ਭਾਜਪਾ ਨਾਲ ਸਮਝੌਤੇ ਬਿਨਾਂ ਸਾਡੀਆਂ ਬਾਹਵਾਂ ਨਹੀਂ ਆਕੜੀਆਂ: ਮਲੂਕਾ

ਭਾਜਪਾ ਨਾਲ ਸਮਝੌਤੇ ਬਿਨਾਂ ਸਾਡੀਆਂ ਬਾਹਵਾਂ ਨਹੀਂ ਆਕੜੀਆਂ: ਮਲੂਕਾ

ਅਕਾਲੀ ਆਗੂ ਵੱਲੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ’ਤੇ ਤਿੱਖਾ ਹਮਲਾ; ਬੇਤੁਕੀ ਬਿਆਨਬਾਜ਼ੀ ਲਈ ਭਾਜਪਾ ਆਗੂਆਂ ਨੂੰ ਘੇਰਿਆ
ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਨ੍ਹਾਂ ਵੱਲੋਂ ਅਕਾਲੀ-ਭਾਜਪਾ ਦੀ ਮੁੜ ਸਾਂਝ ਬਾਰੇ ਕਹੀ ਗੱਲ ਮਗਰੋਂ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਤਾਬੜਤੋੜ ਬਿਆਨਬਾਜ਼ੀ ਤੋਂ ਖ਼ਫ਼ਾ ਹਨ। ਉਨ੍ਹਾਂ ਸੂਬੇ ਦੀ ਭਾਜਪਾ ਲੀਡਰਸ਼ਿਪ ’ਤੇ ਤਿੱਖੇ ਤਨਜ਼ ਕੱਸਦਿਆਂ ਆਖਿਆ ਕਿ ਭਾਜਪਾ ਨਾਲ ਸਮਝੌਤੇ ਬਿਨਾਂ ਉਨ੍ਹਾਂ (ਅਕਾਲੀ ਦਲ) ਦੀਆਂ ਬਾਹਵਾਂ ਨਹੀਂ ਆਕੜੀਆਂ।

ਸ੍ਰੀ ਮਲੂਕਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਹਿਣ ਦਾ ਮੰਤਵ ਸੀ ਕਿ ਕਾਂਗਰਸ ਪਾਰਟੀ ਨਾਲ ਤਾਂ ਅਕਾਲੀ ਦਲ ਦੀ ਸਾਂਝ ਕਿਸੇ ਕੀਮਤ ’ਤੇ ਵੀ ਹੋ ਨਹੀਂ ਸਕਦੀ ਅਤੇ ‘ਆਪ’ ਨਾਲ ਦਲ ਦੀ ਵਿਚਾਰਧਾਰਾ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦਾ ਗੱਠਜੋੜ ਲੰਬਾ ਸਮਾਂ ਚੱਲਿਆ ਪਰ ਕਿਸਾਨੀ ਅੰਦੋਲਨ ਵੇਲੇ ਫਰਕ ਪੈ ਗਿਆ। ਮਲੂਕਾ ਮੁਤਾਬਕ ਕਿਸਾਨੀ ਕਾਨੂੰਨਾਂ ਬਾਰੇ ਜੋ ਅਕਾਲੀ ਦਲ ਦੀ ਸਮਝ ਸੀ, ਉਸੇ ਤਹਿਤ ਬਾਅਦ ’ਚ ਪ੍ਰਧਾਨ ਮੰਤਰੀ ਨੇ ਮੰਗ ਮੰਨ ਵੀ ਲਈ। ਉਨ੍ਹਾਂ ਕਿਹਾ, ‘‘ਭਾਜਪਾ ਦੇ ਕੁਝ ਆਗੂਆਂ ਨੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਇਸ ਤਰ੍ਹਾਂ ਤਾਬੜਤੋੜ ਬਿਆਨਬਾਜ਼ੀ ਕੀਤੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਬਿਨਾਂ ਸਰਦਾ ਨਾ ਹੋਵੇ ਅਤੇ ਅਸੀਂ ਉਨ੍ਹਾਂ ਦੇ ਪਿੱਛੇ-ਪਿੱਛੇ ਫਿਰਦੇ ਹੋਈਏ।’’ ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਾਲ ਦਲ ਦਾ ਗੱਠਜੋੜ ਪਹਿਲਾਂ ਤੋਂ ਚੱਲ ਰਿਹਾ ਹੈ ਅਤੇ ਕਮਿਊਨਿਸਟ ਪਾਰਟੀਆਂ ਨਾਲ ਹੋਣ ਦੀ ਪੂਰੀ ਸੰਭਾਵਨਾ ਹੈ ਪਰ ਸਮਝੌਤੇ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ ਅਤੇ ਇਹ ਫ਼ੈਸਲਾ ਦਲ ਦੇ ਪ੍ਰਧਾਨ ਜਾਂ ਫਿਰ ਕੋਰ ਕਮੇਟੀ ਨੇ ਕਰਨਾ ਹੈ। ਮਲੂਕਾ ਨੇ ਸਾਫ਼ ਸ਼ਬਦਾਂ ’ਚ ਕਿਹਾ, ‘‘ਜੇਕਰ ਗੱਠਜੋੜ ਹੁੰਦਾ ਹੈ ਤਾਂ ਭਾਜਪਾ ਕਦੇ ਵੀ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਵੇਗੀ ਸਗੋਂ ਉਸ ਨੂੰ ਛੋਟੇ ਭਰਾ ਵਜੋਂ ਹੀ ਨਿਭਣਾ ਪਵੇਗਾ।’’ ਸ੍ਰੀ ਮਲੂਕਾ ਨੇ ਕਿਹਾ, ‘‘ਉਂਜ ਵੀ ਸਮਝੌਤੇ ਬਿਨਾਂ ਅਕਾਲੀ ਦਲ ਦੀਆਂ ਬਾਹਵਾਂ ਨਹੀਂ ਆਕੜੀਆਂ ਪਈਆਂ। ਪੰਜਾਬ ਭਾਜਪਾ ਦੇ ਲੀਡਰ ਤਾਂ ਇਸ ਤਰ੍ਹਾਂ ਬੋਲਦੇ ਹਨ ਜਿਵੇਂ ਕੇਂਦਰੀ ਹਾਈਕਮਾਂਡ ਉਨ੍ਹਾਂ ਕੋਲੋਂ ਪੁੱਛੇ ਬਿਨਾਂ ਕੁੱਝ ਨਾ ਕਰਦੀ ਹੋਵੇ। ਅਕਾਲੀ ਆਗੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਨਾਂ ਲੈ ਕੇ ਆਖਿਆ, ‘‘ਅਸ਼ਵਨੀ ਸ਼ਰਮਾ ਵਰਗੇ ਤਾਂ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਸਮੇਂ ਵੀ ਕਹਿੰਦੇ ਸਨ ਕਿ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਕੀ ਕਾਨੂੰਨ ਵਾਪਸ ਲੈਣ ਵੇਲੇ ਇਨ੍ਹਾਂ ਕੋਲੋਂ ਕਿਸੇ ਨੇ ਪੁੱਛਿਆ?’’