ਭਾਜਪਾ ਖ਼ਿਲਾਫ਼ ਇਕਜੁੱਟ ਹੋਵੇ ਵਿਰੋਧੀ ਧਿਰ: ਨਿਤੀਸ਼

ਭਾਜਪਾ ਖ਼ਿਲਾਫ਼ ਇਕਜੁੱਟ ਹੋਵੇ ਵਿਰੋਧੀ ਧਿਰ: ਨਿਤੀਸ਼

ਪਟਨਾ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਦੇ ਬਾਵਜੂਦ ਜੇਡੀ(ਯੂ) ਦੇ ਖਿਲਾਫ਼ ਕੰਮ ਕੀਤਾ ਤੇ ਕੋਸ਼ਿਸ਼ ਕੀਤੀ ਕਿ ਉਸ ਦੇ ਉਮੀਦਵਾਰਾਂ ਦੀ ਹਾਰ ਹੋਵੇ। ਨਿਤੀਸ਼ ਨੇ ਦੁਹਰਾਇਆ ਕਿ ਭਾਜਪਾ ਦਾ ਵਿਰੋਧ ਕਰਨ ਵਾਲੇ ਦਲ ਜੇ ਇਕੱਠੇ ਹੋ ਜਾਣ ਤਾਂ ਉਹ 2024 ਦੀਆਂ ਲੋਕ ਸਭਾ ਚੋਣਾਂ ਵਿਚ ‘ਵੱਡੇ ਬਹੁਮਤ’ ਨਾਲ ਜਿੱਤ ਸਕਦੇ ਹਨ।

ਨਿਤੀਸ਼ ਨੇ ਕਿਹਾ ਕਿ ਭਾਜਪਾ ਨੇ ਵੰਡ ਪਾ ਕੇ ਤੇ ਬਗਾਵਤ ਨੂੰ ਸ਼ਹਿ ਦੇ ਕੇ ਜਨਤਾ ਜਲ (ਯੂ) ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਗਲੀਆਂ ਆਮ ਚੋਣਾਂ ਵਿਚ ਉਹ ਆਪਣੇ ਸਾਬਕਾ ਗੱਠਜੋੜ ਭਾਈਵਾਲ ਨੂੰ ਮੂੰਹ ਤੋੜ ਜਵਾਬ ਦੇਣਗੇ। ਨਿਤੀਸ਼ ਅੱਜ ਪਾਰਟੀ ਦੇ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਜੇਡੀ (ਯੂ) ਆਗੂ ਨੇ ਕਿਹਾ, ‘ਉਨ੍ਹਾਂ ਸਾਡੇ ਵਿਧਾਇਕਾਂ ਨੂੰ ਅਰੁਣਾਚਲ ਪ੍ਰਦੇਸ਼ ਵਿਚ ਰੋਕ ਲਿਆ। ਕੀ ਗੱਠਜੋੜ ਵਿਚ ਹੋਣ ਦੇ ਬਾਵਜੂਦ ਇਸ ਤੋਂ ਮਾੜਾ ਕੰਮ ਕੋਈ ਕਰ ਸਕਦਾ ਹੈ। ਇਸ ਨੇ ਮੈਨੂੰ ਗੱਠਜੋੜ ਤੋੜਨ ਲਈ ਮਜਬੂਰ ਕੀਤਾ।’

ਜੇਡੀ (ਯੂ) ਆਗੂ ਨੇ ਆਪਣੇ ਪੁਰਾਣੇ ਭਾਈਵਾਲ ਦਾ ਨਾਂ ਲਏ ਬਿਨਾਂ ਕਿਹਾ, ‘ਉਨ੍ਹਾਂ (ਭਾਜਪਾ ਨੂੰ) ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਕਦੇ ਵੀ ਸਾਡੀ ਪਾਰਟੀ ਨੂੰ 2005 ਜਾਂ 2010 ਦੀਆਂ ਚੋਣਾਂ ਵਿਚ ਵੀ ਐਨੀਆਂ ਘੱਟ ਸੀਟਾਂ ਨਹੀਂ ਮਿਲੀਆਂ। 2020 ਵਿਚ, ਸਾਨੂੰ ਨੁਕਸਾਨ ਹੋਇਆ, ਕਿਉਂਕਿ ਉਨ੍ਹਾਂ ਸਾਡੇ ਉਮੀਦਵਾਰਾਂ ਦੀ ਹਾਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ।’ ਉਨ੍ਹਾਂ ਕਿਹਾ ਕਿ ਉਹ ਫਿਰ ਤੋਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਸੀ ਪਰ ਭਾਜਪਾ ਦੀ ਅਪੀਲ ਉਤੇ ਅਹੁਦਾ ਸਵੀਕਾਰ ਕਰਨ ਲਈ ਸਹਿਮਤ ਹੋਏ ਸੀ। ਮੁੱਖ ਮੰਤਰੀ ਨੇ ਕਿਹਾ, ‘ਪਰ ਬਿਹਾਰ ਨੂੰ (ਕੇਂਦਰ ਦੀ ਭਾਜਪਾ ਸਰਕਾਰ ਵੱਲੋਂ) ਕੁਝ ਨਹੀਂ ਮਿਲ ਰਿਹਾ ਸੀ। ਵਿਸ਼ੇਸ਼ ਦਰਜੇ ਦੀ ਮੰਗ ਨਹੀਂ ਮੰਨੀ ਗਈ। ਉਹ (ਪ੍ਰਧਾਨ ਮੰਤਰੀ ਮੋਦੀ) ਉਸ ਰਾਜ ਨਾਲ ਸਬੰਧ ਰੱਖਦੇ ਹਨ ਜੋ ਬਰਤਾਨਵੀ ਸ਼ਾਸਨ ਵੇਲੇ ਤੋਂ ਹੀ ਖ਼ੁਸ਼ਹਾਲ ਰਿਹਾ ਹੈ। ਗਰੀਬ ਰਾਜਾਂ ਦਾ ਵਿਕਾਸ ਕੀਤੇ ਬਿਨਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਨਿਤੀਸ਼ ਨੇ ਕਿਹਾ ਕਿ ਭਾਜਪਾ ਵਿਰੋਧੀ ਸਾਰੀਆਂ ਧਿਰਾਂ ਨੂੰ ਇਕੱਠੇ ਕਰਨ ਲਈ ਉਹ ਯਤਨ ਕਰਦੇ ਰਹਿਣਗੇ। ਸ਼ਰਾਬ ਉਤੇ ਲਾਈ ਪਾਬੰਦੀ ਦਾ ਬਚਾਅ ਕਰਦਿਆਂ ਨਿਤੀਸ਼ ਨੇ ਕਿਹਾ ਕਿ ਇਹ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਮੁਤਾਬਕ ਕੀਤਾ ਗਿਆ ਸੀ। ਇਸ ਮੌਕੇ ਪਾਰਟੀ ਦੇ ਕਈ ਹੋਰ ਚੋਟੀ ਦੇ ਆਗੂ ਹਾਜ਼ਰ ਸਨ।