ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀਨੂੰ ਲੈ ਕੇ ਦੁਨੀਆ ਭਰ ’ਚ ਰੋਸ ਮੁਜ਼ਾਹਰਾ

ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ
ਨੂੰ ਲੈ ਕੇ ਦੁਨੀਆ ਭਰ ’ਚ ਰੋਸ ਮੁਜ਼ਾਹਰਾ

ਸਨ ਫਰਾਂਸਿਸਕੋ ’ਚ ਭਾਰਤੀ ਦੂਤਘਰ ਦੀ ਭੰਨਤੋੜ

ਸਨ ਫਰਾਂਸਿਸਕੋ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਣੇ ਹੋਏ ਭੇਦ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਦੇਸ਼ਾਂ ’ਚ ਵੀ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਖ਼ਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਐਤਵਾਰ ਨੂੰ ਸਨ ਫਰਾਂਸਿਸਕੋ ’ਚ ਭਾਰਤੀ ਕੌਂਸਲੇਟ ’ਤੇ ਹਮਲਾ ਕਰ ਕੇ ਨੁਕਸਾਨ ਪਹੁੰਚਾਇਆ, ਜਿਸ ’ਤੇ ਭਾਰਤੀ ਅਮਰੀਕੀਆਂ ਵਲੋਂ ਨਿੰਦਾ ਕਰਦਿਆਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਘਟਨਾ ਦੇ ਬਾਅਦ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਿਸਪੋਰਾ ਸਟੱਡੀਜ਼ ਨੇ ਕਿਹਾ ਕਿ ਅਸੀਂ ਲੰਡਨ ਦੇ ਨਾਲ-ਨਾਲ ਐਸ. ਐਫ. ਓ., ਜਿਥੇ ਕੁਝ ਲੋਕਾਂ ਵਲੋਂ ਭਾਰਤ ਦੇ ਕੂਟਨੀਤਕ ਮਿਸ਼ਨਾਂ ’ਤੇ ਹਮਲਾ ਕੀਤਾ ਗਿਆ, ’ਚ ਕਾਨੂੰਨ-ਵਿਵਸਥਾ ਦੀ ਪੂਰੀ ਤਰਾਂ ਅਸਫਲਤਾ ’ਤੇ ਹੈਰਾਨ ਹਾਂ। ਖਾਲਿਸਤਾਨ ਪੱਖੀ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀ ਪੁਲਿਸ ਵਲੋਂ ਖੜ੍ਹੇ ਕੀਤੇ ਅਸਥਾਈ ਬੈਰੀਅਰ ਤੋੜ ਦਿੱਤੇ ਤੇ ਕੌਂਸਲੇਟ ਦੇ ਅਹਾਤੇ ਦੇ ਅੰਦਰ ਦੋ ਖਾਲਿਸਤਾਨੀ ਝੰਡੇ ਲਾ ਦਿੱਤੇ। ਕੌਂਸਲੇਟ ਦੇ ਦੋ ਕਰਮਚਾਰੀਆਂ ਨੇ ਛੇਤੀ ਹੀ ਇਨ੍ਹਾਂ ਝੰਡਿਆਂ ਨੂੰ ਹਟਾ ਦਿੱਤਾ। ਛੇਤੀ ਮਗਰੋਂ ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਕੌਂਸਲੇਟ ਦੇ ਅਹਾਤੇ ’ਚ ਦਾਖ਼ਲ ਹੋ ਕੇ ਰਾਡਾਂ ਨਾਲ ਦਰਵਾਜ਼ੇ ਅਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ। ਸਨ ਫਰਾਂਸਿਸਕੋ ਪੁਲਿਸ ਨੇ ਘਟਨਾ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਭਾਈਚਾਰੇ ਦੇ ਆਗੂ ਅਜੇ ਭੁਟੋਰੀਆ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਭਾਰਤ ਨੇ ਅਮਰੀਕਾ ਕੋਲ ਪ੍ਰਗਟਾਇਆ ਇਤਰਾਜ਼ : ਭਾਰਤ ਸਰਕਾਰ ਨੇ ਨਵੀਂ ਦਿੱਲੀ ’ਚ ਸਥਿਤ ਅਮਰੀਕਾ ਦੇ ਦੂਤਘਰ ਦੇ ਕੂਟਨੀਤਕ ਨੂੰ ਤਲਬ ਕਰ ਕੇ ਸਨ ਫਰਾਂਸਿਸਕੋ ’ਚ ਕੌਂਸਲੇਟ ਜਨਰਲ ’ਤੇ ਕੀਤੇ ਹਮਲੇ ਦੀ ਘਟਨਾ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਮੁੜ ਵਾਪਰਨ ਤੋਂ ਰੋਕਣ ਲਈ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।