ਭਾਈ ਕਾਉਂਕੇ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਪੰਥ ਭੇਂਟ ਕਰੇਗਾ ‘ਫ਼ਖ਼ਰ-ਏ-ਕੌਮ’ ਐਵਾਰਡ : ਦਾਦੂਵਾਲ

ਭਾਈ ਕਾਉਂਕੇ ਨੂੰ ਗੁਰਦੁਆਰਾ ਨਾਢਾ ਸਾਹਿਬ ਵਿਖੇ ਪੰਥ ਭੇਂਟ ਕਰੇਗਾ ‘ਫ਼ਖ਼ਰ-ਏ-ਕੌਮ’ ਐਵਾਰਡ : ਦਾਦੂਵਾਲ

ਸਿਰਸਾ : ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਵਿਚ ਇਕ ਸ਼ਹੀਦੀ ਸਮਾਗਮ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 25 ਜਨਵਰੀ ਦਿਨ ਵੀਵਾਰ ਨੂੰ ਚੰਡੀਗੜ੍ਹ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਚੜ੍ਹਦੀਕਲਾ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿਚ ਜਥੇਦਾਰ ਕਾਉਂਕੇ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਵਲੋਂ ‘ਫ਼ਖਰ-ਏ-ਕੌਮ ਪੰਥ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਅਤੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਦਾਦੂਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਸਮੇਂ ਦੀ ਜਾਲਮ ਮੁਗ਼ਲ ਹਕੂਮਤ ਵਲੋਂ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਇਸੇ ਤਰ੍ਹਾਂ ਪੰਜਾਬ ਦੀ ਬੇਅੰਤ ਸਿੰਘ ਮੁੱਖ ਮੰਤਰੀ ਦੀ ਸਰਕਾਰ ਦੇ ਜਾਲਮ ਪੁਲਿਸ ਅਫ਼ਸਰਾਂ ਨੇ ਜਥੇਦਾਰ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਤੇ ਸਰੀਰ ਦੇ ਟੁਕੜੇ ਟੁਕੜੇ ਕਰ ਕੇ ਦਰਿਆ ਵਿਚ ਰੋੜ ਦਿੱਤੇ ਸਨ। ਕਾਉਂਕੇ ਉਪਰ ਹੋਏ ਅੰਨ੍ਹੇ ਤਸ਼ੱਦਦ ਅਤੇ ਕਤਲ ਸਬੰਧੀ ਆਈ ਪੀ.ਐਸ. ਅਫ਼ਸਰ ਬੀ.ਪੀ. ਤਿਵਾੜੀ ਦੀ ਜਾਂਚ ਰਿਪੋਰਟ 31 ਸਾਲਾਂ ਬਾਅਦ ਮਨੁੱਖੀ ਅਧਿਕਾਰ ਸੰਗਠਨ ਵਲੋਂ ਜਨਤਕ ਕੀਤੀ ਗਈ ਹੈ ਜਿਸ ਵਿਚ ਗਵਾਹਾਂ ਦੇ ਬਿਆਨਾਂ ਤੋਂ ਪਤਾ ਚੱਲਦਾ ਹੈ ਕਿ ਤਤਕਾਲੀ ਐਸ ਐਸ ਪੀ ਸਵਰਨ ਸਿੰਘ ਘੋਟਣਾ ਡੀਐਸਪੀ ਹਰਭਗਵਾਨ ਸਿੰਘ ਸੰਧੂ ਅਤੇ ਐਸਐਚਓ ਗੁਰਮੀਤ ਸਿੰਘ ਸਮੇਤ ਜਾਲਮ ਪੁਲਿਸ ਅਫ਼ਸਰਾਂ ਵਲੋਂ ਅੰਨਾ ਤਸ਼ੱਦਦ ਕੀਤਾ ਗਿਆ ਸੀ।
ਲੁਧਿਆਣੇ ਦੇ ਐਸਐਸਪੀ ਸੁਮੇਧ ਸੈਣੀ ਵਲੋਂ ਵੀ ਜਥੇਦਾਰ ਕਾਉਂਕੇ ਦੇ ਮੂੰਹ ਉਤੇ ਸਿਗਰਟਾਂ ਪੀ ਕੇ ਧੂੰਆਂ ਮਾਰਿਆ ਗਿਆ ਸੀ। ਜਥੇਦਾਰ ਕਾਉਂਕੇ ਸਾਹਿਬ ਆਪਣੇ ਸਰੀਰ ’ਤੇ ਅੰਨ੍ਹਾ ਤਸ਼ੱਦਦ ਝੱਲਦੇ ਹੋਏ ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ’ਤੇ ਪਹਿਰਾ ਦਿੰਦਿਆਂ ਅਡੋਲ ਰਹਿੰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਈ ਸਰਕਾਰਾਂ ਬਦਲੀਆਂ ਮੁੱਖ ਮੰਤਰੀ ਬਦਲੇ ਪਰ ਜਥੇਦਾਰ ਕਾਉਂਦੇ ਸਾਹਿਬ ਦੀ ਸ਼ਹਾਦਤ ਦਾ ਇਨਸਾਫ਼ ਕਿਸੇ ਨੇ ਵੀ ਨਹੀਂ ਦਿੱਤਾ ਸਗੋਂ ਜਾਂਚ ਰਿਪੋਰਟ ਨੂੰ ਸਿਰਹਾਣੇ ਥੱਲੇ ਦੱਬ ਕੇ ਬੈਠੇ ਰਹੇ ਅਤੇ ਪੰਥ ਨਾਲ ਧਰੋਹ ਕਮਾਇਆ। ਪ੍ਰੈਸ ਕਾਨਫਰੰਸ ਦੌਰਾਨ ਜਣੇਦਾਰ ਦਾਦੂਵਾਲ ਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਮੈਂਬਰ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਸਾਬਕਾ ਜਨਰਲ ਸਕੱਤਰ ਗੁਰਵਿੰਦਰ ਸਿੰਘਘ ਧਮੀਜਾ ਤੇ ਹੋਰ ਵੀ ਕਈ ਆਗੂ ਹਾਜ਼ਰ ਸਨ।