ਭਾਈਚਾਰਕ ਸਾਂਝ ਦਾ ਪ੍ਰਤੀਕ ਨਿਉਂਦਾ ਪਾਉਣਾ

ਭਾਈਚਾਰਕ ਸਾਂਝ ਦਾ ਪ੍ਰਤੀਕ ਨਿਉਂਦਾ ਪਾਉਣਾ

ਸ਼ਾਰਦਾ ਦੇਵੀ

ਪੰਜਾਬੀ ਸੱਭਿਆਚਾਰ ਵਿੱਚ ਨਿਉਂਦਾ ਸ਼ਬਦ ਦੀ ਵਰਤੋਂ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਨਿਉਂਦਾ ਪਾਉਣਾ ਜਾਂ ਮੋੜਨਾ, ਦੂਜੀ ਨਿਉਂਦਾ ਦੇਣਾ ਜਾਂ ਨਿਉਂਦ ਕੇ ਆਉਣਾ। ਨਿਉਂਦਾ ਦੇਣਾ ਭਾਵ ਕਿਸੇ ਨੂੰ ਖਾਣੇ ਦਾ ਸੱਦਾ ਦੇਣਾ। ਨਿਉਂਦ ਕੇ ਆਉਣਾ ਭਾਵ ਕਿਸੇ ਇਸਤਰੀ ਦੁਆਰਾ ਆਪਣੇ ਧੀ ਜਾਂ ਪੁੱਤਰ ਦੇ ਵਿਆਹ ਦਾ ਸੱਦਾ/ਕਾਰਡ ਆਪਣੇ ਪੇਕਿਆਂ ਘਰ ਦੇ ਕੇ ਆਉਣਾ। ਨਿਉਂਦਾ ਪਾਉਣਾ ਜਾਂ ਮੋੜਨਾ-ਧੀ ਜਾਂ ਪੁੱਤਰ ਦੇ ਵਿਆਹ ਵਿੱਚ ਸ਼ਰੀਕੇ, ਭਾਈਚਾਰੇ ਅਤੇ ਰਿਸ਼ਤੇਦਾਰਾਂ ਵੱਲੋਂ ਪਾਇਆ ਜਾਣ ਵਾਲਾ ਆਰਥਿਕ ਯੋਗਦਾਨ। ਵਿਆਹ ਵਿੱਚ ਇਸ ਰਸਮ ਦਾ ਮਾਲਵੇ ਦੇ ਪਿੰਡਾਂ ਵਿੱਚ ਇੱਕ ਮਹੱਤਵਪੂਰਨ ਥਾਂ ਸੀ।

ਬਰਾਤ ਆਉਣ ਜਾਂ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਇਹ ਰਸਮ ਕੀਤੀ ਜਾਂਦੀ ਸੀ। ਵੱਡੇ ਤੜਕੇ ਉੱਠਦਿਆਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਿੰਡ ਦਾ ਚੌਕੀਦਾਰ ਇੱਕ ਦਿਨ ਪਹਿਲਾਂ ਹੀ ਸਾਰੇ ਪਿੰਡ ਵਿੱਚ ਹੋਕਾ ਦੇ ਆਉਂਦਾ, ‘ਕੱਲ੍ਹ ਨੂੰ ਫਲਾਣੇ ਦੇ ਘਰੇ ਨਿਉਂਦਾ ਪੈਣੈ ਸਰਦਾਰੋ।’ ਉਹ ਗਲ਼ ਪਿਆ ਢੋਲ ਵਜਾਉਂਦਾ ਤੇ ਫਿਰ ਕਿਸੇ ਸਾਂਝੀ ਜਗ੍ਹਾ ’ਤੇ ਖੜ੍ਹਾ ਹੋ ਲਲਕਾਰਾ ਮਾਰਦਾ। ਚੌਕੀਦਾਰ ਦਾ ਢੋਲ ਖੜਕਦਾ ਸੁਣ ਕੇ ਸਭ ਦੇ ਕੰਨ ਖੜ੍ਹੇ ਹੋ ਜਾਂਦੇ ਤੇ ਇਸ ਤਰ੍ਹਾਂ ਹੋਕਾ ਸੁਣ ਕੇ ਸਭ ਨੂੰ ਸਵੇਰੇ ਹੋਣ ਵਾਲੀ ਰਸਮ ਦਾ ਇਲਮ ਹੋ ਜਾਂਦਾ। ਫਿਰ ਸਪੀਕਰ ਆ ਗਏ ਤੇ ਗੁਰੂ ਘਰਾਂ ਤੋਂ ਇਸ ਤਰ੍ਹਾਂ ਦੀਆਂ ਮੁਨਾਦੀਆਂ ਹੋਣ ਲੱਗੀਆਂ।

ਘਰ ਦੇ ਖੁੱਲ੍ਹੇ ਵਿਹੜੇ ਵਿੱਚ ਵਿੱਤ-ਮੂਜਬ ਦਰੀਆਂ, ਪਟੀਆਂ ਜਾਂ ਗਲੀਚੇ ਵਿਛਾ ਦਿੱਤੇ ਜਾਂਦੇ। ਵਿਚਾਲੇ ਆਸਣ ਵਿਛਾ ਕੇ ਚੌਂਕੀ ਡਾਹ ਦਿੱਤੀ ਜਾਂਦੀ ਜਿਸ ’ਤੇ ਬੈਠ ਕੇ ਪਿੰਡ ਦਾ ਮਹਾਜਨ ਨਿਉਂਦਾ ਲਿਖਦਾ। ਹੌਲੀ ਹੌਲੀ ਪਿੰਡ ਦੇ ਮੋਹਤਬਰ, ਨਿਉਂਦਾ ਪਾਉਣ ਵਾਲੇ ਨਿਧਾਰੀਆਂ, ਰਿਸ਼ਤੇਦਾਰ ਪੁਰਸ਼ ਬੈਠ ਜਾਂਦੇ। ਰਸਮ ਨੂੰ ਦੇਖਣ ਅਤੇ ਰਾਂਗਲਾ ਬਣਾਉਣ ਲਈ ਪਿੰਡ ’ਚੋਂ ਆਈਆਂ ਔਰਤਾਂ ਤੇ ਮੇਲਣਾਂ ਲਈ ਮੰਜੇ ਡਾਹ ਦਿੱਤੇ ਜਾਂਦੇ। ਸੂਰਜ ਨਿਕਲਦਿਆਂ ਹੀ ਵਿਆਹ ਵਾਲੇ ਘਰ ਰੌਣਕਾਂ ਲੱਗ ਜਾਂਦੀਆਂ। ਸਜੀਆਂ ਫਬੀਆਂ ਮੇਲਣਾਂ ਤੇ ਪਿੰਡ ਦੀਆਂ ਕੁੜੀਆਂ ਬਹੂਆਂ ਮੰਜਿਆਂ ’ਤੇ ਬੈਠ ਜਾਂਦੀਆਂ। ਬੱਚਿਆਂ ਦੇ ਸ਼ੋਰ ਸ਼ਰਾਬੇ ਵਿੱਚੋਂ ਸੁਰੀਲੀ ਆਵਾਜ਼ ਪਿੰਡ ਦੀ ਫ਼ਿਜ਼ਾ ਵਿੱਚ ਸੁਗੰਧ ਬਿਖੇਰ ਦਿੰਦੀ:

ਸ਼ਤਰੰਜ ਵਿਛੇ ਸ਼ਤਰੰਜ ਵਿਛੇ ਵੇ

ਬਾਬਾ ਤੇਰੇ ਵਿਹੜੇ ਵੇ।

ਭਲੇ ਲੋਕ ਬੈਠੇ ਭਲੇ ਪੰਚ ਬੈਠੇ ਵੇ

ਬਾਬਾ ਤੇਰੇ ਵਿਹੜੇ ਵੇ।

ਸ਼ਤਰੰਜ ਵਿਛੇ ਸ਼ਤਰੰਜ ਵਿਛੇ ਵੇ

ਬਾਬਾ ਤੇਰੜੇ ਵਿਹੜੇ ਵੇ।

ਭਲੀਆਂ ਨੂੰਹਾਂ ਬੈਠੀਆਂ ਭਲੀਆਂ ਧੀਆਂ ਬੈਠੀਆਂ ਵੇ

ਬਾਬਾ ਤੇਰੜੇ ਵਿਹੜੇ ਵੇ।

ਸੁਰੀਲਾ ਗਾਉਣ ਵਾਲੀਆਂ ਦੋ ਦੋ ਔਰਤਾਂ ਦੇ ਗਰੁੱਪ ਬਣ ਜਾਂਦੇ। ਇੱਕ ਟੱਪਾ ਪਹਿਲੇ ਗਰੁੱਪ ਦੇ ਗਾਉਣ ਉਪਰੰਤ ਦੂਜਾ ਗਰੁੱਪ ਉਸੇ ਟੱਪੇ ਨੂੰ ਉਸੇ ਸੁਰ ਤਾਲ ਨਾਲ ਗਾਉਂਦਾ। ਇਉਂ ਟਿਕਮਾ ਸੰਗੀਤ ਸੁਣਦਿਆਂ ਇੱਕ ਇੱਕ ਕਰਕੇ ਪੁਰਸ਼ ਬੈਠਦੇ ਜਾਂਦੇ। ਪਿੰਡ ਦਾ ਮਹਾਜਨ ਵਹੀ ਖੋਲ੍ਹਦਾ। ਸਵਾਸਤਿਕ ਚਿੰਨ੍ਹ ਬਣਾ ਕੇ ਵਿਆਂਦੜ ਮੁੰਡੇ/ ਕੁੜੀ ਦਾ ਉਸ ਦੇ ਪਿਤਾ ਦਾਦੇ ਦਾ ਨਾਂ ਤੇ ਵਿਆਹ ਦੀ ਤਰੀਕ ਲਿਖ ਕੇ ਇੱਕ ਹਲਫ਼ਨਾਮਾ ਤਿਆਰ ਕਰਦਾ‌ ਤਾਂ ਕਿ ਸਨਦ ਰਹੇ ਕਿ ਕਿਸ ਬੱਚੇ ਦੇ ਵਿਆਹ ’ਤੇ ਕਿਸ ਨੇ ਕਿੰਨਾ ਨਿਉਂਦਾ ਪਾਇਆ। ਨਿਉਂਦਾ ਆਮ ਤੌਰ ’ਤੇ ਗਿਆਰਾਂ ਰੁਪਏ ਤੋਂ ਸ਼ੁਰੂ ਹੋ ਕੇ ਪੰਜ ਸੌ ਇੱਕ ਰੁਪਏ ਤੱਕ ਹੁੰਦਾ। ਨਿਉਂਦਾ ਮੋੜਨ ਵਾਲੇ ਪਹਿਲਾਂ ਹੀ ਮਹਾਜਨ ਤੋਂ ਪੁੱਛ ਆਉਂਦੇ, ‘ਦੇਖਿਓ ਭਲਾ ਸਾਡੇ ਹੁਣ ਤੱਕ ਕਿੰਨਾ ਨਿਉਂਦਾ ਆਇਆ ਹੋਇਐ?’ ਇਉਂ ਆਏ ਹੋਏ ਨਿਉਂਦੇ ਵਿੱਚ ਵਿੱਤ ਮੁਤਾਬਕ ਵਾਧਾ ਕਰਕੇ ਨਿਉਂਦਾ ਪਾਇਆ ਜਾਂਦਾ ਤਾਂ ਜੋ ਅੱਗੇ ਨੂੰ ਵੀ ਵਰਤ ਵਰਤਾਵਾ ਚੱਲਦਾ ਰਹੇ। ਪਹਿਲਾ ਨਿਉਂਦਾ ਵਿਆਂਦੜ ਦੇ ਨਾਨਕਿਆਂ ਵੱਲੋਂ ਪਾਇਆ ਜਾਂਦਾ ਜਿਸ ਨੂੰ ਪੁੰਨ ਦਾ ਨਿਉਂਦਾ ਕਿਹਾ ਜਾਂਦਾ ਕਿਉਂਕਿ ਨਾਨਕਿਆਂ ਦੀ ਬਿੜ੍ਹੀ ਨਹੀਂ ਸੀ ਹੁੰਦੀ। ਇਸਤਰੀਆਂ ਦੇ ਮੰਗਲਗਾਨ ਨਾਲੋਂ ਨਾਲ ਚੱਲਦੇ ਰਹਿੰਦੇ। ਕਿਧਰੋਂ ਆਵਾਜ਼ ਉੱਭਰਦੀ:

ਮੰਜਾ‌ ਬੁਣ ਲੈ ਪੱਟ ਦਾ ਵੀਰਾ, ਰੇਸ਼ਮ ਪਾ ਲੈ ਵੇ ਦੌਣ।

ਲਾਲੀ ਪੁੱਤ ਨੂੰ ਵਿਆਹੀ ਕੇ ਤੂੰ ਤਾਂ ਕਰੀਂ ਗੰਗਾ ਦਾ,

ਵੇ ਜੀਵਣ ਜੋਗਿਆ, ਵੇ ਨੌਣ।

ਤੇ ਕੋਈ ਹੋਰ ਜੋੜੀ ਸਮਾਂ ਨਾ ਖੁੰਝਾਉਂਦੇ ਹੋਏ ਸੁਰ ਚੁੱਕਦੀ:

ਪਿੱਪਲਾ ਵੇ…ਆਪ ਵੱਡਾ ਪਰਿਵਾਰ ਵੱਡਾ ਵੇ

ਟਾਹਣਿਆਂ ਤੋਂ ਬਾਝੋਂ ਤੈਨੂੰ ਸਰਦਾ ਵੀ ਨਾਹੀਂ

ਸਰਦਾ ਵੀ ਨਾਹੀਂ, ਪੱਤਿਆਂ ਨੇ ਰੁਣਝੁਣ ਲਾਈ ਵੇ।

ਬਾਬਲ ਵੇ…ਆਪ ਵੱਡਾ ਪਰਿਵਾਰ ਵੱਡਾ ਵੇ

ਭਾਈਆਂ ਤੋਂ ਬਾਝੋਂ ਤੈਨੂੰ ਸਰਦਾ ਵੀ ਨਾਹੀਂ

ਸਰਦਾ ਵੀ ਨਾਹੀਂ, ਭਤੀਜਿਆਂ ਨੇ ਰੁਣਝੁਣ ਲਾਈ ਵੇ।

ਬਾਬਲ ਵੇ…ਪੁੱਤਾਂ ਤੋਂ ਬਾਝੋਂ ਤੈਨੂੰ ਸਰਦਾ ਵੀ ਨਾਹੀਂ

ਸਰਦਾ ਵੀ ਨਾਹੀਂ, ਪੋਤਿਆਂ ਨੇ ਰੁਣਝੁਣ ਲਾਈ ਵੇ।

ਇਸ ਸਭ ਕਾਸੇ ਦੇ ਨਾਲ ਪਿੰਡ ਦਾ ਮਹਾਜਨ ਵਾਰੀ ਵਾਰੀ ਸਭ ਤੋਂ ਨਿਉਂਦਾ ਫੜਦਾ ਤੇ ਵਹੀ ’ਤੇ ਲਿਖਦਾ ਜਾਂਦਾ।

11+5 ਵਾਧਾ ਨੱਥਾ ਸਿੰਘ ਪੁੱਤਰ ਜਾਗਰ ਸਿੰਘ

11+5 ਵਾਧਾ ਨੌਕਰ ਚੰਦ ਪੁੱਤਰ ਹਰੀ ਰਾਮ

51+10 ਵਾਧਾ ਮੈਂਗਲ ਸਿੰਘ ਪੁੱਤਰ ਜਵਾਲਾ ਸਿੰਘ।

ਇਉਂ ਲਿਖਦਿਆਂ ਲਿਖਦਿਆਂ ਇੱਕ ਲੰਬੀ ਲਿਸਟ ਤਿਆਰ ਹੋ ਜਾਂਦੀ। ਨਿਉਂਦੇ ਦੇ ਪੈਸੇ ਇੱਕ ਪਰਾਤ ਵਿੱਚ ਇਕੱਠੇ ਕੀਤੇ ਜਾਂਦੇ। ਮਹਾਜਨ ਵਹੀ ’ਤੇ ਜੋੜ ਲਾਉਂਦਾ। ਉਪਰੰਤ ਪੈਸੇ ਗਿਣੇ ਜਾਂਦੇ। ਜਿੰਨਾ ਕਿਸੇ ਪਰਿਵਾਰ ਦਾ ਰੁਤਬਾ ਹੁੰਦਾ, ਉਸੇ ਅਨੁਸਾਰ ਨਿਉਂਦੇ ਦੇ ਪੈਸੇ ਹੁੰਦੇ। ਇਉਂ ਸੁੱਤੇ ਸਿਧ ਲੋਕ ਇੱਕ ਦੂਸਰੇ ਦੀ ਮਦਦ ਕਰਦੇ। ਭਾਈਚਾਰਾ ਬਣਿਆ ਰਹਿੰਦਾ। ਨਿਉਂਦਾ ਪੈਣ ਉਪਰੰਤ ਚਾਹ-ਪਾਣੀ ਅਤੇ ਭੋਜਨ ਦਾ ਪ੍ਰਬੰਧ ਹੁੰਦਾ। ਆਦਮੀਆਂ ਦੇ ਚਾਹ ਪਾਣੀ, ਭੋਜਨ ਤੋਂ ਬਾਅਦ ਇਸਤਰੀਆਂ ਅਤੇ ਬੱਚਿਆਂ ਨੂੰ ਭੋਜਨ ਕਰਾਇਆ ਜਾਂਦਾ। ਹਾਸਾ ਠੱਠਾ ਕਰਦੀਆਂ ਇੱਕ ਦੂਜੇ ਨੂੰ ਟਿੱਚਰ ਮਸ਼ਕਰੀ ਕਰਦੀਆਂ ਖੁੱਲ੍ਹੀਆਂ ਡੁੱਲ੍ਹੀਆਂ ਪੰਜਾਬਣਾਂ ਇੱਕ ਦੂਜੀ ਨੂੰ ਸਿੱਠਣੀਆਂ ਦਿੰਦੀਆਂ ਤੇ ਦੋਹੇ ਲਾਉਂਦੀਆਂ। ਨਾਨਕੀਆਂ ਅਤੇ ਦਾਦਕੀਆਂ ਦੇ ਫਸਵੇਂ ਮੁਕਾਬਲੇ ਹੁੰਦੇ।

ਪੰਜਾਬ (ਖ਼ਾਸਕਰ) ਮਾਲਵੇ ਵਿੱਚ ਹੁੰਦੀਆਂ ਅਜਿਹੀਆਂ ਅਨੇਕਾਂ ਰਸਮਾਂ ਦੇ ਬਾਲ ਮਨਾਂ ’ਤੇ ਬੜੇ ਸੁਖਦ ਪ੍ਰਭਾਵ ਪੈਂਦੇ। ਦੂਜਿਆਂ ਦੇ ਘਰਾਂ ਵਿੱਚ ਮਾਪਿਆਂ ਨੂੰ ਮਿਲਦਾ ਸਤਿਕਾਰ ਬੱਚਿਆਂ ’ਤੇ ਗਹਿਰਾ ਪ੍ਰਭਾਵ ਪਾਉਂਦਾ। ਗਾਏ ਗਏ ਗੀਤ ਉਨ੍ਹਾਂ ਦੇ ਚੇਤਿਆਂ ਵਿੱਚ ਗੂੰਜਦੇ। ਭਲੇ ਲੋਕ ਬੈਠੇ ਭਲੇ ਪੰਚ ਬੈਠੇ ਵੇ ਜਾਂ ਭਲੀਆਂ ਨੂੰਹਾਂ ਬੈਠੀਆਂ ਭਲੀਆਂ ਧੀਆਂ ਬੈਠੀਆਂ ਵੇ ਸੁਣਦੇ ਕਿਸ਼ੋਰ ਆਪ ਵੀ ਭਲੇ ਬਣਨ ਵੱਲ ਰੁਚਿਤ ਹੁੰਦੇ।

ਅੱਜ ਜਦੋਂ ਬੈਂਕਾਂ ਵਿੱਚੋਂ ਪੈਸਾ ਕਢਵਾ ਬਹਿਰੇ ਬੁਲਾ ਪੈਲੇਸਾਂ ਵਿੱਚ ਅਮਣ ਮੱਤਾ ਖ਼ਰਚਾ ਕਰ ਕੇ ਡੀਜੇ ’ਤੇ ਘਟੀਆ ਕਿਸਮ ਦੇ ਗੀਤ ਸੁਣ ਕਿਸ਼ੋਰ ਘਰਾਂ ਨੂੰ ਮੁੜਦੇ ਹਨ ਤਾਂ ਉਨ੍ਹਾਂ ਤੋਂ ਨੈਤਿਕ ਕਦਰਾਂ ਕੀਮਤਾਂ ਅਤੇ ਮਿਲ ਜੁਲ ਕੇ ਕੰਮ ਕਰਨ ਦੀ ਆਸ ਰੱਖਣਾ ਖੋਤੇ ਦੇ ਸਿਰ ਤੋਂ ਸਿੰਗ ਲੱਭਣ ਦੇ ਸਮਾਨ ਹੈ।