ਭਗਵੰਤ ਮਾਨ ਦੇ ਹੱਲੇ ਤੋਂ ਪੰਜਾਬ ਦੇ ਕਿਸਾਨ ਹੋਏ ਖ਼ਫ਼ਾ

ਭਗਵੰਤ ਮਾਨ ਦੇ ਹੱਲੇ ਤੋਂ ਪੰਜਾਬ ਦੇ ਕਿਸਾਨ ਹੋਏ ਖ਼ਫ਼ਾ

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁੱਝ ਕਿਸਾਨ ਯੂਨੀਅਨਾਂ ’ਤੇ ਬੋਲੇ ਹਮਲੇ ਨੂੰ ਲੈ ਕੇ ਕਿਸਾਨ ਭੜਕ ਉੱਠੇ ਹਨ ਅਤੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀ ਸਿਆਸੀ ਧਿਰਾਂ ਵੱਲੋਂ ‘ਆਪ’ ਸਰਕਾਰ ਦੀ ਘੇਰਾਬੰਦੀ ਕੀਤੀ ਜਾਣ ਲੱਗੀ ਹੈ। ਕਿਸਾਨ ਧਿਰਾਂ ਨੇ ਵੀ ਮੁੱਖ ਮੰਤਰੀ ’ਤੇ ਮੋੜਵਾਂ ਹਮਲਾ ਕੀਤਾ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਮਗਰੋਂ ਕਿਹਾ ਸੀ ਕਿ ਸੂਬੇ ਵਿੱਚ ਕਿਸਾਨਾਂ ਦੇ ਧਰਨਿਆਂ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸੜਕਾਂ ’ਤੇ ਧਰਨੇ ਲਾਉਣ ਦੀ ਥਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਹਨ।

ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਕਿਸਾਨ ਧਿਰਾਂ ਦੇ ਵਿਰੋਧ ਕਰ ਕੇ ਹੀ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਸਨ ਅਤੇ ਉਦੋਂ ‘ਆਪ’ ਆਗੂ ਪ੍ਰਦਰਸ਼ਨਕਾਰੀਆਂ ਲਈ ਪਾਣੀ ਆਦਿ ਦੇ ਪ੍ਰਬੰਧਾਂ ਵਿੱਚ ਜੁੱਟੇ ਹੋਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਦੇਣ ਦਾ ਕੋਈ ਚਾਅ ਨਹੀਂ ਹੈ ਅਤੇ ਜੇਕਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰੇ ਤਾਂ ਕਿਸਾਨਾਂ ਨੂੰ ਧਰਨੇ ਦੇਣ ਦੀ ਲੋੜ ਹੀ ਨਹੀਂ ਪਵੇਗੀ। ਸਿਰਸਾ ਨੇ ਕਿਹਾ ਕਿ ਪਹਿਲਾਂ ‘ਆਪ’ ਵਾਲੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਧਰਨਿਆਂ ਨੂੰ ਲੈ ਕੇ ਕਿਸਾਨ ਧਿਰਾਂ ਦੀ ਤਾਰੀਫ਼ ਕਰਦੇ ਸਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਖ਼ਿਲਾਫ਼ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ।

ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸ਼ਬਦਾਵਲੀ ਵਰਤਨ ਬਦਲੇ ਮੁੱਖ ਮੰਤਰੀ ਨੂੰ ਕਿਸਾਨ ਜਥੇਬੰਦੀਆਂ ਕੋਲੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਧਿਰਾਂ ਤਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਆਖ ਰਹੀਆਂ ਹਨ, ਇਸ ਵਾਸਤੇ ਮੁੱਖ ਮੰਤਰੀ ਫ਼ੌਰੀ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਨੋਟੀਫ਼ਿਕੇਸ਼ਨ ਜਾਰੀ ਕਰਨ। ਉਨ੍ਹਾਂ ਸਲਾਹ ਦਿੱਤੀ, ‘‘ਮੁੱਖ ਮੰਤਰੀ ਸਿਆਣਪ ਤੋਂ ਕੰਮ ਲੈਣ ਅਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨਾਂ ਨਾਲ ਸੂਬੇ ਦਾ ਮਾਹੌਲ ਨਾ ਖ਼ਰਾਬ ਕਰਨ।’’ ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੀ ਮੁੱਖ ਮੰਤਰੀ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਕਿਸਾਨ ਹਨ ਅਤੇ ਉਹ ਗ਼ੈਰ-ਸੰਵੇਦਨਸ਼ੀਲ ਕਿਵੇਂ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਜਦੋਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ ਤਾਂ ਕਿਸਾਨ ਨਿਰਾਸ਼ਾ ਵਿੱਚ ਧਰਨੇ ਦਿੰਦੇ ਹਨ। ਕੀਤੇ ਵਾਅਦੇ ਦੇ ਉਲਟ ਸਿਰਫ਼ 10 ਫ਼ੀਸਦੀ ਮੂੰਗੀ ਹੀ ਖ਼ਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੁਝ ਕਿਸਾਨ ਧਿਰਾਂ ਦਾ ਧਰਨਾ ਲਾਉਣਾ ਗ਼ਲਤ ਨਹੀਂ ਬਲਕਿ ਉਨ੍ਹਾਂ ਦਾ ਤਰੀਕਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਹੈ।

ਬਿਆਨਬਾਜ਼ੀ ਕਿਸਾਨਾਂ ਤੇ ਲੋਕਾਂ ਨੂੰ ਭੜਕਾਉਣ ਦੀ ਸਾਜਿਸ਼: ਬਲਦੇਵ ਸਿਰਸਾ

ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ ਲੋਕਾਂ ਨੂੰ ਕਿਸਾਨ ਯੂਨੀਅਨਾਂ ਦੇ ਖ਼ਿਲਾਫ਼ ਭੜਕਾਉਣ ਦੀ ਸਾਜ਼ਿਸ਼ ਹੈ ਅਤੇ ਇੱਕ ਜ਼ਿੰਮੇਵਾਰੀ ਵਾਲੀ ਕੁਰਸੀ ’ਤੇ ਬੈਠ ਕੇ ਅਜਿਹੇ ਬਿਆਨ ਦੇਣੇ ਕਿਸੇ ਪੱਖੋਂ ਜਾਇਜ਼ ਨਹੀਂ ਹਨ। ਸਿਰਸਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸ਼ਨਿਚਰਵਾਰ ਦੁਪਹਿਰ ਮਗਰੋਂ ਕਿਸਾਨ ਯੂਨੀਅਨ ਦਾ ਇੱਕ ਪ੍ਰਤੀਨਿਧ ਮਰਨ ਵਰਤ ’ਤੇ ਬੈਠੇਗਾ।