ਼ ਕਰੇਗੀ।