ਭਗਵੰਤ ਮਾਨ ਨੇ ਸਵ. ਕੁਲਦੀਪ ਸਿੰਘ ਬਾਜਵਾ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁ. ਦਾ ਚੈੱਕ ਸੌਂਪਿਆ

ਭਗਵੰਤ ਮਾਨ ਨੇ ਸਵ. ਕੁਲਦੀਪ ਸਿੰਘ ਬਾਜਵਾ ਦੇ ਜੱਦੀ ਪਿੰਡ ਜਾ ਕੇ ਪਰਿਵਾਰ ਨੂੰ ਦੋ ਕਰੋੜ ਰੁ. ਦਾ ਚੈੱਕ ਸੌਂਪਿਆ

ਗੁਰਦਾਸਪੁਰ : ਲੁਟੇਰਿਆਂ ਵੱਲੋਂ ਬੀਤੇ ਦਿਨੀਂ ਗੋਲੀਆਂ ਮਾਰ ਕੇ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਵਿਖੇ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸ਼ਹੀਦ ਕੁਲਦੀਪ ਸਿੰਘ ਦੇ ਨਾਂ ’ਤੇ ਉਨ੍ਹਾਂ ਦੇ ਪਿੰਡ ਵਿਚ ਬਹੁਤ ਵੱਡਾ ਸਟੇਡੀਅਮ ਖੋਲ੍ਹਿਆ ਜਾਵੇਗਾ। ਉਸ ਵਿਚ ਉਨ੍ਹਾਂ ਦੇ ਨਾਂ ’ਤੇ ਟਰੈਕ ਵੀ ਬਣਾਇਆ ਜਾਵੇਗਾ ਤਾਂਕਿ ਆਉਣ ਵਾਲੇ ਸਮੇਂ ਵਿਚ ਫੌਜ ਵਿਚ ਭਰਤੀ ਹੋਣ ਵਾਲੇ ਨੌਜਵਾਨ ਇਥੇ ਆ ਕੇ ਪ੍ਰੈਕਟਿਸ ਕਰ ਸਕਣਗੇ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਦੇਸ਼ ਭਗਤ ਪਰਿਵਾਰ ਹੈ। ਸਰਕਾਰ ਉਨ੍ਹਾਂ ਦੇ ਪਰਿਵਾਰ ਨਾਲ ਹਰ ਮੁਸ਼ਕਿਲ ਸਮੇਂ ਵਿਚ ਨਾਲ ਖੜ੍ਹੀ ਹੈ। ਕੁਲਦੀਪ ਸਿੰਘ ਪੰਜਾਬ ਪੁਲਸ ਦੇ ਬਹਾਦਰ ਅਤੇ ਦਿ੍ਰੜ ਇਰਾਦੇ ਵਾਲੇ ਸਨ। ਉਨ੍ਹਾਂ ਅੰਦਰ ਸੇਵਾ ਭਾਵਨਾ ਬਹੁਤ ਸੀ। ਪੰਜਾਬ ਸਰਕਾਰ ਵੱਲੋਂ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਨੂੰ ਜਵਾਨ ਨੂੰ ਇਕ ਕਰੋੜ ਦੀ ਰਾਸ਼ੀ ਦੇਣ ਦੇ ਨਾਲ-ਨਾਲ, ਪੰਜਾਬ ਪੁਲਸ ਦੀ ਇੰਸ਼ੋਰੈਂਸ ਪਾਲਿਸੀ ਦੇ ਤਹਿਤ ਇਕ ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਕਸਬੇ ਵੱਲ ਆਉਣ ਵਾਲੀ ਸੜਕ ਵੀ ਉਨ੍ਹਾਂ ਦੇ ਨਾਂ ’ਤੇ ਰੱਖੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਗਵਾੜਾ ਦੇ ਰਾਸ਼ਟਰੀ ਰਾਜ ਮਾਰਗ ’ਤੇ ਪਿਸਤੌਲ ਦੀ ਨੋਕ ’ਤੇ ਇਕ ਵਿਅਕਤੀ ਤੋਂ ਕ੍ਰੇਟਾ ਗੱਡੀ ਖੋਹ ਕੇ ਫਰਾਰ ਹੋਏ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲਈ ਜਦੋਂ ਜ਼ਿਲ੍ਹਾ ਪੁਲਸ ਦੀਆਂ ਟੀਮਾਂ ਨੇ ਘੇਰਾਬੰਦੀ ਕੀਤੀ ਤਾਂ ਕਾਰ ’ਚ ਸਵਾਰ ਮੁਲਜਮਾਂ ਨੇ ਫਾਇਰਿੰਗ ਕਰਕੇ ਇਕ ਪੁਲਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਦੌਰਾਨ ਕਪੂਰਥਲਾ ਪੁਲਸ ਦੇ ਨਾਲ ਹੋਏ ਮੁਕਾਬਲੇ ਦੌਰਾਨ 3 ਮੁਲਜਮਾਂ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕਰ ਲਿਆ ਸੀ। ਗਿ੍ਰਫਤਾਰ ਤਿੰਨੇ ਮੁਲਜਮ ਫਾਇਰਿੰਗ ’ਚ ਜਖਮੀ ਹੋ ਗਏ ਸਨ। ਉੱਥੇ ਹੀ ਚੌਥਾ ਮੁਲਜਮ ਮੌਕੇ ਤੋਂ ਫਰਾਰ ਹੋ ਗਿਆ।
ਇਹ ਹੋਈ ਸੀ ਮੁਲਜਮਾਂ ਦੀ ਪਛਾਣ : ਇਸ ਦੌਰਾਨ ਲਗਾਤਾਰ ਹੋਈ ਫਾਇਰਿੰਗ ’ਚ ਪੁਲਸ ਟੀਮਾਂ ਨੇ ਕਾਰ ’ਚ ਬੈਠੇ 3 ਮੁਲਜਮਾਂ ਰਣਜੀਤ ਸਿੰਘ ਉਰਫ ਜੀਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਬਾਹਮਣੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ, ਵਿਸ਼ਾਲ ਸੋਨੀ ਪੁੱਤਰ ਅਰਜੁਨ ਦੇਵ ਵਾਸੀ ਪਿੰਡ ਮੰਡੇਰਾ ਕਲਾਂ ਥਾਣਾ ਸਦਰ ਖੰਨਾ ਅਤੇ ਕੁਲਵਿੰਦਰ ਉਰਫ ਪਿੰਦਾ ਪੁੱਤਰ ਮਹਿੰਦਰ ਸਿੰਘ ਵਾਸੀ ਹਰੀਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਨੂੰ ਗਿ੍ਰਫਤਾਰ ਕਰ ਲਿਆ ਸੀ। ਪੁਲਸ ਦੀ ਇਸ ਕਾਰਵਾਈ ਦੌਰਾਨ ਚੌਥਾ ਮੁਲਜਮ ਯੁਵਰਾਜ ਉਰਫ ਯੋਰੀ ਪੁੱਤਰ ਮੋਹਨ ਲਾਲ ਵਾਸੀ ਹਲਵਾੜਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਫਰਾਰ ਹੋ ਗਿਆ ਸੀ। ਪੁਲਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਗਿ੍ਰਫਤਾਰ ਤਿੰਨੋਂ ਮੁਲਜਮ ਜਖਮੀ ਹੋ ਗਏ ਸਨ, ਜਿਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਸੀ। ਉਕਤ ਚਾਰਾਂ ਮੁਲਜਮਾਂ ਖਿਲਾਫ ਕਤਲ, ਲੁੱਟ, ਹੱਤਿਆ ਦੀ ਕੋਸ਼ਿਸ਼ ਤੇ ਆਰਮਜ ਐਕਟ ਦੇ ਕਈ ਮਾਮਲੇ ਦਰਜ ਹਨ।