ਭਾਜਪਾ ਨੂੰ ਕਿਸਾਨਾਂ ’ਤੇ ਜਬਰ ਢਾਹੁਣ ਦਾ ਖਮਿਆਜ਼ਾ ਭੁਗਤਣਾ ਪਵੇਗਾ: ਸੰਧਵਾਂ

ਭਾਜਪਾ ਨੂੰ ਕਿਸਾਨਾਂ ’ਤੇ ਜਬਰ ਢਾਹੁਣ ਦਾ ਖਮਿਆਜ਼ਾ ਭੁਗਤਣਾ ਪਵੇਗਾ: ਸੰਧਵਾਂ

ਸਪੀਕਰ ਨੇ ਪਟਿਆਲਾ ਹਸਪਤਾਲ ਪਹੁੰਚ ਕੇ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਪੁੱਛਿਆ
ਪਟਿਆਲਾ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ-ਹਰਿਆਣਾ ਦੀ ਹੱਦ ’ਤੇ ਹਰਿਆਣਾ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦਾ ਰਾਜਿੰਦਰਾ ਹਸਪਤਾਲ ਵਿੱਚ ਹਾਲ-ਚਾਲ ਪੁੱਛਿਆ। ਉਨ੍ਹਾਂ ਆਖਿਆ ਕਿ ਭਾਜਪਾ ਸਰਕਾਰ ਨੂੰ ਕਿਸਾਨਾਂ ’ਤੇ ਕੀਤੇ ਜਬਰ ਦਾ ਖਮਿਆਜ਼ਾ ਭੁਗਤਣਾ ਪਵੇਗਾ। ਸ੍ਰੀ ਸੰਧਵਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਵਾਜਬ ਦੱਸਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਬਾਵਜੂਦ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਜਬਰ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਪਟਿਆਲਾ ਸਣੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਜ਼ਖ਼ਮੀ ਕਿਸਾਨਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਮਰਹੂਮ ਰਾਮ ਮਨੋਹਰ ਲੋਹੀਆ ਦੇ ਸ਼ਬਦਾਂ ‘ਜੇਕਰ ਸੜਕਾਂ ਸ਼ਾਂਤ ਹੋਈਆਂ, ਤਾਂ ਸੰਸਦ ਬੇਕਾਬੂ ਹੋ ਜਾਵੇਗੀ’ ਦੇ ਹਵਾਲੇ ਨਾਲ ਸ੍ਰੀ ਸੰਧਵਾਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਖੇਤੀ ਸੈਕਟਰ ਦੀ 65 ਫੀਸਦੀ ਕਿਸਾਨੀ ਨੂੰ ਅਣਦੇਖਿਆ ਕਰਕੇ ਕੁਝ ਕੁ ਪੁੂੰਜੀਪਤੀ ਘਰਾਣਿਆਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਕੇਂਦਰ ਸਰਕਾਰ ਪਹਿਲਾਂ ਮੰਨੀਆਂ ਮੰਗਾਂ ਤੋਂ ਵੀ ਮੁੱਕਰ ਰਹੀ ਹੈ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ, ਕੁਲਵੰਤ ਸਿੰਘ ਪੰਡੋਰੀ, ‘ਆਪ’ ਦੇ ਸੂਬਾਈ ਬੁਲਾਰੇ ਬਲਜਿੰਦਰ ਢਿੱਲੋਂ, ਚੇਅਰਮੈਨ ਮੇਘਚੰਦ ਸ਼ੇਰਮਾਜਰਾ ਤੇ ਹੋਰ ਮੌਜੂਦ ਸਨ।
ਸਿਵਲ ਹਸਪਤਾਲ ਰਾਜਪੁਰਾ ਵਿੱਚ 15 ਕਿਸਾਨ ਹੋਰ ਦਾਖ਼ਲ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ-ਹਰਿਆਣਾ ਹੱਦ ਉੱਤੇ ਹਰਿਆਣਾ ਸਰਕਾਰ ਦੇ ਆਦੇਸ਼ਾਂ ’ਤੇ ਪੈਰਾ ਮਿਲਟਰੀ ਫੋਰਸ ਦੇ ਹਮਲਿਆਂ ਦੌਰਾਨ ਜ਼ਖ਼ਮੀ ਹੋਏ ਕਿਸਾਨ ਇਲਾਜ ਲਈ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪੁੱਜ ਰਹੇ ਹਨ। ਅੱਜ ਸਿਵਲ ਹਸਪਤਾਲ ਵਿੱਚ 15 ਹੋਰ ਕਿਸਾਨ ਇਲਾਜ ਲਈ ਭਰਤੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਤਿੰਨ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਕੁੱਲ 70 ਮਰੀਜ਼ ਦਾਖ਼ਲ ਹੋਏ ਜਿਨ੍ਹਾਂ ਵਿੱਚੋਂ ਸੁਖਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭਵਾਨੀਗੜ੍ਹ ਅਤੇ ਸੁਖਚੈਨ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਆਲੋਵਾਲ (ਤਰਨਤਾਰਨ) ਸਣੇ ਚਾਰ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਜਦਕਿ 44 ਕਿਸਾਨਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। ਇਸੇ ਤਰ੍ਹਾਂ 12 ਕਿਸਾਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਬਿੱਧੀ ਚੰਦ ਨੇ ਦੱਸਿਆ ਕਿ ਮੌਜੂਦਾ ਸਮੇਂ ਹਸਪਤਾਲ ਵਿੱਚ 10 ਕਿਸਾਨ ਜ਼ੇਰੇ ਇਲਾਜ ਹਨ।