ਭਾਜਪਾ ਜੋ ਕਰ ਰਹੀ ਉਸ ਵਿੱਚ ਹਿੰਦੂ ਹੋਣ ਜਿਹਾ ਕੁਝ ਵੀ ਨਹੀਂ: ਰਾਹੁਲ

ਭਾਜਪਾ ਜੋ ਕਰ ਰਹੀ ਉਸ ਵਿੱਚ ਹਿੰਦੂ ਹੋਣ ਜਿਹਾ ਕੁਝ ਵੀ ਨਹੀਂ: ਰਾਹੁਲ

ਲੰਡਨ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੈਰਿਸ ਵਿੱਚ ਵਿਦਿਆਰਥੀਆਂ ਤੇ ਅਕਾਦਮੀਸ਼ੀਅਨਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਭਾਰਤ ਦੀ ਹਾਕਮ ਧਿਰ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਅਤੇ ਉਹ (ਭਾਜਪਾ) ਜੋ ਕਰ ਰਹੀ ਹੈ, ਉਸ ਵਿੱਚ ਹਿੰਦੂ ਹੋਣ ਜਿਹਾ ਕੁਝ ਨਹੀਂ ਹੈ।

ਪੈਰਿਸ ਵਿੱਚ ਸਾਇੰਸ ਪੋ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ, ਭਾਰਤ ਦੇ ਜਮਹੂਰੀ ਢਾਂਚੇ ਦੀ ਰਾਖੀ ਲਈ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਗੱਠਜੋੜ, ਬਦਲ ਰਹੇ ਆਲਮੀ ਪ੍ਰਬੰਧ ਸਮੇਤ ਹੋਰ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਵਿਰੋਧੀ ਧਿਰ ‘ਭਾਰਤ ਦੀ ਰੂਹ’ ਦੀ ਰਾਖੀ ਲਈ ਲੜਨ ਨੂੰ ਤਿਆਰ ਹੈ ਤੇ ਕਿਹਾ ਕਿ ਦੇਸ਼ ਜਲਦੀ ਹੀ ਮੌਜੂਦਾ ਸੰਕਟ ਤੋਂ ਉੱਭਰ ਜਾਵੇਗਾ। ਹਿੰਦੂ ਰਾਸ਼ਟਰਵਾਦ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ, ‘ਮੈਂ ਗੀਤਾ ਪੜ੍ਹੀ ਹੈ, ਮੈਂ ਕਈ ਉਪਨਿਸ਼ਦ ਪੜ੍ਹੇ ਹਨ। ਮੈਂ ਹਿੰਦੂ ਧਰਮ ਬਾਰੇ ਕਈ ਕਿਤਾਬਾਂ ਪੜ੍ਹੀਆਂ ਹਨ ਪਰ ਜੋ ਭਾਜਪਾ ਕਰ ਰਹੀ ਹੈ, ਉਸ ਵਿੱਚ ਹਿੰਦੂ ਜਿਹਾ ਕੁਝ ਵੀ ਨਹੀਂ ਹੈ।’ ਉਨ੍ਹਾਂ ਕਿਹਾ, ‘ਮੈਂ ਕਿਤੇ ਵੀ, ਕਿਸੇ ਹਿੰਦੂ ਕਿਤਾਬ ’ਚ, ਕਿਸੇ ਵਿਦਵਾਨ ਹਿੰਦੂ ਵਿਅਕਤੀ ਤੋਂ ਇਹ ਪੜ੍ਹਿਆ/ਸੁਣਿਆ ਨਹੀਂ ਕਿ ਤੁਹਾਨੂੰ ਆਪਣੇ ਤੋਂ ਕਮਜ਼ੋਰ ਲੋਕਾਂ ਨੂੰ ਡਰਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ। ਇਹ ਲਈ ਇਹ ਵਿਚਾਰ, ਇਹ ਸ਼ਬਦ, ਹਿੰਦੂ ਰਾਸ਼ਟਰਵਾਦੀ, ਇਹ ਗਲਤ ਸ਼ਬਦ ਹਨ। ਉਹ ਹਿੰਦੂ ਰਾਸ਼ਟਰਵਾਦੀ ਨਹੀਂ ਹਨ। ਉਨ੍ਹਾਂ ਦਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਅਤੇ ਉਹ ਇਸ ਲਈ ਕੁਝ ਵੀ ਕਰਨਗੇ। ਉਹ ਕੁਝ ਲੋਕਾਂ ਦੀ ਮਾਲਕੀ ਚਾਹੁੰਦੇ ਹਨ ਅਤੇ ਉਨ੍ਹਾਂ ਵਿੱਚ ਹਿੰਦੂ ਜਿਹਾ ਕੁਝ ਵੀ ਨਹੀਂ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਦੇ 60 ਫੀਸਦ ਲੋਕਾਂ ਨੇ ਵਿਰੋਧੀ ਪਾਰਟੀਆਂ ਨੂੰ ਵੋਟ ਦਿੱਤੀ ਹੈ ਜਦਕਿ ਸਿਰਫ਼ 40 ਫੀਸਦ ਲੋਕਾਂ ਨੇ ਹਾਕਮ ਧਿਰ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ, ‘ਇਸ ਲਈ ਇਹ ਕਹਿਣਾ ਹੈ ਕਿ ਬਹੁ ਗਿਣਤੀ ਲੋਕਾਂ ਨੇ ਭਾਜਪਾ ਨੂੰ ਵੋਟ ਪਾਈ ਹੈ, ਗਲਤ ਵਿਚਾਰ ਹੈ। ਬਹੁ ਗਿਣਤੀ ਲੋਕਾਂ ਨੇ ਅਸਲ ’ਚ ਸਾਨੂੰ ਵੋਟਾਂ ਪਾਈਆਂ ਹਨ।’ ਭਾਰਤ-ਇੰਡੀਆ ਵਿਵਾਦ ਬਾਰੇ ਰਾਹੁਲ ਨੇ ਕਿਹਾ ਕਿ ਸੰਵਿਧਾਨ ਵਿੱਚ ਕਿਹਾ ਗਿਆ ਹੈ, ‘ਇੰਡੀਆ ਜੋ ਕਿ ਭਾਰਤ ਹੈ, ਰਾਜਾਂ ਦਾ ਇੱਕ ਸੰਘ ਹੈ।’ ਉਨ੍ਹਾਂ ਕਿਹਾ, ‘ਇਸ ਲਈ ਇਹ ਸਾਰੇ ਰਾਜ ਮਿਲ ਕੇ ਭਾਰਤ ਜਾਂ ਇੰਡੀਆ ਬਣਾਉਂਦੇ ਹਨ। ਸਭ ਤੋਂ ਅਹਿਮ ਗੱਲ ਹੈ ਕਿ ਇਨ੍ਹਾਂ ਸਾਰੇ ਰਾਜਾਂ ਦੇ ਲੋਕਾਂ ਦੀ ਗੱਲ ਸਪੱਸ਼ਟਤਾ ਨਾਲ ਸੁਣੀ ਜਾਣੀ ਚਾਹੀਦੀ ਹੈ ਅਤੇ ਕਿਸੇ ਦੀ ਆਵਾਜ਼ ਦਬਾਈ ਨਹੀਂ ਜਾਣੀ ਚਾਹੀਦੀ। –