ਭਾਜਪਾ ਦੇ ਸਫ਼ਾਏ ਲਈ ਵਿਰੋਧੀ ਧਿਰਾਂ ਇਕਜੁੱਟ ਹੋਣ: ਨਿਤੀਸ਼

ਭਾਜਪਾ ਦੇ ਸਫ਼ਾਏ ਲਈ ਵਿਰੋਧੀ ਧਿਰਾਂ ਇਕਜੁੱਟ ਹੋਣ: ਨਿਤੀਸ਼

ਪੂਰਨੀਆ (ਬਿਹਾਰ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਦਾਅਵਾ ਕੀਤਾ ਕਿ ਜੇ ਕਾਂਗਰਸ ਸਣੇ ਸਾਰੀਆਂ ਵਿਰੋਧੀਆਂ ਪਾਰਟੀਆਂ ਇਕਜੁੱਟ ਹੋ ਕੇ ਆਗਾਮੀ ਲੋਕ ਸਭਾ ਚੋਣਾਂ ਲੜਨ ਤਾਂ ਭਾਜਪਾ ਮਹਿਜ਼ ਸੌ ਸੀਟਾਂ ’ਤੇ ਸਿਮਟ ਕੇ ਰਹਿ ਜਾਵੇਗੀ। ਪੂਰਨੀਆ ਵਿੱਚ ਮਹਾਗੱਠਜੋੜ ਰੈਲੀ ਨੂੰ ਸੰਬੋਧਨ ਕਰਦਿਆਂ ਜੇਡੀ (ਯੂ) ਮੁਖੀ ਨਿਤੀਸ਼ ਨੇ ਕਿਹਾ ਕਿ ਇਸ ਸਬੰਧੀ ਕਾਂਗਰਸ ਨੂੰ ਤੁਰੰਤ ਕੋਈ ਫੈਸਲਾ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ, ‘ਜੇ ਕਾਂਗਰਸ ਸਣੇ ਸਾਰੀਆਂ ਵਿਰੋਧੀਆਂ ਪਾਰਟੀਆਂ ਇਕੱਠੀਆਂ ਹੋ ਕੇ 2024 ਦੀਆਂ ਲੋਕ ਸਭਾ ਚੋਣਾਂ ਦੇ ਅਖਾੜੇ ਵਿੱਚ ਕੁੱਦ ਪੈਣ ਤਾਂ ਭਾਜਪਾ ਤਾਂ ਮਹਿਜ਼ 100 ਸੀਟਾਂ ’ਤੇ ਸਿਮਟ ਕੇ ਰਹਿ ਜਾਵੇਗੀ।’ ਉਨ੍ਹਾਂ ਕਿਹਾ,‘ਕਾਂਗਰਸ ਨੂੰ ਇਸ ਸਬੰਧੀ ਤੁਰੰਤ ਫੈਸਲਾ ਕਰਨਾ ਪਵੇਗਾ, ਜੇ ਇਸ (ਕਾਂਗਰਸ) ਨੂੰ ਮੇਰਾ ਸੁਝਾਅ ਮਨਜ਼ੂਰ ਹੈ ਤਾਂ ਅਸੀਂ ਰਲ ਕੇ ਭਗਵਾ ਪਾਰਟੀ ਨੂੰ ਮਾਤ ਦੇ ਸਕਦੇ ਹਾਂ।’ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਮਕਸਦ ਵਿਰੋਧੀ ਪਾਰਟੀਆਂ ਨੂੰ ਇਕੱਠੇ ਕਰ ਕੇ ਭਗਵਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ।