ਭਾਈ ਰੂਪ ਚੰਦ ਦੀ ਬਰਸੀ ਫਰਿਜਨੋ ਵਿਖੇ ਮਨਾਈ ਗਈ

ਭਾਈ ਰੂਪ ਚੰਦ ਦੀ ਬਰਸੀ ਫਰਿਜਨੋ ਵਿਖੇ ਮਨਾਈ ਗਈ

ਫਰਿਜਨੋ/ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਸਥਾਨਿਕ ਗੁਰਦਵਾਰਾ ਨਾਨਕਸਰ ਕਰਨੀਲੀਆ ਰੋਡ ਫਰਿਜਨੋ ਵਿਖੇ ਭਾਈ ਰੂਪ ਚੰਦ ਜੀ ਦੀ ਬਰਸੀ, ਪਿੰਡ ਸਮਾਧ ਭਾਈ ਦੀ ਸੰਗਤ ਵੱਲੋ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਮੂਹ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥੇ ਨੇ ਧਾਰਨਾ ਪੜ੍ਹਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤ ਵੱਲੋ ਚੱਲ ਰਹੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ, ਉਪਰੰਤ ਡਾ. ਮਲਕੀਤ ਸਿੰਘ ਕਿੰਗਰਾ ਅਤੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਭਾਈ ਰੂਪ ਚੰਦ ਦੇ ਜੀਵਨ ਤੇ ਪੰਛੀ ਝਾਤ ਪਵਾਈ। ਉਹਨਾਂ ਕਿਹਾ ਕਿ ਭਾਈ ਰੂਪ ਚੰਦ ਜੀ ਨੇ ਛੇਵੇਂ ਪਾਤਸ਼ਾਹ ਤੋ ਲੈਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਹਿਬਾਨਾ ਦੀ ਸੇਵਾ ਕੀਤੀ ਤੇ ਭਾਈ ਦੀ ਉਪਾਧੀ ਵੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਤੋ ਮਿਲੀ। ਉਹਨਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਹਿਬ ਨੇ ਭਾਈ ਸਹਿਬ ਦੇ ਨਾਮ ਤੇ ਮਾਲਵੇ ਦਾ ਨਗਰ ਭਾਈ ਰੂਪਾ ਵਸਾਇਆ, ਜਿੱਥੇ ਅੱਜ ਵੀ ਉਹਨਾਂ ਦੇ ਵੰਸ਼ ਕੋਲ ਗੁਰੂ ਸਹਿਬ ਦੀ ਨਿਸ਼ਾਨੀ ਰੱਥ ਦੇ ਰੂਪ ਵਿੱਚ ਸਾਂਭੀ ਹੋਈ ਹੈ। ਉਹਨਾਂ ਕਿਹਾ ਕਿ ਸਮਾਧ ਭਾਈ ਵਿਖੇ ਉਹਨਾਂ ਦਾ ਸਸਕਾਰ ਕੀਤਾ ਗਿਆ, ਉਪਰੰਤ ਭਾਈ ਸਹਿਬ ਦੇ ਪਰਿਵਾਰ ਵੱਲੋ ਉਹਨਾਂ ਦੀ ਸਮਾਧ ਉੱਤੇ ਅੱਜ ਤੋਂ 301 ਸਾਲ ਪਹਿਲਾ ਪਿੰਡ ਸਮਾਧ ਭਾਈ ਵਸਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਨੇ ਪੰਜਾਬ ਵਾਲੇ ਸ. ਸੁਖਦੇਵ ਸਿੰਘ ਅਤੇ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਬਰਸੀ ਹਰ ਸਾਲ ਮਨਾਇਆ ਕਰਾਂਗਾ ਅਤੇ ਹਰ ਸੰਭਵ ਮੱਦਦ ਵੀ ਕਰਾਂਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।