ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਅਤੇ ਭੈਣ ਨੂੰ ਯੂ.ਕੇ. ਵਲੋਂ ਵੀਜ਼ਾ ਦੇਣ ਤੋਂ ਇਨਕਾਰ

ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਅਤੇ ਭੈਣ ਨੂੰ ਯੂ.ਕੇ. ਵਲੋਂ ਵੀਜ਼ਾ ਦੇਣ ਤੋਂ ਇਨਕਾਰ

ਪੂਰੀ ਦੁਨੀਆ ਦੇ ਸਿੱਖਾਂ ’ਚ ਭਾਰੀ ਰੋਸ

ਚੰਡੀਗੜ੍ਹ : ਪਿਛਲੇ ਦਿਨੀਂ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਲਾਤਾਂ ਵਿਚ ਲੰਡਨ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਖੰਡਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਭਾਰਤ ਰਹਿੰਦੇ ਖੰਡਾ ਦੇ ਪਰਿਵਾਰ ਵਾਲਿਆਂ ਨੇ ਇੰਗਲੈਂਡ ਦੀ ਸਰਕਾਰ ਤੋਂ ਵੀਜ਼ਾ ਲੈਣ ਦੀ ਅਰਜ਼ੀ ਲਾਈ ਸੀ, ਜਿਸ ਨੂੰ ਇੰਗਲੈਂਡ ਸਰਕਾਰ ਨੇ ਰੱਦ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਿਕ, ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਭੈਣ ਨੂੰ ਇੰਗਲੈਂਡ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਈ ਖੰਡਾ ਦੀ ਮਾਂ ਅਤੇ ਭੈਣ ਨੇ ਖੰਡਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਦਾ ਵੀਜ਼ਾ ਅਪਲਾਈ ਕੀਤਾ ਸੀ, ਪਰ ਬਰਤਾਨੀਆ ਸਰਕਾਰ ਨੇ ਵੀਜ਼ਾ ਰੱਦ ਕਰ ਦਿੱਤਾ ਹੈ। ਉਥੇ ਹੀ ਦੂਜੇ ਪਾਸੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ, ਹਰੇਕ ਮਰਨ ਵਾਲੇ ਦਾ ਅੰਤਿਮ ਸੰਸਕਾਰ ਉਸਦੇ ਘਰਦਿਆਂ ਦੀ ਹਾਜ਼ਰੀ ਵਿਚ ਹੋਣ ਦੇਣਾ ਉਸ ਮਰੇ ਹੋਏ ਬੰਦੇ ਦਾ ਵੀ ਆਖਰੀ ਹੱਕ ਹੈ। ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਤੇ ਭੈਣ ਨੂੰ ਉਸਦੇ ਅੰਤਿਮ ਸੰਸਕਾਰ ਲਈ ਵੀਜ਼ਾ ਨਾ ਦੇਣਾ ਇਸ ਅਧਿਕਾਰ ਦੀ ਉਲੰਘਣਾ ਹੈ। ਕੋਈ ਦੁਸ਼ਮਣ ਵੀ ਹੋਵੇ ਤਾਂ ਉਸਦੇ ਰੀਤੀ ਰਿਵਾਜਾਂ ਅਤੇ ਟੱਬਰ ਦੀ ਹਾਜ਼ਰੀ ਵਿੱਚ ਉਸਦਾ ਸੰਸਕਾਰ ਹੋਣ ਦੇਣਾ ਹੀ ਇੱਕ ਸੱਭਿਅਕ ਰਾਜ ਦੀ ਨਿਸ਼ਾਨੀ ਹੁੰਦੀ। ਇਸ ਬਾਰੇ ਇੰਗਲੈਂਡ ਦੇ ਸਿੱਖਾਂ, ਗੁਰਦਵਾਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਨੂੰ ਇੰਗਲੈਂਡ ਸਰਕਾਰ ਨਾਲ ਜਰੂਰ ਗੱਲ ਕਰਨੀ ਚਾਹੀਦੀ ਹੈ।