ਭਗਵੰਤ ਮਾਨ ਦੇ ਪਰਿਵਾਰ ਨੇ ਗੁਰਦੁਆਰਾ ਕੰਧ ਸਾਹਿਬ ਮੱਥਾ ਟੇਕਿਆ

ਬਟਾਲਾ- ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਸਮਾਗਮ ਬਟਾਲਾ ’ਚ ਜਾਹੋ-ਜਲਾਲ ਨਾਲ ਮਨਾਏ ਗਏ। ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ, ਪਤਨੀ ਡਾ. ਗੁਰਪ੍ਰੀਤ ਕੌਰ, ਭੈਣ ਮਨਪ੍ਰੀਤ ਕੌਰ, ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਜ਼ਿਲ੍ਹਾ ‘ਆਪ’ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਮੱਥਾ ਟੇਕਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਵਿਖੇ ਵਿਆਹ ਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਮੂਹ ਸੰਗਤ ਨੂੰ ਵਿਆਹ ਪੁਰਬ ਦੀ ਵਧਾਈ ਦਿੱਤੀ। ਇਸ ਉਪਰੰਤ ਉਹ ਵਿਧਾਇਕ ਸ਼ੈਰੀ ਕਲਸੀ ਦੇ ਘਰ ਵੀ ਗਏ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਲਾਲ ਚੰਦ ਕਟਾਰੂਚੱਕ ਨੇ ਵੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਵਿਆਹ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ।