ਭਗਵੰਤ ਮਾਨ ਨੂੰ ਵੀ ਜੱਫੀ ਪਾਉਣ ਲਈ ਤਿਆਰ ਹਾਂ: ਸਿੱਧੂ

ਭਗਵੰਤ ਮਾਨ ਨੂੰ ਵੀ ਜੱਫੀ ਪਾਉਣ ਲਈ ਤਿਆਰ ਹਾਂ: ਸਿੱਧੂ

ਸੰਗਰੂਰ – ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਦੀ ਚੁਣੌਤੀ ਦਿੱਤੀ ਹੈ। ਸ੍ਰੀ ਸਿੱੱਧੂ ਇੱਥੇ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਸਰਕਾਰ ਖ਼ਿਲਾਫ਼ ਕੀਤੀ ਗਈ ਸੂਬਾ ਪੱਧਰੀ ਰੋਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਵਿੰਦਰ ਸਿੰਘ ਰਿੰਕੂ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਜੱਸੀ ਲੌਂਗੋਵਾਲੀਆ ਦੀ ਅਗਵਾਈ ਹੇਠ ਹੋਈ ਰੈਲੀ ਦੌਰਾਨ ਸਿੱਧੂ ਨੇ ਮੁੱਖ ਮੰਤਰੀ ’ਤੇ ਤਨਜ਼ ਕਸਦਿਆਂ ਕਿਹਾ ਕਿ ਪੀਲੀ ਪੱਗ ਬੰਨ੍ਹ ਕੇ ਕੋਈ ਸ਼ਹੀਦ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਦੋ ਸੌ ਸਵਾਲ ਕਰ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੰਚਾਇਤਾਂ ਦੇ ਹੱਕ ’ਚ ਆਏ ਹਨ। ਉਨ੍ਹਾਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਨੂੰ ਠੇਕੇਦਾਰੀ ਸਿਸਟਮ ਕੋੋਲ ਗਹਿਣੇ ਰੱਖ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਜੇ ਉਹ ਸੱਚਾ ਪੰਚਾਇਤੀ ਰਾਜ ਸਥਾਪਤ ਕਰ ਕੇ ਪੰਚਾਂ-ਸਰਪੰਚਾਂ ਦਾ ਸਨਮਾਨ ਬਹਾਲ ਕਰਨ ਤਾਂ ਉਹ ਮੁੱਖ ਮੰਤਰੀ ਦੀ ਸ਼ਲਾਘਾ ਕਰਨਗੇ।

ਮਜੀਠੀਆ ਨਾਲ ਪਾਈ ਜੱਫ਼ੀ ਬਾਰੇ ਸਿੱਧੂ ਨੇ ਕਿਹਾ ਕਿ ਸਿਆਸਤ ਵਿਚ ਦੁਸ਼ਮਣੀ ਸਿਰਫ ਵਿਚਾਰਧਾਰਾ ਦੀ ਹੁੰਦੀ ਹੈ। ਜੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਮਿਲਣ ਤਾਂ ਉਹ ਉਨ੍ਹਾਂ ਨੂੰ ਵੀ ਜੱਫ਼ੀ ਪਾਉਣਗੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਜਿਊਂਦਿਆਂ ਦੀ ਗੱਲ ਕੀਤੀ ਸੀ ਪਰ ਮੁੱਖ ਮੰਤਰੀ ਉਨ੍ਹਾਂ ਦੇ ਮਾਤਾ-ਪਿਤਾ ’ਤੇ ਚਲੇ ਗਏ। ਪੰਜਾਬ ਕਾਂਗਰਸ ਬਾਰੇ ਸਿੱਧੂ ਨੇ ਕਿਹਾ ਕਿ ਜੇ ਕਾਂਗਰਸ ਪੰਜਾਬ ਦੇ ਭਵਿੱਖ ਨਾਲ ਜੁੜੇਗੀ ਤਾਂ ਹੀ ਮੁੜ ਸੱਤਾ ’ਚ ਆਵੇਗੀ।

ਇਸ ਮੌਕੇ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਰਾਵਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਅਤੇ ਪੰਚਾਇਤਾਂ ਦਾ ਸਨਮਾਨ ਬਹਾਲ ਕਰਾਉਣ ਲਈ ਜਲਦੀ ਹੀ ਮਾਝੇ ਅਤੇ ਦੋਆਬੇ ’ਚ ਵੀ ਸੂਬਾਈ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਅਕਾਲੀ ਆਗੂ ਰਾਜਿੰਦਰ ਦੀਪਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੋਬਿੰਦ ਸਿੰਘ ਮਾਨ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਜਗਦੇਵ ਸਿੰਘ ਕਮਾਲੂ, ਨਾਜਰ ਸਿੰਘ ਮਾਨਸ਼ਾਹੀਆ, ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਆੜ੍ਹਤੀਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾ ਵਿਜੈ ਕਾਲੜਾ ਤੇ ਹੋਰ ਹਾਜ਼ਰ ਸਨ।