ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਮੇਰਾ ਮੰਤਵ: ਨਿਤੀਸ਼

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 6 ਸਤੰਬਰ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇੱਥੇ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਵਿਚ ਖੱਬੇ ਪੱਖੀ ਧਿਰਾਂ ਦੇ ਨੇਤਾ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ। ਨਿਤੀਸ਼ ਨੇ ਕਿਹਾ ਕਿ ਉਹ ਨਾ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ ਤੇ ਨਾ ਹੀ ਇਸ ਦੇ ਇਛੁੱਕ ਹਨ। ਸੀਪੀਐਮ ਦੇ ਦਫ਼ਤਰ ਵਿਚ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਇਹ ਸਮਾਂ ਖੱਬੇ ਪੱਖੀ ਪਾਰਟੀਆਂ, ਕਾਂਗਰਸ ਤੇ ਹੋਰ ਸਾਰੇ ਖੇਤਰੀ ਦਲਾਂ ਨੂੰ ਇਕਜੁੱਟ ਕਰ ਕੇ ਮਜ਼ਬੂਤ ਵਿਰੋਧੀ ਧਿਰ ਦੇ ਗਠਨ ਕਰਨ ਦਾ ਹੈ। ਭਾਜਪਾ ਨਾਲ ਨਾਤਾ ਤੋੜਨ ਤੋਂ ਬਾਅਦ ਨਿਤੀਸ਼ ਪਹਿਲੀ ਵਾਰ ਸੋਮਵਾਰ ਨੂੰ ਦਿੱਲੀ ਪਹੁੰਚੇ ਸਨ। ਉਨ੍ਹਾਂ ਸੋਮਵਾਰ ਕਾਂਗਰਸ ਆਗੂ ਰਾਹੁਲ ਗਾਂਧੀ, ਜੇਡੀ (ਐੱਸ) ਦੇ ਮੁਖੀ ਐਚ.ਡੀ. ਕੁਮਾਰਸਵਾਮੀ ਤੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਨਿਤੀਸ਼ ਕੁਮਾਰ ਦੇ ਦਿੱਲੀ ਦੌਰੇ ਨੂੰ ਵਿਰੋਧੀ ਧਿਰਾਂ ਦਾ ਨੇਤਾ ਬਣਨ ਦੀ ਉਨ੍ਹਾਂ ਦੀ ਕਵਾਇਦ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕੁਮਾਰ ਨੇ ਕਿਹਾ, ‘ਸੀਪੀਐਮ ਨਾਲ ਮੇਰੇ ਰਿਸ਼ਤੇ ਬਹੁਤ ਪੁਰਾਣੇ ਤੇ ਲੰਮੇ ਸਮੇਂ ਤੋਂ ਹਨ। ਤੁਸੀਂ ਸਾਰਿਆਂ ਨੇ ਨਹੀਂ ਦੇਖਿਆ ਹੋਵੇਗਾ, ਪਰ ਮੈਂ ਜਦ ਵੀ ਦਿੱਲੀ ਆਇਆ ਹਾਂ, ਇਸ ਦਫ਼ਤਰ ਵਿਚ ਜ਼ਰੂਰ ਆਉਂਦਾ ਸੀ। ਸਾਡਾ ਪੂਰਾ ਧਿਆਨ ਸਾਰੇ ਖੱਬੇ ਪੱਖੀ ਦਲਾਂ, ਖੇਤਰੀ ਪਾਰਟੀਆਂ, ਕਾਂਗਰਸ ਨੂੰ ਇਕਜੁੱਟ ਕਰਨ ਉਤੇ ਹੈ। ਸਾਡੇ ਸਾਰਿਆਂ ਦੇ ਇਕੱਠੇ ਹੋਣ ਦੇ ਵੱਡੇ ਮਾਅਨੇ ਹਨ।’ ਡੀ. ਰਾਜਾ ਨੇ ਨਿਤੀਸ਼ ਨੂੰ ਮਿਲਣ ਤੋਂ ਬਾਅਦ ਟਵੀਟ ਵਿਚ ਕਿਹਾ, ‘ਆਰਐੱਸਐੱਸ ਤੇ ਭਾਜਪਾ ਦੇ ਕੁਸ਼ਾਸਨ ਖ਼ਿਲਾਫ਼ ਏਕਤਾ ਦਾ ਭਾਰਤੀ ਮਾਡਲ ਰੂਪ ਲੈ ਰਿਹਾ ਹੈ।’ ਕੇਜਰੀਵਾਲ ਤੇ ਨਿਤੀਸ਼ ਦੀ ਮੁਲਾਕਾਤ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ। ਕੇਜਰੀਵਾਲ ਨੇ ਟਵੀਟ ਕੀਤਾ, ‘ਦੇਸ਼ ਨਾਲ ਸਬੰਧਤ ਕਈ ਗੰਭੀਰ ਮੁੱਦਿਆਂ ਉਤੇ ਚਰਚਾ ਹੋਈ। ਅਸੀਂ ਭਾਜਪਾ ਵੱਲੋਂ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਤੇ ਚੁਣੀਆਂ ਹੋਈਆਂ ਸਰਕਾਰਾਂ ਡੇਗਣ ਦੇ ਮੁੱਦਿਆਂ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ।’ ਨਿਤੀਸ਼ ਕੁਮਾਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਜਪਾ ਖ਼ਿਲਾਫ਼ ਬਣਨ ਵਾਲੇ ਕਿਸੇ ਵੀ ਗੱਠਜੋੜ ਵਿਚ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦਾ ਹੋਣਾ ਜ਼ਰੂਰੀ ਹੈ।

ਨਿਤੀਸ਼ ਦਾ ਭਾਜਪਾ ਖ਼ਿਲਾਫ਼ ਨਿੱਤਰਨਾ ਅਹਿਮ ਸਿਆਸੀ ਬਦਲਾਅ: ਯੇਚੁਰੀ
ਨਵੀਂ ਦਿੱਲੀ:
ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਵਿਰੋਧੀ ਧਿਰ ਵਿਚ ਵਾਪਸੀ ਤੇ ਭਾਜਪਾ ਖ਼ਿਲਾਫ਼ ਲੜਾਈ ਦਾ ਹਿੱਸਾ ਬਣਨ ਦੀ ਉਨ੍ਹਾਂ ਦੀ ਇੱਛਾ ਭਾਰਤੀ ਰਾਜਨੀਤੀ ਲਈ ਮਹੱਤਵਪੂਰਨ ਬਦਲਾਅ ਹੈ। ਉਨ੍ਹਾਂ ਕਿਹਾ, ‘ਸਾਡੀ ਪਹਿਲੀ ਕੋਸ਼ਿਸ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਹੈ ਨਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਕਰਨ ਦੀ। ਜਦ ਸਮਾਂ ਆਵੇਗਾ, ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਚੁਣਾਂਗੇ ਤੇ ਦੱਸਾਂਗੇ।’ ਸੀਪੀਐਮ ਆਗੂ ਨੇ ਕਿਹਾ ਕਿ ਹਾਲੇ ਤੱਕ ਇਸ ਪਾਸੇ ਕੋਈ ਠੋਸ ਕਾਰਜ ਯੋਜਨਾ ਨਹੀਂ ਤਿਆਰ ਕੀਤੀ ਗਈ ਹੈ ਪਰ ਗੱਲਬਾਤ ਜਾਰੀ ਹੈ।