ਭਾਜਪਾ ਦੀ ਚੋਣ ਕਮੇਟੀ ਦੀ ਮੀਟਿੰਗ ਰਾਜਸਥਾਨ ’ਤੇ ਰਹੀ ਕੇਂਦਰਤ

ਭਾਜਪਾ ਦੀ ਚੋਣ ਕਮੇਟੀ ਦੀ ਮੀਟਿੰਗ ਰਾਜਸਥਾਨ ’ਤੇ ਰਹੀ ਕੇਂਦਰਤ

ਨਵੀਂ ਦਿੱਲੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਉਤੇ ਚਰਚਾ ਹੋਈ। ਬੈਠਕ ਵਿਚ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਰਾਜਸਥਾਨ ਲਈ ਉਮੀਦਵਾਰਾਂ ਦੇ ਨਾਂ ਉਤੇ ਪਹਿਲੀ ਵਾਰ ਡੂੰਘੀ ਚਰਚਾ ਕੀਤੀ। ਰਾਜਸਥਾਨ ਵਿਚ ਪਾਰਟੀ ਮੱਧ ਪ੍ਰਦੇਸ਼ ਵਾਲੀ ਰਣਨੀਤੀ ਉਤੇ ਚੱਲਦਿਆਂ ਕਈ ਕੇਂਦਰੀ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਇਸ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਹੋਰ ਹਾਜ਼ਰ ਸਨ। ਮੱਧ ਪ੍ਰਦੇਸ਼ ਲਈ ਭਾਜਪਾ ਨੇ ਹੁਣ ਤੱਕ 79 ਉਮੀਦਵਾਰ ਐਲਾਨੇ ਹਨ। ਛੱਤੀਸਗੜ੍ਹ ਲਈ 21 ਉਮੀਦਵਾਰ ਐਲਾਨੇ ਗਏ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਚੋਟੀ ਦੇ ਆਗੂਆਂ ਨੇ ਅੱਜ ਇੱਥੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਮੌਕੇ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਹੋਣ ਵਾਲੀਆਂ ਚੋਣਾਂ ਦੀਆਂ ਯੋਜਨਾਵਾਂ ਉਤੇ ਚਰਚਾ ਕੀਤੀ ਗਈ। ਦੋਵਾਂ ਰਾਜਾਂ ਵਿਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿਚ ਭਾਜਪਾ ਦੇ ਕੋਰ ਗਰੁੱਪ ਦੇ ਆਗੂਆਂ ਨੇ ਵੱਖ-ਵੱਖ ਮੁੱਦਿਆਂ ਅਤੇ ਉਮੀਦਵਾਰਾਂ ਦੇ ਨਾਵਾਂ ਉਤੇ ਚਰਚਾ ਕੀਤੀ। ਪਾਰਟੀ ਦਾ ਕੋਰ ਗਰੁੱਪ ਹੀ ਭਾਜਪਾ ਲਈ ਚੋਣਾਂ ਦੀ ਰਣਨੀਤੀ ਬਣਾ ਰਿਹਾ ਹੈ। ਇਸ ਮੌਕੇ ਰਾਜਸਥਾਨ ਲਈ ਭਾਜਪਾ ਦੇ ਚੋਣ ਇੰਚਾਰਜ ਪ੍ਰਹਿਲਾਦ ਜੋਸ਼ੀ, ਸਹਿ-ਇੰਚਾਰਜ ਕੁਲਦੀਪ ਬਿਸ਼ਨੋਈ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਰਾਜਸਥਾਨ ਭਾਜਪਾ ਦੇ ਮੁਖੀ ਸੀਪੀ ਜੋਸ਼ੀ ਹਾਜ਼ਰ ਸਨ। ਛੱਤੀਸਗੜ੍ਹ ਚੋਣਾਂ ਲਈ ਹੋਈ ਕੋਰ ਗਰੁੱਪ ਦੀ ਮੀਟਿੰਗ ਵਿਚ ਕੇਂਦਰੀ ਮੰਤਰੀ ਤੇ ਸੂਬੇ ਲਈ ਪਾਰਟੀ ਇੰਚਾਰਜ ਮਨਸੁਖ ਮਾਂਡਵੀਆ, ਪਾਰਟੀ ਦੇ ਸੂਬਾਈ ਮੁਖੀ ਅਰੁਣ ਸਾਓ ਹਾਜ਼ਰ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੋਵਾਂ ਮੀਟਿੰਗਾਂ ਵਿਚ ਹਿੱਸਾ ਲਿਆ।