ਭਵਿੱਖਮੁਖੀ ਸਿੱਖਿਆ ਪ੍ਰਣਾਲੀ ਹੋ ਰਹੀ ਹੈ ਤਿਆਰ: ਮੋਦੀ

ਭਵਿੱਖਮੁਖੀ ਸਿੱਖਿਆ ਪ੍ਰਣਾਲੀ ਹੋ ਰਹੀ ਹੈ ਤਿਆਰ: ਮੋਦੀ

ਪਿਛਲੀਆਂ ਸਰਕਾਰਾਂ ’ਤੇ ਦੇਸ਼ ਦੇ ਗੁਆਚੇ ਸਨਮਾਨ ਦੀ ਬਹਾਲੀ ਲਈ ਕੁੱਝ ਨਾ ਕਰਨ ਦੇ ਦੋਸ਼ ਲਾਏ
ਰਾਜਕੋਟ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਕੌਮੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਦੇਸ਼ ਵਿੱਚ ਪਹਿਲੀ ਵਾਰ ਦੂਰਦਰਸ਼ੀ ਅਤੇ ਭਵਿੱਖਮੁਖੀ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ‘ਗੁਲਾਮ ਮਾਨਸਿਕਤਾ’ ਕਾਰਨ ਦੇਸ਼ ਦੇ ਗੁਆਚੇ ਸਨਮਾਨ ਨੂੰ ਮੁੜ ਹਾਸਲ ਕਰਨ ਲਈ ਕੁੱਝ ਨਾ ਕਰਨ ਦਾ ਦੋਸ਼ ਵੀ ਲਾਇਆ। ਰਾਜਕੋਟ ਦੇ ਸ੍ਰੀ ਸਵਾਮੀਨਰਾਇਣ ਗੁਰੂਕੁਲ ਵਿੱਚ ਆਜ਼ਾਦੀ ਦੇ ‘ਅੰਮ੍ਰਿਤ ਮਹਾਉਤਸਵ’ ਸਮਾਰੋਹ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2014 ਵਿੱਚ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਦੇਸ਼ ਵਿੱਚ ਆਈਆਈਟੀ, ਆਈਆਈਐੱਮ ਅਤੇ ਮੈਡੀਕਲ ਕਾਲਜਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੇਸ਼ ਦੀ ਪ੍ਰਾਚੀਨ ‘ਗੁਰੂਕੁਲ’ ਪ੍ਰਣਾਲੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਗਿਆਨ ਦੇਸ਼ ਵਿੱਚ ਜੀਵਨ ਦਾ ਸਰਵਉੱਚ ਉਦੇਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤਾਂ ਅਤੇ ਅਧਿਆਤਮਕ ਨੇਤਾਵਾਂ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੀ ਗੁਆਚੀ ਸ਼ਾਨ ਨੂੰ ਸੁਰਜੀਤ ਕਰਨ ਵਿੱਚ ਮਦਦ ਕੀਤੀ ਹੈ। ਮੋਦੀ ਨੇ ਕਿਹਾ, ‘‘ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਭਾਰਤ ਦਾ ਸੁਨਿਹਰਾ ਭਵਿੱਖ ਯਕੀਨੀ ਬਣਾਉਣ ਲਈ ਸਾਡੀ ਮੌਜੂਦਾ ਸਿੱਖਿਆ ਨੀਤੀ ਅਤੇ ਸੰਸਥਾਵਾਂ ਦੀ ਵੱਡੀ ਭੂਮਿਕਾ ਹੈ। ਇਸ ਲਈ ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਭਾਵੇਂ ਦੇਸ਼ ਦੇ ਵਿੱਦਿਅਕ ਢਾਂਚੇ ਦੀ ਗੱਲ ਹੋਵੇ ਜਾਂ ਸਿੱਖਿਆ ਨੀਤੀ ਦੀ… ਅਸੀਂ ਹਰ ਪੱਧਰ ’ਤੇ ਤੇਜ਼ੀ ਨਾਲ ਕੰਮ ਕਰਨ ਲੱਗੇ ਹੋਏ ਹਾਂ।’’ ਉਨ੍ਹਾਂ ਕਿਹਾ ਕਿ ਦੇਸ਼ ਵਿੱੱਚ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਵਧ ਰਹੀ ਹੈ। ਸਾਲ 2014 ਮਗਰੋਂ ਮੈਡੀਕਲ ਕਾਲਜਾਂ ਦੀ ਗਿਣਤੀ ਵਿੱਚ 65 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਸਿੱਖਿਆ ਨੀਤੀ ਰਾਹੀਂ ਦੇਸ਼ ਪਹਿਲੀ ਵਾਰ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਤਿਆਰ ਕਰ ਰਿਹਾ ਹੈ, ਜੋ ਦੂਰਦਰਸ਼ੀ ਅਤੇ ਭਵਿੱਖਮੁਖੀ ਹੈ। ਨਰਿੰਦਰ ਮੋਦੀ ਨੇ ਕਿਹਾ, ‘‘ਜਦੋਂ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਦੇ ਪ੍ਰਾਚੀਨ ਗੌਰਵ ਅਤੇ ਸਿੱਖਿਆ ਦੇ ਖੇਤਰ ਵਿੱਚ ਮਹਾਨ ਦੇਣ ਨੂੰ ਸੁਰਜੀਤ ਕਰਨਾ ਸਾਡੀ ਜ਼ਿੰਮੇਵਾਰੀ ਹੈ ਪਰ ਗੁਲਾਮ ਮਾਨਸਿਕਤਾ ਦੇ ਦਬਾਅ ਕਾਰਨ ਸਰਕਾਰਾਂ ਉਸ ਦਿਸ਼ਾ ਵੱਲ ਨਹੀਂ ਚੱਲੀਆਂ।’’ ਉਨ੍ਹਾਂ ਕਿਹਾ ਕਿ ਦੇਸ਼ ਜਦੋਂ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਮਨਾਵੇਗਾ ਤਾਂ ਉਦੋਂ ਪੜ੍ਹੇ-ਲਿਖੇ ਨਾਗਰਿਕ ਅਤੇ ਨੌਜਵਾਨ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਕੰਮ ਕਰੇਗਾ।

ਦਿੱਲੀ ਵਿੱਚ ‘ਵੀਰ ਬਾਲ ਦਿਵਸ’ ਸਮਾਰੋਹ ’ਚ ਸ਼ਿਕਰਤ ਕਰਨਗੇ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ 26 ਦਸੰਬਰ ਨੂੰ ਕਰਵਾਏ ਜਾ ਰਹੇ ‘ਵੀਰ ਬਾਲ ਦਿਵਸ’ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 300 ਬਾਲ ਕੀਰਤਨੀਆਂ ਵੱਲੋਂ ਕੀਤੇ ਜਾ ਰਹੇ ‘ਸ਼ਬਦ ਕੀਰਤਨ’ ਵਿੱਚ ਸ਼ਾਮਲ ਹੋਣਗੇ ਅਤੇ ਕਰੀਬ ਤਿੰਨ ਹਜ਼ਾਰ ਬੱਚਿਆਂ ਵੱਲੋਂ ਕੱਢੇ ਜਾ ਰਹੇ ਮਾਰਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।